‘ਮੀਡੀਆ ਆਲੋਚਕ ਦੀ ਆਤਮਕਥਾ’
ਮੀਡੀਆ ਆਲੋਚਨਾ ਦੇ ਖੇਤਰ ਵਿਚ ਪ੍ਰੋ. ਕੁਲਬੀਰ ਸਿੰਘ ਇਕ ਜਾਣਿਆ-ਪਛਾਣਿਆ ਨਾਮ ਹੈ। ਪੰਜਾਬੀ ਦੇ ਇੱਕ ਪ੍ਰਸਿੱਧ ਅਖਬਾਰ ਵਿਚ ਉਨ੍ਹਾਂ ਦਾ ਕਾਲਮ ‘ਟੈਲੀਵਿਜ਼ਨ ਸਮੀਖਿਆ’ ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਲਗਾਤਾਰ ਛਪ ਰਿਹਾ ਹੈ। ‘ਮੀਡੀਆ ਆਲੋਚਕ ਦੀ ਆਤਮਕਥਾ’ ਪ੍ਰੋ. ਕੁਲਬੀਰ ਸਿੰਘ ਦੀ ਸਵੈ-ਜੀਵਨੀ ਹੈ। ਪੰਜਾਬੀ ਵਿਚ ਪਿਛਲੇ ਕੁੱਝ ਦਹਾਕਿਆਂ ਤੋਂ ਵਾਰਤਕ ਸਾਹਿਤ ਦੀ ਭਰਪੂਰ ਰਚਨਾ ਹੋ ਰਹੀ ਹੈ, ਸਮਕਾਲੀ ਪੰਜਾਬੀ ਵਾਰਤਕ ਸਾਹਿਤ ਵਿਚ ਸਵੈ-ਜੀਵਨੀ ਰੂਪਾਕਾਰ ਦਾ ਵਿਸ਼ੇਸ਼ ਸਥਾਨ ਹੈ। ‘ਮੀਡੀਆ ਆਲੋਚਕ ਦੀ ਆਤਮਕਥਾ’ ਦੀ ਆਮਦ ਪੰਜਾਬੀ ਸਵੈ-ਜੀਵਨੀ ਸਾਹਿਤ ਨੂੰ ਗਿਣਤੀ ਪੱਖੋਂ ਹੀ ਨਹੀਂ ਸਗੋਂ ਗੁਣਾਂ ਵੱਖੋਂ ਵੀ ਅਮੀਰੀ ਬਖ਼ਸਦੀ ਹੈ। ਇਹ ਗੁਣ ਮੁੱਖ ਰੂਪ ਵਿਚ ਇਸ ਸਵੈ-ਜੀਵਨੀ ਦੇ ਪ੍ਰਕਾਸ਼ਨ ਪਿਛਲੀ ਸ਼ਿੱਦਤ ਅਤੇ ਪ੍ਰੋ. ਕੁਲਬੀਰ ਸਿੰਘ ਦੀ ਮੌਲਿਕ ਸ਼ੈਲੀ ਹਨ। ਸਵੈ-ਜੀਵਨੀ ਦਾ ਮੁੱਖ ਉਦੇਸ਼ ਸਵੈ-ਜੀਵਨੀਕਾਰ ਦੀ ਜ਼ਿੰਦਗੀ ਦੇ ਸੱਚ ਦਾ ਕਲਾਮਈ ਪ੍ਰਗਟਾਵਾ ਹੁੰਦਾ ਹੈ ਜੋ ਪਾਠਕ ਅੰਦਰ ਕੁੱਝ ਨਵਾਂ ਸਿਰਜਣ ਦੀ ਸਮਰੱਥਾ ਰੱਖਦਾ ਹੋਵੇ। ਹੱਥਲੀ ਸਵੈ-ਜੀਵਨੀ ਇਸ ਤੱਤ ਅਤੇ ਉਦੇਸ਼ ਨਾਲ ਪੂਰੀ ਤਰ੍ਹਾਂ ਲਬਰੇਜ਼ ਹੈ। ਪੁਸਤਕ ਦੇ ਸਰਵਰਕ ਤੋਂ ਲੈ ਕੇ ਇਸਦੇ ਲਗਭਗ ਹਰ ਪੰਨੇ ਉੱਪਰ ਛਪੀਆਂ ਤਸਵੀਰਾਂ ਅਤੇ ਇੱਥੋਂ ਤੱਕ ਕਿ ਲਿਖਾਈ ਦੇ ਰੰਗ ਵਿਚ ਵੀ ਕਲਾਤਮਕਤਾ ਨਜ਼ਰ ਆਉਂਦੀ ਹੈ। ਇਹ ਸਭ ਪ੍ਰਯੋਗ ਜਿੱਥੇ ਲੇਖਕ ਦੀ ਸ਼ੈਲੀ ਦੀ ਸਿਰਜਣਾ ਕਰਦੇ ਹਨ, ਉੱਥੇ ਹੀ ਸਮਕਾਲੀ ਪਾਠਕ ਦੀ ਲੋੜ ਬਾਰੇ ਉਸਦੇ ਸੁਚੇਤ ਹੋਣ ਦੀ ਗਵਾਹੀ ਵੀ ਭਰਦੇ ਹਨ। ਕੁੱਲ 65 ਛੋਟੇ-ਛੋਟੇ ਪਾਠਾਂ ਵਿਚ ਵੰਡ ਕੇ ਨਿੱਕੇ-ਨਿੱਕੇ ਵਾਕਾਂ ਨੂੰ ਪਰੋਅ ਕੇ ਲਿਖੀ ਗਈ ਇਹ ਸਵੈ-ਜੀਵਨੀ ਪਾਠਕ ਨੂੰ ਮੱਲੋ-ਮੱਲੀ ਆਪਣੇ ਵੱਲ ਖਿੱਚਦੀ ਹੈ। ਇਨ੍ਹਾਂ 65 ਪਾਠਾਂ ਵਿਚ ਮੀਡੀਆ, ਲੇਖਕ ਦਾ ਬਚਪਨ, ਵਿਦਿਆ, ਕਿੱਤੇ, ਕਾਲਮਨਵੀਸੀ, ਵਿਦੇਸ਼ ਯਾਤਰਾਵਾਂ, ਆਕਾਸ਼ਵਾਣੀ ਨਾਲ ਜੁੜੀਆਂ ਯਾਦਾਂ, ਲੇਖਕ ਦਾ ਜੀਵਨ ਅਨੁਭਵ, ਰਚਨਾ ਸੰਸਾਰ ਅਤੇ ਮਾਨ-ਸਨਮਾਨ ਬਾਰੇ ਵਿਸਤਰਿਤ ਪਰ ਬੜੇ ਕਲਾਤਮਕ ਢੰਗ ਨਾਲ ਸੰਗਠਿਤ ਮਿਲਦੀ ਹੈ।
ਇਸ ਸਵੈ-ਜੀਵਨੀ ਵਿਚ ਪ੍ਰੋ. ਕੁਲਬੀਰ ਸਿੰਘ ਦੇ ਜੀਵਨਗਤ ਵੇਰਵਿਆਂ ਦੇ ਨਾਲ-ਨਾਲ ਪਾਠਕ ਨੂੰ 20ਵੀਂ ਸਦੀ ਦੇ ਅੰਤਲੇ ਦਹਾਕਿਆਂ ਤੋਂ ਲੈ ਕੇ ਹੁਣ ਤੱਕ ਮੀਡੀਆ ਸੰਸਾਰ ਵਿਚ ਆਈਆਂ ਤਬਦੀਲੀਆਂ, ਪੰਜਾਬੀ ਮੀਡੀਆ ਦੀ ਪ੍ਰਕਿਰਤੀ, ਅਕਾਦਮਿਕ ਖੇਤਰ ਵਿਚ ਮੀਡੀਆ ਦੇ ਸਥਾਨ ਨਾਲ ਸੰਬੰਧਤ ਇਤਿਹਾਸਕ ਅਤੇ ਪ੍ਰਮਾਣਿਕ ਜਾਣਕਾਰੀ ਹਾਸਿਲ ਹੁੰਦੀ ਹੈ ਜੋ ਕਿ ਬਹੁਤ ਹੀ ਰੌਚਕ ਢੰਗ ਨਾਲ ਪੇਸ਼ ਕੀਤੀ ਗਈ ਹੈ। ਇਸ ਪੁਸਤਕ ਦਾ ਇੱਕ ਹੋਰ ਬਹੁਤ ਖ਼ੂਬਸੂਰਤ ਪੱਖ ਜੀਵਨ-ਜਾਚ ਦੀ ਸਿੱਖਿਆ ਦੇਣਾ ਹੈ, ਪੁਸਤਕ ਵਿਚ ਦਰਜ ਜੀਵਨ-ਜਾਚ ਦੇ ਨੁਕਤੇ ਲੇਖਕ ਦੀ ਆਪਣੀ ਨਿਰੰਤਰ ਸਰਗਰਮ, ਸਾਕਾਰਤਮਕ ਅਤੇ ਸਿਹਤਮੰਦ ਜੀਵਨ-ਸ਼ੈਲੀ ਦੇ ਨਿੱਜੀ ਅਨੁਭਵ ਵਿੱਚੋਂ ਨਿੱਕਲੇ ਹਨ, ਜਿਵੇਂ ‘ਜਦ ਨਿਰਾਸ-ਉਦਾਸ ਹੋਵੋ ਤਾਂ ਚੰਗੀ ਪੁਸਤਕ, ਚੰਗਾ ਆਰਟੀਕਲ, ਚੰਗੀ ਕਵਿਤਾ ਪੜ੍ਹੋ। ਹੌਸਲਾ ਮਿਲੇਗਾ।’ (ਪੰਨਾ 21)। ਪੁਸਤਕ ਪੜ੍ਹ ਕੇ ਜਾਪਦਾ ਹੈ ਕਿ ਇਹ ਸਿਰਫ ਸਵੈ-ਜੀਵਨੀ ਹੀ ਨਹੀਂ ਸਗੋਂ ਵਾਰਤਕ ਦੀ ਕੋਈ ਨਿਬੰਧਨੁਮਾ ਰਚਨਾ ਵੀ ਹੈ।
ਭਾਸ਼ਾ ਦੀ ਗੱਲ ਕਰੀਏ ਤਾਂ ਜਿਸ ਸਰਲਤਾ ਅਤੇ ਸਾਦਗੀ ਨੂੰ ਪ੍ਰੋ. ਕੁਲਬੀਰ ਸਿੰਘ ਨੇ ਅਪਣਾਇਆ ਹੈ ਉਹ ਸਮੇਂ ਦੇ ਹਾਣ ਦੀ ਹੈ, ਅਜੋਕੇ ਸਮੇਂ ਵਿਚ ਜਿਸ ਪ੍ਰਕਾਰ ਸਾਡੀ ਭਾਸ਼ਾ ਵਿਚ ਅੰਗਰੇਜ਼ੀ, ਹਿੰਦੀ, ਉਰਦੂ ਆਦਿ ਭਾਸ਼ਾਵਾਂ ਦੇ ਸ਼ਬਦਾਂ ਨੇ ਆਪਣਾ ਸਥਾਨ ਬਣਾ ਲਿਆ ਹੈ, ਉਸੇ ਪ੍ਰਕਾਰ ਇਸ ਸਵੈ-ਜੀਵਨੀ ਦੀ ਭਾਸ਼ਾ ਵੀ ਆਪਣੇ ਨਾਲ ਪੰਜਾਬੀ ਤੋਂ ਇਲਾਵਾ ਹੋਰਨਾਂ ਭਾਸ਼ਾਵਾਂ ਦੀ ਸ਼ਬਦਾਵਲੀ ਬੜੇ ਸਹਿਜ ਭਾਵ ਨਾਲ ਲੈ ਕੇ ਚੱਲਦੀ ਹੈ, ਜੋ ਪਾਠਕ ਨੂੰ ਰੜਕਦੀ ਨਹੀਂ ਸਗੋਂ ਸਹਿਜਤਾ ਮਹਿਸੂਸ ਕਰਾਉਂਦੀ ਹੈ। ਸਮਕਾਲੀ ਸਮਿਆਂ ਵਿਚ ਛਪ ਰਹੀ ਵਾਰਤਕ ਵਿਚ ਮਨੁੱਖ ਦੀ ਸ਼ਖਸੀਅਤ ਨੂੰ ਨਿਖਾਰਣ ਦੇ ਪ੍ਰਵਚਨ ਦੀ ਪ੍ਰਵਿਰਤੀ ਭਾਰੂ ਹੈ ਨਾਲ ਹੀ ਸੂਚਨਾ ਤਕਨਾਲੋਜੀ ਅਤੇ ਬਿਜਲਈ ਮੀਡੀਆ ਦੇ ਇਸ ਦੌਰ ਵਿਚ ਇਹ ਮੰਨਿਆ ਜਾਂਦਾ ਹੈ ਕਿ 21ਵੀਂ ਸਦੀ ਵਿਚ ਕਿਤਾਬਾਂ ਪੜ੍ਹਨ ਵਾਲਿਆਂ ਦੀ ਗਿਣਤੀ ਦਿਨੋਂ ਦਿਨ ਘਟੀ ਹੈ ਕਿਉਂਕਿ ਲੋਕ ਵਿਜ਼ੂਅਲ ਪਾਠ ਨਾਲ ਜ਼ਿਆਦਾ ਜੁੜ ਗਏ ਹਨ। ਉਹ ਸਭ ਕੁੱਝ ਕਿਸੇ ਫਿਲਮੀ ਦਸਤਾਵੇਜ਼ੀ-ਫਿਲਮੀ ਵੈਬ-ਸੀਰੀਜ਼, ਪੌਡਕਾਸਟ, ਆਡੀਓ-ਪੁਸਤਕ ਜਾਂ ਈ-ਪੁਸਤਕ ਰਾਹੀਂ ਹੀ ਗ੍ਰਹਿਣ ਕਰਨ ਦੇ ਆਦੀ ਹੁੰਦੇ ਜਾ ਰਹੇ ਹਨ ਫਲਸਰੂਪ ਮੰਡੀ ਸਮਕਾਲੀ ਸਮਾਜ ਨੂੰ ਉਪਰੋਕਤ ਸਾਧਨਾਂ ਰਾਹੀਂ ਚੰਗੇ ਦੀ ਥਾਂ ਬੁਰਾ ਜ਼ਿਆਦਾ ਪਰੋਸ ਰਹੀ ਹੈ। ਜਾਪਦਾ ਹੈ ਕਿ ਲੇਖਕ ਨੇ ਇਸ ਸਮੱਸਿਆ ਨੂੰ ਖਾਸ ਤੌਰ ‘ਤੇ ਧਿਆਨ ਵਿਚ ਰੱਖਦਿਆਂ ਪੁਸਤਕ ਨੂੰ ਵਿਸ਼ੇਸ਼ ਦਿੱਖ ਦੇਣ ਦਾ ਯਤਨ ਕੀਤਾ ਹੈ। ਇਸ ਦਿੱਖ ਅਤੇ ਪ੍ਰਕਾਸ਼ਨ ਵਿਚ ਸਵੈ ਨੂੰ ਲਿਸ਼ਕਾਉਣ ਦੇ ਪ੍ਰਵਚਨ ਅਤੇ ਤਸਵੀਰਾਂ ਰਾਹੀਂ ਲੇਖਕ ਨੇ ਇਸਨੂੰ ਪ੍ਰਿੰਟ ਹੋਣ ਦੇ ਬਾਵਜੂਦ ਵਿਜ਼ੂਅਲ ਦਿੱਖ ਦੇਣ ਦਾ ਉਚੇਚ ਕੀਤਾ ਹੈ ਜੋ ਕੇ ਸਮੇਂ ਦੀ ਰਮਜ਼ ਨੂੰ ਪਛਾਣਨ ਦਾ ਸਬੂਤ ਅਤੇ ਸਾਰਥਕ ਪ੍ਰਯੋਗ ਹੈ। ਸੂਚਨਾ ਤਕਨਾਲੋਜੀ ਦੇ ਪ੍ਰਭਾਵ ਕਰਕੇ ਹੀ ਲੋਕ ਪੁਸਤਕਾਂ ਨਾਲੋਂ ਨਹੀਂ ਟੁੱਟੇ ਸਗੋਂ ਮਹਿੰਗਾਈ ਦੇ ਦੌਰ ਵਿਚ ਚੰਗੀਆਂ ਪੁਸਤਕਾਂ ਦੀਆਂ ਉੱਚੀਆਂ ਕੀਮਤਾਂ ਨੇ ਵੀ ਪਾਠਕਾਂ ਦੀ ਗਿਣਤੀ ਘਟਾਈ ਹੈ। ਪਾਠਕ ਦੀ ਪਹੁੰਚ ਪੁਸਤਕ ਤੱਕ ਬਣਾਉਣ ਦੇ ਯਤਨ ਅਧੀਨ ਇਸ ਪੁਸਤਕ ਦੀ ਕੀਮਤ ਨੂੰ ਵੀ ਦੇਖਿਆ ਜਾ ਸਕਦਾ ਹੈ ਜੋ ਸਿਰਫ 200 ਰੁਪਏ ਹੈ, ਮੰਡੀ ਦੀ ਮਾਰੋ-ਮਾਰੀ ਵਿਚ ਪਾਠਕ ਨੂੰ ਪੁਸਤਕ ਨਾਲ ਜੋੜਣ ਦਾ ਇਹ ਵੀ ਇੱਕ ਮਹੱਵਪੂਰਨ ਨੁਕਤਾ ਹੈ। ਪ੍ਰੋ. ਕੁਲਬੀਰ ਸਿੰਘ ਦੁਆਰਾ ਸਾਂਝੀਆਂ ਕੀਤੀਆਂ ਯਾਦਾਂ ਅਤੇ ਵਿਦੇਸ਼ ਫੇਰੀਆਂ ਕਰਕੇ ਇਹ ਸਵੈ-ਜੀਵਨੀ ਕਿਤੇ-ਕਿਤੇ ਸ਼ੰਸਮਰਣ ਅਤੇ ਸਫ਼ਰਨਾਮਾ ਸਾਹਿਤ ਦਾ ਭੁਲੇਖਾ ਵੀ ਪਾਉਂਦੀ ਹੈ। ਵਿਦੇਸ਼ ਫੇਰੀਆਂ ਅਤੇ ਪੱਤਰਕਾਰਤਾ ਨਾਲ ਜੁੜੇ ਹੋਣ ਕਰਕੇ ਇਸ ਸਵੈ-ਜੀਵਨੀ ਅੰਦਰ ਲੇਖਕ ਦੀ ਵਿਸ਼ਵ-ਦ੍ਰਿਸ਼ਟੀ ਖੁੱਲ੍ਹ ਕੇ ਸਾਹਮਣੇ ਆਉਂਦੀ ਹੈ। ਲੇਖਕ ਦੁਆਰਾ ਸਮਕਾਲੀ ਮੀਡੀਆ ਉੱਪਰ ਪੁਸਤਕ ਵਿਚ ਕੀਤੀਆਂ ਆਲੋਚਨਾਤਮਕ ਟਿੱਪਣੀਆਂ ਅਜੋਕੇ ਮੀਡੀਆ ਦੀ ਮੰਡੀ ਮਾਨਸਿਕਤਾ ਦਾ ਪਾਜ ਉਦੇੜਦੀਆਂ ਹਨ। ਇਸ ਤਰ੍ਹਾਂ ਇਹ ਸਵੈ-ਜੀਵਨੀ ਪਾਠਕ ਨੂੰ ਲੇਖਕ ਦੇ ਜੀਵਨ ਦੇ ਸੱਚ ਨਾਲ ਹੀ ਰੂ-ਬ-ਰੂ ਨਹੀਂ ਕਰਵਾਉਂਦੀ ਸਗੋਂ ਸਾਡੇ ਸਮਿਆਂ ਦੇ ਸੱਚ ਨਾਲ ਜੋੜ ਕੇ ਚੇਤੰਨ ਵੀ ਕਰਦੀ ਹੈ। ਤੱਥਾਂ, ਤਸਵੀਰਾਂ ਅਤੇ ਬਹੁਮੁੱਲੇ ਵਿਚਾਰਾਂ ਦੇ ਸੁੰਦਰ ਸੁਮੇਲ ਨਾਲ ਸਿਰਜਤ ਇਹ ਰਚਨਾ ਪੜ੍ਹਨ ਵਾਲੇ ਦੇ ਮਨ ਨੂੰ ਤਾਂ ਯਕੀਨਨ ਸ਼ਿੰਗਾਰੇਗੀ ਹੀ ਸਗੋਂ ਜਿਸ ਵੀ ਲਾਇਬ੍ਰੇਰੀ ਦੀ ਸੈਲਫ਼ ਉੱਪਰ ਜਾਵੇਗੀ ਜਾਂ ਜਿਸ ਵੀ ਮੇਜ਼ ਉੱਪਰ ਟਿਕੇਗੀ ਜਾਂ ਜਿਨ੍ਹਾਂ ਵੀ ਹੱਥਾਂ ਵਿਚ ਖੁੱਲ੍ਹੇਗੀ ਉਨ੍ਹਾਂ ਦਾ ਵੀ ਸ਼ਿੰਗਾਰ ਲਾਜ਼ਮੀ ਵਧਾਏਗੀ। ਰੂਪ ਪੱਖੋਂ ਪੰਜਾਬੀ ਸਵੈ-ਜੀਵਨੀ ਸਾਹਿਤ ਵਿਚ ‘ਮੀਡੀਆ ਆਲੋਚਕ ਦੀ ਆਤਮਕਥਾ’ ਆਉਣ ਵਾਲੇ ਸਮੇਂ ਵਿਚ ਛਪਣ ਵਾਲੀ ਸਵੈ-ਜੀਵਨੀਆਂ ਅੱਗੇ ਇੱਕ ਨਵਾਂ ਮਾਡਲ ਲੈ ਕੇ ਆਈ ਹੈ ਅਤੇ ਵਸਤੂ ਪੱਖੋਂ ਇਹ ਸਮਕਾਲੀ ਪਾਠਕ ਦੀਆਂ ਰੁਚੀਆਂ ਨੂੰ ਧਿਆਨ ਵਿਚ ਰੱਖਦਿਆਂ ਲੇਖਕ ਦੇ ਜੀਵਨ ਦਾ ਸ਼ੀਸ਼ਾ ਪਾਠਕ ਨੂੰ ਦਿਖਾ ਕੇ ਪਾਠਕ ਦੀ ਜ਼ਿੰਦਗੀ ਵਿਚ ਨਵੀਂ ਊਰਜਾ ਭਰਨ ਦੀ ਸਮਰੱਥਾ ਰੱਖਦੀ ਹੈ।
ਡਾ. ਲਖਵੀਰ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਜਲੰਧਰ, ਫ਼ੋਨ: 9911003559
Check Also
ਚੇਅਰਮੈਨ ਡਾ . ਦਲਬੀਰ ਸਿੰਘ ਕਥੂਰੀਆ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਰੂਬਰੂ, ਸਨਮਾਨ ਸਮਾਰੋਹ ਤੇ ਕਵੀ ਦਰਬਾਰ ਬਹੁਤ ਸ਼ਾਨਦਾਰ ਹੋ ਨਿਬੜਿਆ
ਬਰੈਂਪਟਨ/ਰਮਿੰਦਰ ਵਾਲੀਆ : ਦੋ ਫਰਵਰੀ ਨੂੰ ਵਿਸ਼ਵ ਪੰਜਾਬੀ ਭਵਨ ਦੇ ਵਿਹੜੇ ਵਿੱਚ ਵਿਸ਼ਵ ਪੰਜਾਬੀ ਸਭਾ …