ਪਾਣੀ ’ਚ ਯੂਰੇਨੀਅਮ ਵੱਧ ਮਾਤਰਾ ’ਚ ਹੋਣ ਕਾਰਨ ਭਿਆਨਕ ਬਿਮਾਰੀਆਂ ਦਾ ਖਤਰਾ
ਨਵੀਂ ਦਿੱਲੀ/ਬਿਊਰੋ ਨਿਊਜ਼
ਪੰਜਾਬ ਦੇ ਬਠਿੰਡਾ ਜ਼ਿਲ੍ਹੇ ਸਣੇ ਭਾਰਤ ਦੇ 440 ਜ਼ਿਲ੍ਹਿਆਂ ਵਿੱਚ ਧਰਤੀ ਹੇਠਲੇ ਪਾਣੀ ਵਿੱਚ ‘ਨਾਈਟਰੇਟ’ ਉੱਚ ਪੱਧਰ ’ਤੇ ਮਿਲਿਆ ਹੈ। ਇਸ ਨਾਲ ਨਵ ਜਨਮੇ ਬੱਚਿਆਂ ਵਿੱਚ ‘ਬਲੂ ਬੇਬੀ ਸਿੰਡਰੋਮ’ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ ਅਤੇ ਇਹ ਪਾਣੀ ਪੀਣ ਲਈ ਵੀ ਸੁਰੱਖਿਅਤ ਨਹੀਂ ਹੈ। ਧਰਤੀ ਹੇਠਲੇ ਪਾਣੀ ਬਾਰੇ ਕੇਂਦਰੀ ਬੋਰਡ ਨੇ ਇਕ ਰਿਪੋਰਟ ਵਿੱਚ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਕੱਤਰ ਕੀਤੇ ਗਏ ਨਮੂਨਿਆਂ ’ਚੋਂ 20 ਫੀਸਦ ਵਿੱਚ ‘ਨਾਈਟਰੇਟ’ ਤੈਅ ਮਿਆਰ ਨਾਲੋਂ ਵੱਧ ਹੈ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੇ ਕੁਝ ਹਿੱਸਿਆਂ ਦੇ ਪਾਣੀ ਵਿੱਚ ਆਰਸੈਨਿਕ ਦਾ ਪੱਧਰ ਵੀ ਵੱਧ ਮਿਲਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੇ 30 ਫੀਸਦ ਅਤੇ ਰਾਜਸਥਾਨ ਦੇ 42 ਫੀਸਦ ਨਮੂਨਿਆਂ ’ਚ ਯੂਰੇਨੀਅਮ ਦੀ ਮਾਤਰਾ ਵੱਧ ਪਾਈ ਗਈ ਹੈ, ਜਿਸ ਨਾਲ ਭਿਆਨਕ ਬਿਮਾਰੀਆਂ ਦਾ ਖਤਰਾ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿੱਚ ਅਜਿਹੇ 15 ਜ਼ਿਲ੍ਹੇ ਮਿਲੇ ਹਨ, ਜਿੱਥੋਂ ਦੀ ਧਰਤੀ ਹੇਠਲੇ ਪਾਣੀ ’ਚ ਨਾਈਟਰੇਟ ਦਾ ਪੱਧਰ ਜ਼ਿਆਦਾ ਪਾਇਆ ਗਿਆ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਪੰਜਾਬ ਦਾ ਬਠਿੰਡਾ ਜ਼ਿਲ੍ਹਾ ਵੀ ਸ਼ਾਮਲ ਹੈ।