ਤਲਵਿੰਦਰ ਸਿੰਘ ਬੁੱਟਰ
ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਭ ਤੋਂ ਵੱਡਾ ਅਤੇ ਮੁੱਖ ਉਪਦੇਸ਼ ਰੱਬੀ ਏਕਤਾ ਅਤੇ ਮਨੁੱਖੀ ਬਰਾਬਰਤਾ ਵਾਲੇ ਸਮਾਜ ਦਾ ਸੰਕਲਪ ਸੀ। ਉਨ੍ਹਾਂ ਦਾ ਦੇਸ਼ ਸਮੁੱਚੀ ਰੱਬੀ ਰਚਨਾ ਸੀ ਅਤੇ ਉਨ੍ਹਾਂ ਦੀ ਕੌਮ ਸਾਰਾ ਸੰਸਾਰ ਸੀ। ਉਨ੍ਹਾਂ ਨੇ ਬ੍ਰਹਿਮੰਡ ਦੇ ਸਾਰੇ ਖੰਡਾਂ ਵਿਚ ਜਾ ਕੇ ਚਾਰ ਉਦਾਸੀਆਂ ਦੇ ਰੂਪ ‘ਚ 48 ਹਜ਼ਾਰ ਮੀਲ ਪੈਦਲ ਸਫ਼ਰ ਕਰਕੇ ‘ਗੁਰੂ ਨਾਨਕ ਨਿਰਮਲ ਪੰਥ ਦੀ ਨੀਂਹ ਧਰੀ। ਭਾਈ ਗੁਰਦਾਸ ਜੀ ਵੀ ਪਹਿਲੀ ਪਾਤਿਸ਼ਾਹੀ ਦੇ ਵਿਸ਼ਵ ਵਿਆਪੀ ਰੱਬੀ ਮਨੋਰਥ ਦੀ ਗਵਾਹੀ ਇਉਂ ਭਰਦੇ ਹਨ;
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ॥
ਚੜ੍ਹਿਆ ਸੋਧਣਿ ਧਰਤਿ ਲੁਕਾਈ॥ (ਵਾਰ 1, ਪਉੜੀ 24/8)
ਇਹੀ ਕਾਰਨ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਿਰਫ਼ ਸਿੱਖ ਧਰਮ ਦੇ ਹੀ ਬਾਨੀ ਨਹੀਂ ਹਨ, ਬਲਕਿ ਉਨ੍ਹਾਂ ਨੂੰ ਦੁਨੀਆ ਦੇ ਹਰ ਕੋਨੇ ਦੇ ਲੋਕ ਆਪੋ-ਆਪਣੇ ਅਕੀਦੇ ਮੁਤਾਬਕ ਮੰਨਦੇ ਹਨ। ਦੁਨੀਆ ਦੇ ਅਨੇਕਾਂ ਦੇਸ਼ਾਂ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੱਖ-ਵੱਖ ਨਾਵਾਂ ਨਾਲ ਪੂਜਿਆ ਜਾਂਦਾ ਹੈ। ਸ੍ਰੀਲੰਕਾ ‘ਚ ਨਾਨਕਚਾਰੀਆ, ਤਿੱਬਤ ‘ਚ ਨਾਨਕ ਲਾਮਾ, ਸਿੱਕਮ ਤੇ ਭੂਟਾਨ ‘ਚ ਗੁਰੂ ਰਿੰਪੋਚੀਆ, ਮੱਕਾ ‘ਚ ਵਲੀ ਰਿੰਦ, ਰੂਸ ‘ਚ ਨਾਨਕ ਕਦਾਮਦਰ, ਇਰਾਕ ‘ਚ ਬਾਬਾ ਨਾਨਕ, ਨੇਪਾਲ ‘ਚ ਨਾਨਕ ਰਿਸ਼ੀ, ਬਗ਼ਦਾਦ ‘ਚ ਨਾਨਕ ਪੀਰ, ਮਿਸ਼ਰ ‘ਚ ਨਾਨਕ ਵਲੀ ਅਤੇ ਚੀਨ ‘ਚ ਬਾਬਾ ਫੂਸਾ ਦੇ ਨਾਵਾਂ ਨਾਲ ਚੇਤੇ ਕੀਤਾ ਜਾਂਦਾ ਹੈ।
ਸਿੱਖ ਧਰਮ ਸਚਿਆਰ ਮਨੁੱਖ ਦੀ ਸਿਰਜਣਾ ਦਾ ਇਕ ਆਦਰਸ਼ਕ ਅਮਲ ਸੀ, ਜੋ ਕਿ 239 ਸਾਲਾਂ ਦੇ ਲੰਬੇ ਸਫ਼ਰ ਤੋਂ ਬਾਅਦ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਖ਼ਾਲਸਾ ਸਾਜਨਾ ਦੇ ਨਾਲ ਸੰਪੂਰਨ ਹੋਇਆ। ਸਿੱਖੀ ਦੇ ਕੇਂਦਰ ਅਤੇ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਦੀ ਪਹੁੰਚ ਤੋਂ ਦੂਰ ਰਹਿ ਗਏ ਕਰੋੜਾਂ ਲੋਕ ਉਹ ਵੀ ਹਨ, ਜਿਹੜੇ ਖ਼ਾਲਸਾ ਪੰਥ ਦਾ ਅੰਗ ਬਣ ਕੇ ਸਿੱਖੀ ਦੀ ਮੁਕੰਮਲਤਾ ਦਾ ਹਿੱਸਾ ਤਾਂ ਨਹੀਂ ਬਣ ਸਕੇ, ਪਰ ਉਹ ਆਪਣੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਹਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਅੱਜ ਵੀ ਆਪਣਾ ਅਕੀਦਾ ਧਾਰਦੇ ਹਨ। ਇਹ ਲੋਕ ‘ਗੁਰੂ ਨਾਨਕ ਨਾਮ ਲੇਵਾ’ ਸਦਾਉਂਦੇ ਹਨ। ਸਿੱਖਾਂ ਦੀ ਗਿਣਤੀ ਭਾਵੇਂ ਪੂਰੀ ਦੁਨੀਆ ‘ਚ ਦੋ ਕਰੋੜ ਦੇ ਲਗਪਗ ਮੰਨੀ ਜਾਂਦੀ ਹੈ ਪਰ ‘ਗੁਰੂ ਨਾਨਕ ਨਾਮ ਲੇਵਾ’ ਵਿਸ਼ਵ ‘ਚ ਸਵਾ 14 ਕਰੋੜ ਦੇ ਲਗਪਗ ਵੱਸਦੇ ਹਨ।
ਗੁਰੂ ਨਾਨਕ ਨਾਮ ਲੇਵਾ ਵਿਚੋਂ ਹੀ ਇਕ ਪ੍ਰਮੁੱਖ ਭਾਈਚਾਰਾ ਹੈ, ਸਿੰਧੀ ਸਮਾਜ। ਸਿੰਧੀ ਸਮਾਜ ਦੇ ਲੋਕ ਆਪਣੇ ਆਪ ਨੂੰ ‘ਸਿੰਧੀ ਸਿੱਖ’ ਅਖਵਾਉਂਦੇ ਹਨ। ਸਿੰਧੀ ਸਮਾਜ ਦਾ ਸਿੱਖ ਧਰਮ ਨਾਲ ਰਿਸ਼ਤਾ ਲਗਪਗ 5 ਸਦੀਆਂ ਤੋਂ ਜੁੜਿਆ ਹੋਇਆ ਹੈ। ਭਾਵੇਂਕਿ ਸਿੰਧ ਸੂਬੇ ਵਿਚ ਰਹਿਣ ਵਾਲੇ ਸਿੰਧੀ ਅਖਵਾਉਂਦੇ ਹਨ ਪਰ ਸਿੰਧੀ ਸਮਾਜ ਦੇ ਲੋਕ ਆਪਣਾ ਸਬੰਧ ਸਿੰਧੂ ਘਾਟੀ ਦੀ ਸਭਿਅਤਾ ਨਾਲ ਵੀ ਦੱਸਦੇ ਹਨ। ਇਤਿਹਾਸ ਮੁਤਾਬਿਕ 1508 ਈਸਵੀ ਦੇ ਆਸ-ਪਾਸ ਸ੍ਰੀ ਗੁਰੂ ਨਾਨਕ ਦੇਵ ਜੀ ਮੱਕਾ ਤੇ ਮਦੀਨਾ ਨੂੰ ਜਾਂਦੇ ਹੋਏ ਭੁਜ ਅਤੇ ਕੱਛ ਗਏ ਸਨ। ਇਸ ਦੌਰਾਨ ਉੱਥੇ ਬਹੁਤ ਸਾਰੇ ਸਿੰਧੀ ਹਿੰਦੂ, ਮੁਸਲਮਾਨ ਅਤੇ ਸੂਫ਼ੀਆਂ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ। ਸਿੰਧੀ ਸਮਾਜ ਉਸ ਵੇਲੇ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮੁਰੀਦ ਬਣ ਗਿਆ। ਕੁਝ ਸਮਾਂ ਬਾਅਦ ਗੁਰੂ ਨਾਨਕ ਸਾਹਿਬ ਦੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਵੀ ਇਸ ਇਲਾਕੇ ‘ਚ ਫੇਰੀ ਪਾਈ ਤਾਂ ਇਸ ਸਮਾਜ ਦੀ ਗੁਰੂ ਨਾਨਕ ਸਾਹਿਬ ਪ੍ਰਤੀ ਆਸਥਾ ਹੋਰ ਪਕੇਰੀ ਹੋ ਗਈ। ਬਾਬਾ ਸ੍ਰੀ ਚੰਦ ਜੀ ਨੇ ਇਸ ਇਲਾਕੇ ‘ਚ ਕਈ ਧਰਮਸ਼ਾਲਾਵਾਂ ਵੀ ਕਾਇਮ ਕੀਤੀਆਂ। ਬਾਅਦ ਵਿਚ ਉਦਾਸੀ ਸੰਪਰਦਾਇ ਦੇ ਅਨੇਕਾਂ ਸਾਧੂਆਂ ਨੇ ਸਿੰਧ ਪ੍ਰਾਂਤ ਵਿਚ ਆਪਣੇ ਅਨੇਕਾਂ ਡੇਰੇ ਕਾਇਮ ਕੀਤੇ। ਸੱਖਰ ਦੇ ਨੇੜੇ ਸਿੰਧ ਨਦੀ ਦੇ ਇਕ ਟਾਪੂ ਵਿਚ ਸਥਿਤ ਸਾਧੁਬੇਲਾ, ਮੀਹਾਂ ਸ਼ਾਹੀ ਸ਼ਾਖ਼ਾ ਦੇ ਇਕ ਉਦਾਸੀ ਸਾਧੂ ਬਾਬਾ ਬਨਖੰਡੀ ਨੇ ਸੰਨ 1823 ਈਸਵੀ ਵਿਚ ਸਥਾਪਿਤ ਕੀਤਾ ਸੀ ਜੋ ਹੁਣ ਇਕ ਮਹੱਤਵਪੂਰਨ ਤੀਰਥ ਵਜੋਂ ਪ੍ਰਸਿੱਧ ਹੋ ਚੁੱਕਾ ਹੈ। ਗੁਰੂ ਨਾਨਕ-ਵੰਸ਼ਜ ਬਾਬਾ ਗੁਰੂਪਤ ਨੇ ਸਿੰਧ ਸੂਬੇ ਵਿਚ ‘ਜਗਿਆਸੂ’ ਨਾਂਅ ਦੀ ਇਕ ਉਪ-ਸੰਪਰਦਾਇ ਵੀ ਪ੍ਰਚਲਿਤ ਕੀਤੀ। ਉਦਾਸੀ ਸਾਧੂ ਬਾਬਾ ਸਰੂਪ ਦਾਸ ਨੇ ਸ਼ਿਕਾਰਪੁਰ ਨਗਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਧਰਮ-ਸਾਧਨਾ ਦਾ ਕੇਂਦਰ ਸਥਾਪਿਤ ਕੀਤਾ।
ਉਦਾਸੀ ਸਾਧੂਆਂ ਤੋਂ ਇਲਾਵਾ ਨਿਰਮਲੇ ਸੰਤਾਂ-ਮਹਾਤਮਾਵਾਂ ਨੇ ਵੀ ਸਿੰਧ ਵਿਚ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਅਤੇ ਅਨੇਕਾਂ ਡੇਰੇ ਸਥਾਪਿਤ ਕੀਤੇ। ਉੱਥੇ ਪ੍ਰਚਾਰ ਕਰਨ ਵਾਲਿਆਂ ਵਿਚ ਮਹੰਤ ਬੁੱਢਾ ਸਿੰਘ, ਸੰਤ ਗੁਲਾਬ ਸਿੰਘ, ਸੰਤ ਪ੍ਰੀਤਮ ਸਿੰਘ ਆਦਿ ਦੇ ਨਾਂਅ ਜ਼ਿਕਰਯੋਗ ਹਨ। ਇਨ੍ਹਾਂ ਗੁਰਮੁਖਾਂ ਨੇ ਉੱਥੇ ਕਈ ਗੁਰਦੁਆਰੇ ਸਥਾਪਿਤ ਕੀਤੇ।
ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲੇ, ਭਾਈ ਅਰਜਨ ਸਿੰਘ ਬਾਗੜੀਆਂ ਅਤੇ ਸ. ਹਰਬੰਸ ਸਿੰਘ ਅਟਾਰੀ ਵਾਲੇ ਕਈ ਵਾਰ ਸਿੰਧ ਵਿਚ ਜਾ ਕੇ ਸਿੱਖੀ ਦਾ ਪ੍ਰਚਾਰ ਕਰਦੇ ਰਹੇ। ਇਨ੍ਹਾਂ ਤੋਂ ਇਲਾਵਾ ਸਿੰਧੀ ਸਿੱਖਾਂ ਨੇ ਖ਼ੁਦ ਵੀ ਸਿੱਖੀ ਦੇ ਪ੍ਰਚਾਰ ਵਿਚ ਬਹੁਤ ਦਿਲਚਸਪੀ ਵਿਖਾਈ। ਇਸ ਸਬੰਧ ਵਿਚ ਸਾਧੂ ਟੀ.ਐਲ. ਵਾਸਵਾਨੀ, ਦਾਦਾ ਚੇਲਾਰਾਮ ਆਦਿ ਸਾਧਕਾਂ ਦੇ ਨਾਂਅ ਖ਼ਾਸ ਤੌਰ ‘ਤੇ ਜ਼ਿਕਰਯੋਗ ਹਨ। ਇਨ੍ਹਾਂ ਤੋਂ ਇਲਾਵਾ 1947 ਦੀ ਵੰਡ ਤੋਂ ਪਹਿਲਾਂ ਹਰ ਸਾਲ ਗੁਰਮਤਿ ਦੇ ਕਥਾਕਾਰ, ਪ੍ਰਚਾਰਕ ਅਤੇ ਕੀਰਤਨੀਏ ਸਿੱਖ ਸਿੰਧ ਪ੍ਰਾਂਤ ਵੱਲ ਪ੍ਰਚਾਰ ਕਰਨ ਲਈ ਜਾਂਦੇ ਰਹਿੰਦੇ ਸਨ। ਸਿੰਧੀਆਂ ਵਲੋਂ ਆਪਣੀਆਂ ਧਰਮਸਾਲਾਵਾਂ ਵਿਚ ਵੀ ਗੁਰਬਾਣੀ ਦਾ ਅਧਿਐਨ ਅਤੇ ਗਾਇਨ ਕੀਤਾ/ ਸਿਖਾਇਆ ਜਾਂਦਾ ਸੀ। ਉਹ ਨਨਕਾਣਾ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ-ਦੀਦਾਰੇ ਕਰਨ ਆਉਂਦੇ ਰਹਿੰਦੇ ਸਨ। ਸਿੰਧੀਆਂ ਦੀ ਆਬਾਦੀ ਕੱਛ ਅਤੇ ਭੁਜ ਤੋਂ ਕਰਾਚੀ, ਹੈਦਰਾਬਾਦ ਤੱਕ ਫੈਲੀ ਹੋਈ ਸੀ।
ਸੰਨ 1927 ਦੌਰਾਨ ਸਿੰਘ ਸਭਾ ਲਹਿਰ ਵੇਲੇ ਬਾਬਾ ਥਹਰੀਆ ਸਿੰਘ ਨੂੰ ਚੀਫ਼ ਖ਼ਾਲਸਾ ਦੀਵਾਨ ਵਲੋਂ ਸਿੰਧੀ ਸਿੱਖਾਂ ਵਿਚ ਗੁਰਮਤਿ ਦਾ ਪ੍ਰਚਾਰ ਕਰਨ ਲਈ ਭੇਜਿਆ ਗਿਆ ਅਤੇ ਉਨ੍ਹਾਂ ਨੇ ਸਿੰਧ ਦੇ ਕੰਧਾਨਗਰ (ਜ਼ਿਲ੍ਹਾ ਸਖਰਾ) ਨੂੰ ਆਪਣਾ ਕੇਂਦਰ ਬਣਾ ਕੇ ਸੰਤ ਗੁਰਮੁਖ ਸਿੰਘ ਜੀ ਕਾਰ-ਸੇਵਾ ਪਟਿਆਲਾ ਵਾਲੇ ਅਤੇ ਸੰਤ ਸ਼ਾਮ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਸਹਿਯੋਗ ਨਾਲ ਸਿੰਧੀ ਸਿੱਖਾਂ ਨੂੰ ਗੁਰਮਤਿ ਵਿਚ ਪ੍ਰਪੱਕ ਕਰਨ ਲਈ ਧਰਮ ਪ੍ਰਚਾਰ ਦੀ ਜ਼ੋਰਦਾਰ ਮੁਹਿੰਮ ਚਲਾਈ। ਨਤੀਜੇ ਵਜੋਂ ਇਸ ਇਲਾਕੇ ‘ਚ ਸਿੱਖਾਂ ਦੀ ਗਿਣਤੀ ਵਿਚ ਵੱਡਾ ਵਾਧਾ ਹੋਣ ਲੱਗਾ।
ਸਖਰਾ ਜ਼ਿਲ੍ਹੇ ਦੇ ਆਸ-ਪਾਸ ਦੇ ਇਲਾਕਿਆਂ ‘ਚ ਸਿੱਖਾਂ ਦੀ ਆਬਾਦੀ, ਜੋ ਸੰਨ 1901 ਦੀ ਮਰਦਮਸ਼ੁਮਾਰੀ ਦੌਰਾਨ ਕੇਵਲ 1 ਹਜ਼ਾਰ ਦੇ ਕਰੀਬ ਸੀ, ਉਹ 1941 ਵਿਚ 40 ਹਜ਼ਾਰ ਨੂੰ ਪਾਰ ਕਰ ਗਈ। ਜੇਕਰ 1947 ਤੋਂ ਪਹਿਲਾਂ ਦੇ ਸਮੁੱਚੇ ਪਾਕਿਸਤਾਨੀ ਸਿੰਧ ਸੂਬੇ ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਦਾ ਹਵਾਲਾ ਲਿਆ ਜਾਵੇ ਤਾਂ ਇਸ ਇਲਾਕੇ ‘ਚ ਡੇਢ ਤੋਂ ਦੋ ਲੱਖ ਦੇ ਕਰੀਬ ਸਿੰਧੀ ਸਿੱਖਾਂ ਦੀ ਆਬਾਦੀ ਦੱਸੀ ਜਾਂਦੀ ਸੀ। ਭਾਰਤ-ਪਾਕਿ ਵੰਡ ਤੋਂ ਬਾਅਦ ਬਹੁਤ ਸਾਰੇ ਸਿੰਧੀ ਪਰਿਵਾਰ ਸਿੰਧ ਸੂਬੇ ਤੋਂ ਹਿਜਰਤ ਕਰਕੇ ਭਾਰਤ ਦੇ ਗੁਜਰਾਤ, ਰਾਜਸਥਾਨ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿਚ ਆ ਕੇ ਵੱਸ ਗਏ। ਭਾਰਤ ਵਿਚ ਇਸ ਵੇਲੇ ਸਿੰਧੀ ਭਾਈਚਾਰੇ ਦੀ ਆਬਾਦੀ 2 ਲੱਖ ਦੇ ਆਸ-ਪਾਸ ਮੰਨੀ ਜਾਂਦੀ ਹੈ ਜਦੋਂਕਿ ਪਾਕਿਸਤਾਨ ਦੇ ਸਿੰਧ ਸੂਬੇ ਵਿਚ ਅੱਠ ਤੋਂ ਦਸ ਹਜ਼ਾਰ ਦੇ ਲਗਪਗ ਸਿੰਧੀ ਸਿੱਖ ਰਹਿ ਗਏ ਹਨ।
ਮਹਾਰਾਸ਼ਟਰ ਵਿਚ ਉਲਹਾਸਨਗਰ, ਜੋ ਕਿ ਮੁੰਬਈ ਦੇ ਨੇੜੇ ਪੈਂਦਾ ਹੈ, ਸਿੰਧੀ ਸਿੱਖਾਂ ਦਾ ਵੱਡਾ ਗੜ੍ਹ ਬਣ ਕੇ ਉੱਭਰ ਰਿਹਾ ਹੈ। ਇੱਥੋਂ ਦਾ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇਸ਼-ਵਿਦੇਸ਼ ਦੇ ਸਿੱਖਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣ ਰਿਹਾ ਹੈ। ਉਲਹਾਸਨਗਰ ਵਿਚ 25 ਤੋਂ 30 ਹਜ਼ਾਰ ਦੇ ਲਗਪਗ ਸਿੰਧੀ ਸਿੱਖਾਂ ਦੀ ਆਬਾਦੀ ਦੱਸੀ ਜਾਂਦੀ ਹੈ। ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੇ ਹੀ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ। ਨਵੰਬਰ ਮਹੀਨੇ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਹੋਣ ਵਾਲੀ ਪ੍ਰਭਾਤ ਫੇਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਕੱਢੀ ਜਾਂਦੀ ਹੈ ਅਤੇ ਇਸ ਵਿਚ ਦੋ ਲੱਖ ਦੇ ਕਰੀਬ ਸੰਗਤਾਂ ਦਾ ਇਕੱਠ ‘ਧੰਨ ਗੁਰੂ ਨਾਨਕ’, ‘ਧੰਨ ਗੁਰੂ ਨਾਨਕ’ ਦਾ ਜਾਪ ਕਰਦਿਆਂ ਬੜਾ ਰੂਹਾਨੀ ਤੇ ਵਿਸਮਾਦੀ ਆਭਾਮੰਡਲ ਸਿਰਜਦਾ ਹੈ। ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿਚ ਵੀ ਸਿੰਧੀ ਸਮਾਜ ਦੀ ਬਹੁਤ ਵੱਡੀ ਆਬਾਦੀ ਰਹਿੰਦੀ ਹੈ। ਪੂਨਾ ਅਤੇ ਹੈਦਰਾਬਾਦ ਵਿਚ ਵੀ ਸਿੰਧੀ ਸਮਾਜ ਨੇ ਆਪਣੀ ਚੰਗੀ ਆਬਾਦੀ ਦੇ ਨਾਲ-ਨਾਲ ਮਿਹਨਤ, ਸਿਦਕਦਿਲੀ ਤੇ ਨੇਕ-ਨੀਅਤੀ ਦੇ ਨਾਲ ਆਪਣੇ ਚੰਗੇ ਵਪਾਰ ਸਥਾਪਿਤ ਕੀਤੇ ਹੋਏ ਹਨ।
ਨਿਰਸੰਦੇਹ ਸਿੱਖ ਰਾਜ ਦਾ ਸੂਰਜ ਅਸਤ ਹੋਣ ਤੋਂ ਬਾਅਦ ਸਿੱਖ ਸਮਾਜ ਅੰਦਰ ਆਏ ਸਿਧਾਂਤਕ ਤੇ ਧਾਰਮਿਕ ਨਿਘਾਰ ਨੂੰ ਦੂਰ ਕਰਨ ਲਈ ਸਿੰਘ ਸਭਾ ਲਹਿਰ ਨੇ ਤਾਂ ਵੱਡੀ ਪੁਨਰ-ਜਾਗ੍ਰਿਤੀ ਲਿਆਂਦੀ ਪਰ ਇਸ ਤੋਂ ਬਾਅਦ ਪੰਥਕ ਸੰਸਥਾਵਾਂ ‘ਗੁਰੂ ਨਾਨਕ ਨਾਮ ਲੇਵਾ’ ਭਾਈਚਾਰਿਆਂ ਨੂੰ ਸਿੱਖ ਧਰਮ ਦੀ ਮੁੱਖ ਧਾਰਾ ਨਾਲ ਜੋੜੀ ਰੱਖਣ ਵਿਚ ਅਸਫਲ ਸਿੱਧ ਹੋਈਆਂ ਹਨ। ਸਿੰਧੀਆਂ ਤੋਂ ਇਲਾਵਾ ਸਤਿਨਾਮੀਏ, ਜੌਹਰੀ, ਆਸਾਮੀ, ਖੋਸਤੀ, ਮਰਦਾਨੇ ਕੇ, ਉਦਾਸੀ, ਨਿਰਮਲੇ, ਅਫ਼ਗਾਨੀ, ਥਾਰੂ, ਲਾਮੇ, ਨਿਰੰਕਾਰੀ, ਨਾਮਧਾਰੀ ਅਤੇ ਰਾਧਾ ਸੁਆਮੀ ਆਦਿ ਵੀ ਸਿੱਖ ਪੰਥ ਦੀ ਮੁੱਖ ਧਾਰਾ ਤੋਂ ਟੁੱਟਦੇ-ਟੁੱਟਦੇ ਟੁੱਟ ਗਏ। ਨਹੀਂ ਤਾਂ ਅੱਜ ਦੁਨੀਆ ਭਰ ‘ਚ ‘ਗੁਰੂ ਨਾਨਕ ਨਾਮ ਲੇਵਾ’ ਸਮੂਹ ਭਾਈਚਾਰਿਆਂ ਨੂੰ ਮਿਲਾ ਕੇ ਸਿੱਖ ਧਰਮ ਦੀ ਆਬਾਦੀ ਸਵਾ 14 ਕਰੋੜ ਦੇ ਲਗਪਗ ਹੋਣੀ ਸੀ।
ਸਿੰਧੀ ਸਿੱਖ ਬੇਸ਼ੱਕ ਅੱਜ ਪੂਰੀ ਤਰ੍ਹਾਂ ਸਿੱਖ ਧਰਮ ਦੀ ਮੁੱਖ ਧਾਰਾ ਵਿਚ ਨਹੀਂ ਹਨ ਪਰ ਇਸ ਦੇ ਬਾਵਜੂਦ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਆਪਣੀ ਆਸਥਾ ਕਿਸੇ ਵੀ ਤਰ੍ਹਾਂ ਅੰਮ੍ਰਿਤਧਾਰੀ ਸਿੱਖਾਂ ਨਾਲੋਂ ਘੱਟ ਨਹੀਂ ਰੱਖਦੇ। ਕੇਸਾਂ ਦੀ ਰਹਿਤ ਰੱਖਣ ਵਿਚ ਪ੍ਰਪੱਕ ਨਾ ਹੋਣ ਦੇ ਬਾਵਜੂਦ ਉਹ ਆਪਣੇ ਜੀਵਨ ਦੇ ਸਾਰੇ ਸੰਸਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹੀ ਕਰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਆਪਣੇ ਘਰਾਂ ਵਿਚ ਪ੍ਰਕਾਸ਼ ਕਰਨੇ ਅਤੇ ਨਿਤਾਪ੍ਰਤੀ ਸਹਿਜ ਪਾਠ ਕਰਨੇ ਸਿੰਧੀ ਸਿੱਖਾਂ ਦੇ ਜੀਵਨ ਦਾ ਅਟੁੱਟ ਹਿੱਸਾ ਹੈ। ਸਿੰਧੀ ਸਮਾਜ ਵਿਚ ਨਿੱਕੇ-ਨਿੱਕੇ ਬੱਚਿਆਂ ਨੂੰ ‘ਸਤਿਨਾਮ-ਵਾਹਿਗੁਰੂ’ ਦਾ ਜਾਪ ਕਰਨਾ ਸਿਖਾ ਦਿੱਤਾ ਜਾਂਦਾ ਹੈ ਅਤੇ ਬਾਲਗ ਹੋਣ ਤੱਕ ਉਨ੍ਹਾਂ ਨੂੰ ਆਸਾ ਦੀ ਵਾਰ, ਜਪੁਜੀ ਸਾਹਿਬ, ਸੁਖਮਨੀ ਸਾਹਿਬ ਅਤੇ ਕੀਰਤਨ ਸੋਹਿਲਾ ਦੇ ਨਿੱਤਨੇਮ ਤੋਂ ਇਲਾਵਾ ਸਹਿਜ ਪਾਠ ਕਰਨ ਦੇ ਅਭਿਆਸੀ ਬਣਾ ਦਿੱਤਾ ਜਾਂਦਾ ਹੈ। ਇਕ ਦੂਜੇ ਨੂੰ ਮਿਲਣ ਵੇਲੇ ‘ਧੰਨ ਗੁਰੂ ਨਾਨਕ’ ਕਹਿਣਾ ਅਤੇ ਹਮੇਸ਼ਾ ਨਿਮਰਤਾ ਵਿਚ ਰਹਿਣਾ ਉਨ੍ਹਾਂ ਦਾ ਸੁਭਾਅ ਹੈ। ਕਈ ਥਾਈਂ ਸਿੰਧੀਆਂ ਵਿਚ ਇਹ ਵੀ ਰਿਵਾਜ਼ ਹੈ ਕਿ ਵਿਆਹ-ਸ਼ਾਦੀਆਂ ਦੇ ਕਾਰਡਾਂ ਦੇ ਨਾਲ ਸੁਖਮਨੀ ਸਾਹਿਬ ਦੇ ਗੁਟਕਾ ਸਾਹਿਬ ਵੀ ਵੰਡੇ ਜਾਂਦੇ ਹਨ ਤਾਂ ਜੋ ਵੱਧ ਤੋਂ ਵੱਧ ਸਿੰਧੀ ਗੁਰਬਾਣੀ ਨਾਲ ਜੁੜ ਸਕਣ।
ਭਾਰਤ ਵਿਚ ਵੱਸਦੇ ਸਿੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਆਪਣੀ ਅਟੁੱਟ ਸ਼ਰਧਾ ਦੇ ਬਾਵਜੂਦ ਸਿੱਖਾਂ ਦੀ ਮੁੱਖ ਧਾਰਾ ਦੀ ਰਵਾਇਤੀ ਧਾਰਮਿਕ ਲੀਡਰਸ਼ਿਪ ਦੀ ਬੇਰੁਖੀ ਅਤੇ ਕੱਟੜਤਾ ਕਾਰਨ ਸਿੱਖ ਸਮਾਜ ਦਾ ਅਨਿੱਖੜਵਾਂ ਹਿੱਸਾ ਬਣਨ ਤੋਂ ਪਿੱਛੇ ਰਹਿ ਗਏ ਹਨ। ਇਹ ਸਾਊ ਤੇ ਸ਼ਾਂਤ ਸੁਭਾਅ ਦੇ ਹੋਣ ਕਾਰਨ ਸਿੱਖ ਅਧਿਆਤਮਿਕਤਾ ਵਿਚ ਵਿਸ਼ਵਾਸ ਰੱਖਦੇ ਹਨ ਪਰ ਕੱਟੜਪੁਣੇ ਤੋਂ ਦੂਰ ਭੱਜਦੇ ਹਨ। ਸਿੰਧ ਸੂਬਾ ਪਾਕਿਸਤਾਨ ਵਿਚ ਚਲੇ ਜਾਣ ਤੋਂ ਬਾਅਦ ਜਿਹੜੇ ਸਿੰਧੀ ਭਾਰਤ ਵਿਚ ਆ ਗਏ, ਉਨ੍ਹਾਂ ਵਿਚੋਂ ਦਾਦਾ ਚੇਲਾ ਰਾਮ ਨੇ ਦਿੱਲੀ ਵਿਚ ‘ਨਿਜ ਥਾਉਂ’ ਨਾਂਅ ਦਾ ਆਪਣਾ ਆਸ਼ਰਮ ਸਥਾਪਿਤ ਕੀਤਾ, ਜਿੱਥੇ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਪੁੱਤਰੀ ਕਮਲਾ ਅਤੇ ਪੁੱਤਰ ਲਛਮਣ ਚੇਲਾ ਰਾਮ ਨੇ ਪ੍ਰਚਾਰ ਦੀ ਸੇਵਾ ਕੀਤੀ। ਦਾਦਾ ਚੇਲਾ ਰਾਮ ਅਤੇ ਉਨ੍ਹਾਂ ਦੇ ਉੱਤਰਾਧਿਕਾਰੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੰਧੀ, ਹਿੰਦੀ, ਅੰਗਰੇਜ਼ੀ, ਗੁਜਰਾਤੀ, ਬੰਗਾਲੀ ਅਤੇ ਦੇਵਨਾਗਰੀ ਵਿਚ ਟੀਕੇ ਤਿਆਰ ਕਰਵਾਉਣ ਤੋਂ ਇਲਾਵਾ ਸੁਖਮਨੀ ਸਾਹਿਬ ਅਤੇ ਪੰਜ ਬਾਣੀਆਂ ਦੀਆਂ ਲੱਖਾਂ ਸੈਂਚੀਆਂ ਸੰਗਤਾਂ ਨੂੰ ਮੁਫ਼ਤ ਵਿਚ ਵੰਡ ਕੇ ਗੁਰਬਾਣੀ ਦਾ ਪ੍ਰਚਾਰ ਕੀਤਾ। ਇਨ੍ਹਾਂ ਦਾ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਨੇੜੇ ਸਪਰੂਨ ਵਿਚ ਦਾਦਾ ਚੇਲਾ ਰਾਮ ਆਸ਼ਰਮ ਵੀ ਸਥਾਪਿਤ ਹੈ।
ਪ੍ਰਮੁੱਖ ਸਿੱਖ ਸੰਸਥਾਵਾਂ ਦੇ ਅਵੇਸਲੇਪਨ ਦੌਰਾਨ ਇਨ੍ਹਾਂ ਦਾ ਝੁਕਾਅ ਨਿਰਮਲੇ ਤੇ ਉਦਾਸੀ ਸੰਪਰਦਾਵਾਂ ਵੱਲ ਵਧਿਆ, ਜਿਸ ਕਾਰਨ ਸਿੰਧੀ ਸਮਾਜ ਵਿਚ ਸਿੱਖ ਅਤੇ ਹਿੰਦੂ ਸੰਸਕਾਰਾਂ ਦਾ ਰਲਿਆ-ਮਿਲਿਆ ਪ੍ਰਭਾਵ ਦਿਖਾਈ ਦਿੰਦਾ ਹੈ। ਇਹ ਆਪਣੇ ਬੱਚਿਆਂ ਦੇ ਵਿਆਹ-ਸ਼ਾਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਆਲੇ ਲਾਵਾਂ ਲੈ ਕੇ ਵੀ ਕਰ ਲੈਂਦੇ ਹਨ ਅਤੇ ਅਗਨੀ ਦੁਆਲੇ ਸੱਤ ਫੇਰੇ ਲੈ ਕੇ ਵੀ। ਇਹ ਮੂਰਤੀ ਪੂਜਾ ਵੀ ਕਰਦੇ ਹਨ ਪਰ ਗੁਰਬਾਣੀ ਪੜ੍ਹਨ ਅਤੇ ਸ਼ਰਧਾ-ਸੇਵਾ ਵਿਚ ਵੀ ਉਨ੍ਹਾਂ ਦਾ ਕੋਈ ਸਾਨੀ ਨਹੀਂ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਚ ਸਿੰਧੀਆਂ ਦਾ ਸਭ ਤੋਂ ਵੱਡਾ ਇਕੱਠ ਹੁੰਦਾ ਹੈ। ਉੱਥੇ ਇਨ੍ਹਾਂ ਦੀ ਸੇਵਾ ਭਾਵਨਾ ਅਤੇ ਸ਼ਰਧਾ ਵੇਖਣ ਹੀ ਵਾਲੀ ਹੁੰਦੀ ਹੈ। ਲੰਗਰਾਂ ਤੋਂ ਲੈ ਕੇ ਜੋੜਿਆਂ ਦੀ ਸੇਵਾ ਤੱਕ ਇਹ ਇਕ ਦੂਜੇ ਤੋਂ ਅੱਗੇ ਹੋ ਕੇ ਤਤਪਰ ਦਿਖਾਈ ਦਿੰਦੇ ਹਨ। ਪਾਕਿਸਤਾਨੀ ਸਿੰਧੀ ਸਮਾਜ ਬੇਸ਼ੱਕ ਵੱਡੀ ਗਿਣਤੀ ਵਿਚ ਸਹਿਜਧਾਰੀ ਹੈ ਪਰ ਉਨ੍ਹਾਂ ਦੀ ਅਗਲੀ ਪੀੜ੍ਹੀ ਸਾਬਤ-ਸੂਰਤ ਸਿੱਖ ਬਣ ਰਹੀ ਹੈ। ਸਿੰਧ ਦੇ ਗੁਰਦੁਆਰਿਆਂ ਤੇ ਧਰਮਸ਼ਾਲਾਵਾਂ ਵਿਚ ਜ਼ਿਆਦਾਤਰ ਗ੍ਰੰਥੀ ਸਹਿਜਧਾਰੀ ਹਨ ਪਰ ਗੁਰਬਾਣੀ ਦੇ ਸ਼ੁੱਧ ਉਚਾਰਨ ਅਤੇ ਸਿੰਧੀ ਸਮਾਜ ਦੇ ਬੱਚਿਆਂ ਨੂੰ ਗੁਰਬਾਣੀ ਤੇ ਕੀਰਤਨ ਦੀ ਸਿਖਲਾਈ ਦੇਣ ਪ੍ਰਤੀ ਉਹ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਅ ਰਹੇ ਹਨ। ਸਿੰਧੀ ਸਿੱਖਾਂ ਨੇ ਪਾਕਿਸਤਾਨ ਵਿਚ ਆਪਣੀ ਆਸਥਾ ਨੂੰ ਕਾਇਮ ਰੱਖਣ ਲਈ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਵੀ ਕੀਤਾ ਹੈ।
ਭਾਰਤ ਵਿਚ ਰਹਿੰਦੇ ਸਿੰਧੀ ਵੀ ਸਹਿਜਧਾਰੀ ਸਿੱਖ ਅਖਵਾਉਣਾ ਪਸੰਦ ਕਰਦੇ ਹਨ ਅਤੇ ਗੁਰਬਾਣੀ ਪ੍ਰਤੀ ਉਨ੍ਹਾਂ ਦੀ ਆਸਥਾ ਮਿਸਾਲੀ ਹੈ। ਇਸੇ ਕਾਰਨ ਹੀ ਸਿੰਧੀ ਪਰਿਵਾਰਾਂ ਵਿਚ ਆਪਣੇ ਘਰਾਂ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਕਰਨਾ ਵੱਡੇ ਭਾਗਾਂ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਇੰਦੌਰ ਵਿਚ ਵੀ ਲਗਪਗ ਹਰ ਸਿੰਧੀ ਪਰਿਵਾਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਇਹ ਗੱਲ ਤਾਂ ਵਾਜਬ ਹੋ ਸਕਦੀ ਹੈ ਕਿ ਪੂਰੀ ਤਰ੍ਹਾਂ ਸਿੱਖ ਰਹਿਤ ਮਰਿਆਦਾ ਤੋਂ ਜਾਣੂ ਨਾ ਹੋਣ ਕਾਰਨ ਸਿੰਧੀ ਸਮਾਜ ਦੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਦਾ ਪੂਰਨ ਨਿਭਾਅ ਨਾ ਕਰ ਸਕਦੇ ਹੋਣ ਪਰ ਉਨ੍ਹਾਂ ਦੀ ਸ਼ਰਧਾ ਅਤੇ ਭਾਵਨਾ ‘ਤੇ ਸ਼ੱਕ ਨਹੀਂ ਕੀਤਾ ਜਾ ਸਕਦਾ। ਸਿੰਧੀ ਸਮਾਜ ਨੂੰ ਸਿੱਖੀ ਮੁੱਖ ਧਾਰਾ ਦੇ ਨੇੜੇ ਲਿਆਉਣ ਦੇ ਸ਼ਿੱਦਤ ਭਰੇ ਯਤਨ ਹੋਣੇ ਚਾਹੀਦੇ ਹਨ ਤਾਂ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਇਸ਼ਟ ਮੰਨਣ ਵਾਲੇ ਇਹ ਲੋਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਜਾਏ ਖ਼ਾਲਸਾ ਪੰਥ ਦੇ ਨਿਆਰੇ ਤੇ ਨਿਰਾਲੇਪਨ ਨੂੰ ਵੀ ਧਾਰਨ ਕਰਕੇ ਗੁਰਸਿੱਖੀ ਦੀ ਫੁਲਵਾੜੀ ਵਿਚ ਮਹਿਕਾਂ ਵੰਡ ਸਕਣ।
# ਸ਼ਹੀਦ ਬਾਬਾ ਦੀਪ ਸਿੰਘ ਜੀ ਕਲੋਨੀ,
ਸ੍ਰੀ ਦਸਮੇਸ਼ ਅਕੈਡਮੀ ਰੋਡ, ਸ੍ਰੀ ਅਨੰਦਪੁਰ ਸਾਹਿਬ।
ਫ਼ੋਨ: 98780-70008