10 ਦਸੰਬਰ ਨੂੰ ਜਲੰਧਰ ਵਿਖੇ ਹੋਵੇਗਾ ਸਨਮਾਨ ਸਮਾਗਮ
ਚੰਡੀਗੜ੍ਹ : ਉੱਘੇ ਆਜ਼ਾਦੀ ਘੁਲਾਟੀਏ, ਸਾਹਿਤਕਾਰ ਅਤੇ ਪੱਤਰਕਾਰ ਸਵਰਗੀ ਅਜੀਤ ਸੈਣੀ ਦੀ ਯਾਦ ਵਿੱਚ ਹਰ ਸਾਲ ਦਿੱਤੇ ਜਾਣ ਵਾਲਾ ‘‘ਅਜੀਤ ਸੈਣੀ ਯਾਦਗਾਰੀ ਪੁਰਸਕਾਰ’’ ਇਸ ਵਾਰੀ ਪੰਜਾਬੀ ਸਾਹਿਤ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਉੱਘੇ ਪੰਜਾਬੀ ਕਵੀ ਡਾਕਟਰ ਲਖਵਿੰਦਰ ਸਿੰਘ ਜੌਹਲ ਨੂੰ ਦਿੱਤਾ ਜਾਵੇਗਾ।
ਜਲੰਧਰ ਵੈਲਫੇਅਰ ਸੋਸਾਇਟੀ ਵੱਲੋਂ ਸਾਲ 2024 ਦੇ ਪੁਰਸਕਾਰ ਦਾ ਐਲਾਨ ਕਰਦਿਆਂ ਡਾਕਟਰ ਸੁਸ਼ਮਾ ਚਾਵਲਾ ਅਤੇ ਸੁਰਿੰਦਰ ਸੈਣੀ ਨੇ ਦੱਸਿਆ ਕਿ ਡਾਕਟਰ ਲਖਵਿੰਦਰ ਸਿੰਘ ਜੌਹਲ ਨੂੰ ਦਿੱਤਾ ਜਾਣ ਵਾਲਾ ਇਹ ਪੁਰਸਕਾਰ ਸੱਤਵਾਂ ਪੁਰਸਕਾਰ ਹੈ। ਇਸ ਤੋਂ ਪਹਿਲਾਂ ਇਹ ਪੁਰਸਕਾਰ ਇਰਵਨ ਖੰਨਾ, ਸੁਰੇਸ਼ ਸੇਠ, ਰਮਨ ਮੀਰ, ਬੇਅੰਤ ਸਿੰਘ ਸਰਹੱਦੀ, ਸਤਨਾਮ ਸਿੰਘ ਚਾਹਲ ਅਤੇ ਇੰਦਰ ਮੋਹਨ ਛਾਬੜਾ ਨੂੰ ਦਿੱਤਾ ਜਾ ਚੁੱਕਾ ਹੈ।
ਵੀਹ ਤੋਂ ਵੱਧ ਕਿਤਾਬਾਂ ਦੇ ਲੇਖਕ ਸਵਰਗੀ ਅਜੀਤ ਸੈਣੀ ਇੰਡੀਅਨ ਨੈਸ਼ਨਲ ਆਰਮੀ ਦੇ ਵੱਡੇ ਯੋਧਿਆਂ ਵਿੱਚੋਂ ਸਨ। ਉਹ ਆਈ.ਐਨ.ਏ ਦੇ ਰੰਗੂਨ ਤੋਂ ਛਪਦੇ ਅਖਬਾਰ ਦੇ ਸੰਪਾਦਕ ਵੀ ਰਹੇ ਅਤੇ ਆਲ ਇੰਡੀਆ ਰੇਡੀਓ ਦੇ ਨਿਊਜ਼ ਸੰਪਾਦਕ ਵੀ ਰਹੇ। ਰੋਜ਼ਾਨਾ ‘‘ਅਜੀਤ’’ ਜਲੰਧਰ ਦੇ ਜਨਰਲ ਮੈਨੇਜਰ ਵਜੋਂ ਵੀ ਉਹ ਕਈ ਸਾਲਾਂ ਤੱਕ ਸੇਵਾ ਨਿਭਾਉਂਦੇ ਰਹੇ।
ਸੁਰਿੰਦਰ ਸੈਣੀ ਨੇ ਦੱਸਿਆ ਕਿ ਇਹ ਪੁਰਸਕਾਰ 10 ਦਸੰਬਰ ਨੂੰ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਕੀਤੇ ਜਾਣ ਵਾਲੇ ਇੱਕ ਸਮਾਗਮ ਵਿੱਚ ਭੇਟ ਕੀਤਾ ਜਾਵੇਗਾ।