ਸਾਬਕਾ ਖਾੜਕੂ ਦੀ ਕੋਠੀ ‘ਚ ਰਾਤ ਰਹੇ ਕੇਜਰੀਵਾਲ
ਕੋਠੀ ‘ਚ ਰਹਿ ਰਹੇ ਹਨ ਐਸ ਐਚ ਓ, ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ
ਮੋਗਾ/ਬਿਊਰੋ ਨਿਊਜ਼ : ਸ਼ਨੀਵਾਰ ਰਾਤ 9 ਵਜੇ ਜਿਸ ਸਮੇਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਰੈਲੀ ਕਰ ਰਹੇ ਸਨ, ਠੀਕ ਉਸੇ ਸਮੇਂ ਰਾਸ਼ਟਰੀ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਮੋਗਾ ‘ਚ ਸਨ। ਪ੍ਰੰਤੂ ਨਾ ਤਾਂ ਉਹ ਰੈਲੀ ‘ਚ ਆਏ ਅਤੇ ਨਾ ਹੀ ਸਰਕਾਰੀ ਰੈਸਟ ਹਾਊਸ ‘ਚ ਰੁਕੇ। ਉਹ ਟੀਚਰ ਕਲੋਨੀ ਦੀ ਜਿਸ ਕੋਠੀ ‘ਚ ਰਹੇ ਉਹ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਰਹੇ ਐਨ ਆਰ ਆਈ ਗੁਰਿੰਦਰ ਸਿੰਘ ਦੀ ਹੈ। ਗੁਰਿੰਦਰ ਸਿੰਘ ਹੁਣ ਇੰਗਲੈਂਡ ‘ਚ ਰਹਿੰਦਾ ਹੈ। ਗੁਰਿੰਦਰ ਸਿੰਘ ਦੇ ਖਿਲਾਫ਼ ਖਾੜਕੂਵਾਦ ਦੇ ਦੌਰ ਦੌਰਾਨ ਬਾਘਾਪੁਰਾਣਾ, ਮੋਗਾ, ਮੁਕਤਸਰ ‘ਚ ਕਈ ਹੱਤਿਆਵਾਂ ਅਤੇ ਆਰਮਜ਼ ਐਕਟ ਦੇ ਕੇਸ ਦਰਜ ਸਨ। ਬਾਘਾਪੁਰਾਣਾ ਮਾਮਲੇ ‘ਚ ਉਹ ਹੁਣ ਬਰੀ ਹੋ ਚੁੱਕੇ ਹਨ। ਇਸ ਕੋਠੀ ਦੇ ਇਕ ਹਿੱਸੇ ‘ਚ ਪੰਜਾਬ ਪੁਲਿਸ ਦਾ ਇਕ ਐਸ ਐਚ ਓ ਅਤੇ ਨਗਰ ਨਿਗਮ ਦਾ ਜੁਆਇੰਟ ਕਮਿਸ਼ਨਰ ਆਪਣੇ ਪਰਿਵਾਰਾਂ ਨਾਲ ਰਹਿ ਰਹੇ ਹਨ।
ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ‘ਚ ਕੇਜਰੀਵਾਲ ਦੇ ਸਾਬਕਾ ਖਾੜਕੂ ਦੇ ਘਰ ਰੁਕਣ ਦਾ ਆਰੋਪ ਲਗਾਇਆ ਅਤੇ ਕੀਤੀ ਗਈ ਜਾਂਚ ਅਨੁਸਾਰ ਇਹ ਬਿਲਕੁਲ ਸਹੀ ਪਾਇਆ ਗਿਆ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਪਹਿਲਾ ਮੌਕਾ ਨਹੀਂ ਜਦੋਂ ਅਰਵਿੰਦ ਕੇਜਰੀਵਾਲ ਦੀ ਗਰਮਖਿਆਲੀ ਲੋਕਾਂ ਦੇ ਨਾਲ ਮੁਲਾਕਾਤ ਹੋਈ ਹੋਵੇ। ਇਸ ਤੋਂ ਪਹਿਲਾਂ ਵੀ ਉਹ ਬੱਬਰ ਖਾਲਸਾ ਨਾਲ ਜੁੜੀ ਰਹੀ ਸੰਸਥਾ ਅਖੰਡ ਕੀਰਤਨੀ ਜਥੇ ਦੇ ਆਰ ਪੀ ਸਿੰਘ ਦੇ ਨਾਲ ਬਰੇਕਫਾਸਟ ਕਰ ਚੁੱਕੇ ਹਨ।
ਗੁਰਿੰਦਰ ਸਿੰਘ ‘ਤੇ ਕਈ ਮਾਮਲੇ ਦਰਜ ਹੋਏ, ਪਰ ਬਾਅਦ ‘ਚ ਹੋ ਗਏ ਬਰੀ
ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਰਹੇ ਗੁਰਿੰਦਰ ਸਿੰਘ ਖਾਲਸਾ ਦੇ ਖਿਲਾਫ਼ ਕਸਬਾ ਬਾਘਾਪੁਰਾਣਾ ਇਲਾਕੇ ‘ਚ ਬੰਬ ਬਲਾਸਟ ਕਰਵਾਉਣ ਦੇ ਆਰੋਪ ‘ਚ ਕੇਸ ਦਰਜ ਹੋਇਆ ਸੀ। ਉਸ ਨੂੰ ਅਦਾਲਤ ਨੇ 7 ਜਨਵਰੀ 2003 ਨੂੰ ਭਗੌੜਾ ਘੋਸ਼ਿਤ ਕਰ ਦਿੱਤਾ ਸੀ। ਇਸ ਤੋਂ ਕੁਝ ਸਮੇਂ ਬਾਅਦ ਗੁਰਿੰਦਰ ਸਿੰਘ ਨੇ ਆਤਮ ਸਮਰਪਣ ਕਰ ਦਿੱਤਾ। ਪ੍ਰੰਤੂ ਇਸ ਮਾਮਲੇ ‘ਚ ਉਹ ਕੋਰਟ ਤੋਂ ਬਰੀ ਹੋ ਗਏ। ਇਸ ਤੋਂ ਇਲਾਵਾ ਮੋਗਾ ਦੇ ਥਾਣੇ ਸਿਟੀ-1 ‘ਚ ਗਾਂ ਦੀ ਪੂੰਛ ਕੱਟ ਕੇ ਮੰਦਿਰ ‘ਚ ਸੁੱਟਣ ਦੇ ਮਾਮਲੇ ‘ਚ ਇਕ ਹੋਰ ਕੇਸ ਦਰਜ ਹੋਇਆ। ਇਸੇ ਤਰ੍ਹਾਂ ਦਾ ਕੇਸ ਅੰਮ੍ਰਿਤਸਰ ‘ਚ ਵੀ ਦਰਜ ਹੋਇਆ। ਉਸ ਤੋਂ ਬਾਅਦ 20 ਦਸੰਬਰ 2011 ਨੂੰ ਬੰਬ ਬਲਾਸਟ ਦੇ ਆਰੋਪ ਦਾ ਵੀ ਕੇਸ ਦਰਜ ਹੋਇਆ। ਗੁਰਿੰਦਰ ਸਿੰਘ ਇਨ੍ਹਾਂ ਸਾਰੇ ਕੇਸਾਂ ‘ਚ ਬਰੀ ਹੋ ਗਏ ਹਨ ਅਤੇ ਉਹ ਇਸ ਸਮੇਂ ਇੰਗਲੈਂਡ ਵਿਚ ਰਹਿ ਰਹੇ ਹਨ।
ਗੁਰਿੰਦਰ ਸਿੰਘ ਢਾਈ ਮਹੀਨੇ ਪਹਿਲਾਂ ਹੀ ਇੰਗਲੈਂਡ ਗਏ ਹਨ
ਗੁਰਿੰਦਰ ਸਿੰਘ ਲੰਮੇਂ ਸਮੇਂ ਤੋਂ ਮੋਗਾ ਜ਼ਿਲ੍ਹੇ ਦੇ ਧਰਮਕੋਟ ਪਿੰਡ ਧਰਮ ਸਿੰਘ ਵਾਲਾ ਨੂੰ ਛੱਡ ਕੇ ਮੋਗਾ ਦੀ ਨੈਸਲੇ ਕਲੋਨੀ ਦੇ ਨੇੜੇ ਆ ਕੇ ਰਹਿਣ ਲੱਗੇ। ਪੰਜ ਸਾਲ ਪਹਿਲਾਂ ਉਨ੍ਹਾਂ ਨੇ ਟੀਚਰ ਕਲੋਨੀ ਅਤੇ ਦਸਮੇਸ਼ ਨਗਰ ‘ਚ ਬਣੇ ਪਾਰਕ ਦੀ ਬੈਕਸਾਈਡ ‘ਤੇ 7 ਨੰਬਰ ਗਲੀ ‘ਚ ਕੋਠੀ ਖਰੀਦੀ ਅਤੇ ਉਦੋਂ ਤੋਂ ਹੀ ਉਹ ਇਥੇ ਰਹਿ ਰਹੇ ਹਨ। ਢਾਈ ਮਹੀਨੇ ਪਹਿਲਾਂ ਹੀ ਉਹ ਇੰਗਲੈਂਡ ਗਏ ਹਨ।
ਕੁੱਕ ਨੇ ਕੀਤੀ ਪੁਸ਼ਟੀ
ਕੋਠੀ ਦੇ ਕੁੱਕ ਰਵੀ ਵਿਸ਼ਾਲ ਨੇ ਮੰਨਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਨੀਵਾਰ ਰਾਤ ਨੂੰ ਐਨ ਆਰ ਆਈ ਗੁਰਿੰਦਰ ਸਿੰਘ ਦੇ ਇਕ ਰਿਸ਼ਤੇਦਾਰ ਦੇ ਨਾਲ ਇਥੇ ਰੁਕਣ ਲਈ ਆਏ ਸਨ।
ਐਸਕਾਰਟ ਨੇ ਟੀਚਰ ਕਲੋਨੀ ‘ਚ ਛੱਡਿਆ ਸੀ ਕੇਜਰੀਵਾਲ ਨੂੰ
ਅਰਵਿੰਦ ਕੇਜਰੀਵਾਲ ਨੂੰ ਸ਼ਨੀਵਾਰ ਨੂੰ ਪੁਲਿਸ ਦੀ ਸਖਤ ਸੁਰੱਖਿਆ ਦਿੱਤੀ ਗਈ ਸੀ। ਉਨ੍ਹਾਂ ਨੂੰ ਐਸਕਾਰਟ ਨੇ ਟੀਚਰ ਕਲੋਨੀ ‘ਚ ਛੱਡਿਆ। ਐਤਵਾਰ ਸਵੇਰੇ ਉਨ੍ਹਾਂ ਦਾ ਰੂਟ ਮੋਗਾ ਜ਼ਿਲ੍ਹੇ ਦੇ ਕੋਟ ਈਸੇ ਖਾਂ ਵੱਲ ਸੀ।
-ਅਜੈ ਰਾਜ ਸਿੰਘ,
ਡੀਐਸਪੀ ਸਿਟੀ
ਮੌਜੂਦਾ ਸਰਕਾਰ ਦੇ ਕਾਰਜਕਾਲ ‘ਚ ਬੇਅਦਬੀ ਦੀਆਂ 95 ਘਟਨਾਵਾਂ ਹੋਈਆਂ : ਵੜੈਚ
ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਸੁਖਬੀਰ ਸਿੰਘ ਬਾਦਲ ‘ਤੇ ਦੋਸ਼ ਲਾਏ ਕਿ ਉਨ੍ਹਾਂ ਦੇ ਰਾਜ ਵਿੱਚ ਪਿਛਲੇ ਇੱਕ ਸਾਲ ਵਿੱਚ ਬੇਅਦਬੀ ਦੀਆਂ ਬੇਹਿਸਾਬ ਘਟਨਾਵਾਂ ਵਾਪਰੀਆਂ ਹਨ। ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਆਪਣੀ ਘਟੀਆ ਸੋਚ ਦਾ ਪ੍ਰਗਟਾਵਾ ਕਰਦਿਆਂ ਬੇਅਦਬੀ ਘਟਨਾਵਾਂ ਲਈ ਆਮ ਆਦਮੀ ਪਾਰਟੀ ਖਿਲਾਫ ਐਫ.ਆਈ.ਆਰ. ਦਰਜ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਕਾਰਜਕਾਲ ਵਿੱਚ ਬੇਅਦਬੀ ਦੀਆਂ ਕਰੀਬ 95 ਘਟਨਾਵਾਂ ਵਾਪਰੀਆਂ ਹਨ।
‘ਆਪ’ ਦਾ ਜਵਾਬ : ਅਕਾਲੀ ਦਲ ‘ਚ ਕਈ ਖਾੜਕੂ ਹਨ
ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਸੰਜੇ ਸਿੰਘ ਨੇ ਕਿਹਾ ਕਿ ਅਦਾਲ ‘ਚ ‘ਚ ਕਈ ਖਾੜਕੂ ਹੀ ਹਨ। ਜੋ ਖਾੜਕੂਵਾਦ ਦੇ ਦੌਰਾਨ ਦੇਸ਼ ਦੇ ਖਿਲਾਫ਼ ਲੜਦੇ ਰਹੇ।
ਕੇਜਰੀਵਾਲ ਦੇ ਸਾਬਕਾ ਖਾੜਕੂ ਦੇ ਘਰ ‘ਤੇ ਰੁਕਣ ਦੇ ਮਾਮਲੇ ‘ਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਕਿਹਾ ਕਿ ਇਸ ‘ਚ ਕੋਈ ਸੱਚਾਈ ਨਹੀਂ ਹੈ।
Check Also
ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ 6 ਦਸੰਬਰ ਨੂੰ ਦਿੱਲੀ ਕੂਚ ਕਰਨਗੀਆਂ
ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਸ਼ੰਭੂ ਬਾਰਡਰ ਤੋਂ …