ਮੈਲਬਰਨ/ਬਿਊਰੋ ਨਿਊਜ਼ : ਇਕ ਪੰਜ ਸਾਲਾ ਸਿੱਖ ਲੜਕੇ ਨੂੰ ਸਕੂਲ ਵਿੱਚ ਇਹ ਕਹਿੰਦਿਆਂ ਦਾਖ਼ਲਾ ਦੇਣ ਤੋਂ ਨਾਂਹ ਕਰ ਦਿੱਤੀ ਕਿਉਂਕਿ ਉਸ ਦਾ ਪਟਕਾ (ਪੱਗੜੀ) ਸਕੂਲ ਦੀ ਯੂਨੀਫਾਰਮ ਪਾਲਿਸੀ ਨਾਲ ਮੇਲ ਨਹੀਂ ਖਾਂਦਾ ਸੀ। ਹਾਲਾਂਕਿ 2008 ਵਿੱਚ ਨਿੱਜੀ ਸੰਸਥਾ ਦੇ ਇਕ ਅਜਿਹੇ ਹੀ ਫ਼ੈਸਲੇ ਖ਼ਿਲਾਫ਼ ਮਿਸਾਲੀ ਫ਼ੈਸਲਾ ਸੁਣਾਇਆ ਗਿਆ ਸੀ। ਉਧਰ ਵਿਦਿਆਰਥੀ ਦੇ ਪਿਤਾ ਸਾਗਰਦੀਪ ਸਿੰਘ ਅਰੋੜਾ ਨੇ ਮੈਲਟਨ ਕ੍ਰਿਸਚੀਅਨ ਕਾਲਜ (ਐਮਸੀਸੀ) ਦੇ ਇਸ ਫ਼ੈਸਲੇ ਖ਼ਿਲਾਫ਼ ਮੁਕਾਮੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪਹੁੰਚ ਕੀਤੀ ਹੈ। ਇਕ ਸਥਾਨਕ ਰੇਡੀਓ ਨਾਲ ਗੱਲਬਾਤ ਕਰਦਿਆਂ ਅਰੋੜਾ ਨੇ ਕਿਹਾ, ‘ਮੈਲਟਨ ਕ੍ਰਿਸਚੀਅਨ ਕਾਲਜ ਵਿੱਚ ਦਾਖ਼ਲੇ ਲਈ ਮੇਰੇ ਪੁੱਤ ਨੂੰ ਉਸ ਦੀ ਧਾਰਮਿਕ ਪਛਾਣ ਨੂੰ ਲਾਂਭੇ ਰੱਖਣ ਲਈ ਕਹਿਣਾ ਕਾਫ਼ੀ ਦੁਖਦਾਈ ਤੇ ਨਿਰਾਸ਼ਾਜਨਕ ਹੈ।’ ਅਰੋੜਾ ਨੇ ਕਿਹਾ, ‘ਅਸੀਂ ਵਿਕਟੋਰੀਆ ਦੇ ਬਰਾਬਰ ਮੌਕਿਆਂ ‘ਤੇ ਮਨੁੱਖੀ ਅਧਿਕਾਰਾਂ ਬਾਰੇ ਕਮਿਸ਼ਨ (ਵੀਈਓਐਚਆਰਸੀ) ਕੋਲ ਇਸ ਸਾਰੇ ਮਾਮਲੇ ਬਾਬਤ ਰਿਪੋਰਟ ਦਰਜ ਕਰਵਾ ਦਿੱਤੀ ਹੈ। ਉਨ੍ਹਾਂ ਕਿਹਾ, ‘ਮੇਰਾ ਮੰਨਣਾ ਹੈ ਕਿ ਸਕੂਲ ਦੀ ਪਛਾਣ ਤੇ ਏਕੀਕਰਨ ਲਈ ਵਿਦਿਆਰਥੀਆਂ ਲਈ ਇਕਸਾਰ ਵਰਦੀ ਹੋਣਾ ਅਹਿਮ ਹੈ। ਪਰ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮੁੱਖ ਧਾਰਮਿਕ ਚਿੰਨ੍ਹਾਂ ਨੂੰ ਧਾਰਨ ਕੀਤੇ ਜਾਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਸਕੂਲ ਵੱਲੋਂ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਧਾਰਮਿਕ ਰਹੁ-ਰੀਤਾਂ ਨੂੰ ਪੂਰਾ ਕਰਨ ਦੀ ਇਜਾਜ਼ਤ ਨਾ ਦਿੱਤੇ ਜਾਣਾ ਅਨੈਤਿਕ ਹੈ।’ ਉਨ੍ਹਾਂ ਕਿਹਾ ,’ਆਸਟਰੇਲੀਆ ਤੇ ਵਿਸ਼ਵ ਦੇ ਹੋਰਨਾਂ ਮੁਲਕਾਂ ਵਿਚ ਸਿੱਖ ਧਰਮ ‘ਚ ਕੇਸਾਂ ਤੇ ਪਗੜੀ ਦੀ ਮਹੱਤਤਾ ਨੂੰ ਸਮਝਦਿਆਂ ਵੱਖ-ਵੱਖ ਸੰਸਥਾਵਾਂ (ਸਕੂਲਾਂ, ਫ਼ੌਜ ਤੇ ਪੁਲਿਸ) ਵਿੱਚ ਪੱਗੜੀ ਨੂੰ ਵਰਦੀ ਦਾ ਹਿੱਸਾ ਮੰਨਿਆ ਗਿਆ ਹੈ, ਪਰ ਇਸ ਦੇ ਬਾਵਜੂਦ ਕਾਲਜ ਆਪਣੀ ਵਰਦੀ ਨੀਤੀ ਵਿੱਚ ਬਦਲਾਅ ਲਈ ਤਿਆਰ ਨਹੀਂ।’ ਪੀੜਤ ਬੱਚੇ ਦੇ ਪਿਤਾ ਨੇ ਭਾਈਚਾਰੇ ਤੋਂ ਇਸ ਮਾਮਲੇ ਵਿਚ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਹੈ ਕਿ ਪਛਾਣ ਲਈ ਹੋ ਰਹੀ ਇਹ ਜੱਦੋਜਹਿਦ ਭਾਵੇਂ ਲੰਮੀ ਹੋਵੇ, ਪਰ ਉਹ ਡਟੇ ਰਹਿਣਗੇ। ਇਸ ਮਾਮਲੇ ਵਿੱਚ ਸੂਬਾਈ ਕਮਿਸ਼ਨ ਸਾਹਮਣੇ ਅਗਲੀ ਸੁਣਵਾਈ 16 ਅਪਰੈਲ ਤੱਕ ਹੋਵੇਗੀ। ਉਧਰ ਰਿਪੋਰਟ ਮੁਤਾਬਕ ਕਾਲਜ ਨੇ ਕਮਿਸ਼ਨ ਨੂੰ ਦਿੱਤੇ ਲਿਖਤੀ ਜਵਾਬ ਵਿੱਚ ਮੌਜੂਦਾ ਯੂਨੀਫਾਰਮ ਪ੍ਰੋਟੋਕੋਲ ਨਾਲ ਕਿਸੇ ਤਰ੍ਹਾਂ ਦੀ ਛੇੜਖਾਨੀ ਤੋਂ ਇਨਕਾਰ ਕਰਦਿਆਂ ਕਿਸੇ ਨਵੀਂ ਆਈਟਮ ਨੂੰ ਇਸ ਵਿਚ ਸ਼ਾਮਲ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਉਂਜ ਕਾਲਜ ਨੇ ਪਰਿਵਾਰ ਨੂੰ ਹੋਈ ਨਮੋਸ਼ੀ ‘ਤੇ ਅਫਸੋਸ ਜ਼ਾਹਰ ਕੀਤਾ ਹੈ। ਯਾਦ ਰਹੇ ਕਿ ਆਸਟਰੇਲੀਆ ਵਿੱਚ 72 ਹਜ਼ਾਰ ਤੋਂ ਵੱਧ ਸਿੱਖ ਵਸਦੇ ਹਨ ਤੇ ਇਸ ਗਿਣਤੀ ਵਿਚ ਹਰ ਸਾਲ ਵਾਧਾ ਹੁੰਦਾ ਹੈ।
Check Also
ਗੌਤਮ ਅਡਾਨੀ ’ਤੇ ਨਿਊਯਾਰਕ ’ਚ ਧੋਖਾਧੜੀ ਤੇ ਰਿਸ਼ਵਤ ਦੇਣ ਦਾ ਆਰੋਪ
ਸੋਲਰ ਐਨਰਜੀ ਕੰਟਰੈਕਟ ਲਈ ਭਾਰਤੀ ਅਧਿਕਾਰੀਆਂ ਨੂੰ ਕਰੋੜਾਂ ਰੁਪਏ ਦੀ ਆਫਰ ਨਵੀਂ ਦਿੱਲੀ/ਬਿਊਰੋ ਨਿਊਜ਼ ਨਿਊਯਾਰਕ …