ਚੰਡੀਗੜ੍ਹ : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਸਾਹਿਤਕ, ਸਮਾਜਿਕ ਅਤੇ ਪੱਤਰਕਾਰਤਾ ਦੇ ਖੇਤਰ ਵਿਚ ਚਰਚਿਤ ਨਾਮ ਦੀਪਕ ਸ਼ਰਮਾ ਚਨਾਰਥਲ ਨੂੰ ਪੰਜਾਬ, ਭਾਰਤ ਸਣੇ ਕੈਨੇਡਾ, ਅਮਰੀਕਾ ਵਰਗੇ ਮੁਲਕਾਂ ਵਿਚ ਵੀ ਪੰਜਾਬ ਦੀ ਆਵਾਜ਼ ਕਿਹਾ ਜਾਂਦਾ ਹੈ, ਦਾ ਨਾਮ ਪੰਜਾਬ ਦੇ 50 ਤਾਕਤਵਰ ਵਿਅਕਤੀਆਂ ਵਿਚ ਸ਼ੁਮਾਰ ਹੋ ਗਿਆ ਹੈ। ਕਿਸਾਨੀ ਅੰਦੋਲਨ ‘ਚ ਪੰਜਾਬ ਦੀ ਅਵਾਜ਼ ਬਣ ਕੇ ਉਭਰੇ ਦੀਪਕ ਸ਼ਰਮਾ ਚਨਾਰਥਲ ਨੇ ਪੰਜਾਬ ਦੇ 50 ਤਾਕਤਵਰ ਵਿਅਕਤੀਆਂ ਵਿਚ ਥਾਂ ਬਣਾ ਕੇ ਇਕ ਮਿਸਾਲ ਕਾਇਮ ਕੀਤੀ ਹੈ। ‘ਪੰਜਾਬ ਥਿੰਕਸ’ ਮੈਗਜ਼ੀਨ ਵੱਲੋਂ ਜਾਰੀ ’50 ਮੋਸਟ ਪਾਵਰਫੁੱਲ ਇਨ ਪੰਜਾਬ’ ਸਿਰਲੇਖ ਹੇਠ ਸੂਚੀ ਵਿਚ ਦੀਪਕ ਸ਼ਰਮਾ ਚਨਾਰਥਲ ਦਾ ਨਾਂ ਵੀ ਦਰਜ ਹੈ।
ਸ੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਸਭ ਤੋਂ ਵੱਡੇ ਪਿੰਡ ਚਨਾਰਥਲ ਕਲਾਂ ਦੇ ਸਰਕਾਰੀ ਸਕੂਲ ‘ਚੋਂ ਵਿੱਦਿਆ ਹਾਸਲ ਕਰਕੇ, ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਤੋਂ ਪੱਤਰਕਾਰਤਾ ਦਾ ਸਫਰ ਸ਼ੁਰੂ ਕਰਨ ਵਾਲੇ ਅਤੇ ਚੰਡੀਗੜ੍ਹ ਸ਼ਹਿਰ ਦੀ ਧੜਕਣ ਬਣ ਚੁੱਕੇ ਦੀਪਕ ਸ਼ਰਮਾ ਚਨਾਰਥਲ ਦੀ ਪਹਿਚਾਣ ਅੱਜ ਹਰ ਉਸ ਮੁਲਕ ਵਿਚ ਹੈ ਜਿੱਥੇ ਪੰਜਾਬੀ ਭਾਈਚਾਰਾ ਵਸਦਾ ਹੈ।
ਇਸ ਸਬੰਧੀ ਜਦੋਂ ਦੀਪਕ ਸ਼ਰਮਾ ਚਨਾਰਥਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਭ ਰਹਿਮਤਾਂ ਪ੍ਰਮਾਤਮਾ ਦੀਆਂ ਹਨ ਅਤੇ ਕੁਦਰਤ ਤੋਂ ਵੱਧ ਤਾਕਤਵਰ ਕੋਈ ਨਹੀਂ। ਉਨ੍ਹਾਂ ਆਖਿਆ ਕਿ ਇਸ ਕਤਾਰ ਵਿਚ ਖਲੋ ਕੇ ਅੰਦਰ ਇਕ ਖੁਸ਼ੀ ਵੀ ਹੈ ਅਤੇ ਅਹਿਸਾਸ ਵੀ ਕਿ ਪੰਜਾਬ ਪ੍ਰਤੀ ਮੇਰੀ ਜ਼ਿੰਮੇਵਾਰੀ ਹੋਰ ਕਿੰਨੀ ਵਧ ਗਈ ਹੈ। ਪਰ ਨਾਲ ਹੀ ਦੀਪਕ ਚਨਾਰਥਲ ਨੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਮੈਂ ਤਾਂ ਹੈਰਾਨ ਕਿ ਮੇਰਾ ਨਾਂ ਇਸ ਸੂਚੀ ਵਿਚ ਕਿਵੇਂ ਆ ਗਿਆ। ਪਰ ਮਾਣ ਹੈ ਕਿ ਜਿਸ ਸੂਚੀ ਵਿਚ ਦਲਜੀਤ ਦੁਸਾਂਝ, ਦਵਿੰਦਰ ਸ਼ਰਮਾ ਅਤੇ ਹਮੀਰ ਸਿੰਘ ਵਰਗੀਆਂ ਹਸਤੀਆਂ ਦੇ ਨਾਮ ਦਰਜ ਹੋਣ, ਉਨ੍ਹਾਂ ਦੀ ਕਤਾਰ ਵਿਚ ਮੈਨੂੰ ਵੀ ਖੜ੍ਹਾ ਕੀਤਾ ਗਿਆ ਹੈ। ਦੀਪਕ ਸ਼ਰਮਾ ਨੇ ‘ਪੰਜਾਬ ਥਿੰਕਸ’ ਮੈਗਜ਼ੀਨ ਦੀ ਪ੍ਰਬੰਧਕੀ ਟੀਮ ਦੇ ਨਾਲ-ਨਾਲ ਸਰਵੇ ਵਿਚ ਉਨ੍ਹਾਂ ਦੇ ਨਾਮ ਦਾ ਜ਼ਿਕਰ ਕਰਨ ਵਾਲੇ ਵਿਅਕਤੀਆਂ ਦਾ ਵੀ ਧੰਨਵਾਦ ਕੀਤਾ।
‘ਪੰਜਾਬ ਥਿੰਕਸ’ ਮੈਗਜ਼ੀਨ ਵੱਲੋਂ ਇਕ ਗੁਪਤ ਸਰਵੇ ਤਹਿਤ ਪੰਜਾਬ ਦੇ 50 ਤਾਕਤਵਰ ਵਿਅਕਤੀਆਂ ਦੀ ਸੂਚੀ ਪ੍ਰਕਾਸ਼ਿਤ ਕੀਤੀ ਗਈ ਹੈ। ਅੰਗਰੇਜ਼ੀ ਵਿਚ ਪ੍ਰਕਾਸ਼ਿਤ ਉਕਤ ਮੈਗਜ਼ੀਨ ‘ਪੰਜਾਬ ਥਿੰਕਸ’ ਦੇ ਮੁਖੀ ਪ੍ਰੋਫੈਸਰ ਹਰਜੇਸ਼ਵਰ ਪਾਲ ਸਿੰਘ, ਨਵਰੀਤ ਸਿਵੀਆ ਤੇ ਉਨ੍ਹਾਂ ਦੀ ਸਮੁੱਚੀ ਟੀਮ ਨੇ ਦੱਸਿਆ ਕਿ ਇਹ ਸੂਚੀ ਤਿਆਰ ਕਰਨ ਪਿੱਛੇ ਮਹੀਨਿਆਂ ਦੀ ਘਾਲਣਾ ਹੈ। ਇਕ ਗੁਪਤ ਸਰਵੇ ਰਾਹੀਂ ਪੰਜਾਬ ਨੂੰ ਸਮਝਣ, ਪਹਿਚਾਨਣ ਅਤੇ ਜਾਨਣ ਵਾਲੀਆਂ ਸੈਂਕੜੇ ਸਖਸ਼ੀਅਤਾਂ ਤੋਂ ‘ਟੌਪ-10-10’ ਨਾਮ ਮੰਗੇ ਗਏ ਸੀ। ਉਸ ਆਧਾਰ ‘ਤੇ ਇਹ 50 ਪੰਜਾਬ ਦੇ ਤਾਕਤਵਰ ਵਿਅਕਤੀਆਂ ਦੀ ਸੂਚੀ ਤਿਆਰ ਹੋਈ ਹੈ। ਇਸ ਸੂਚੀ ਵਿਚ ਪੰਜਾਬ ਦੀ ਅਵਾਜ਼ ਬਣ ਚੁੱਕੇ ਨੌਜਵਾਨ ਪੱਤਰਕਾਰ , ਕਵੀ ਅਤੇ ਪੰਜਾਬ ਚਿੰਤਕ ਦੀਪਕ ਸ਼ਰਮਾ ਚਨਾਰਥਲ ਨੂੰ 45ਵੇਂ ਦਰਜੇ ‘ਤੇ ਥਾਂ ਮਿਲੀ ਹੈ।
ਜੇਕਰ 50 ਵਿਚੋਂ ਪਹਿਲੇ ਪੰਜ ਸਥਾਨ ਹਾਸਲ ਕਰਨ ਵਾਲੇ ਵਿਅਕਤੀਆਂ ਦੀ ਗੱਲ ਕਰਨੀ ਹੋਵੇ ਤਾਂ ਉਨ੍ਹਾਂ ਵਿਚ ਪਹਿਲੇ ਨੰਬਰ ‘ਤੇ ਮੁੱਖ ਮੰਤਰੀ ਭਗਵੰਤ ਮਾਨ, ਦੂਜੇ ਨੰਬਰ ‘ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਤੀਜੇ ਨੰਬਰ ‘ਤੇ ਡੀਜੀਪੀ ਪੰਜਾਬ ਗੌਰਵ ਯਾਦਵ, ਚੌਥੇ ਨੰਬਰ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪੰਜਵੇਂ ਨੰਬਰ ‘ਤੇ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਦਾ ਨਾਂ ਸ਼ਾਮਲ ਹੈ। ਇਸ ਸੂਚੀ ਵਿਚ ਮੌਜੂਦਾ ਮੁੱਖ ਮੰਤਰੀ ਦੇ ਨਾਲ ਦੋ ਸਾਬਕਾ ਮੁੱਖ ਮੰਤਰੀਆਂ ਸਣੇ 20 ਦੇ ਕਰੀਬ ਰਾਜਨੀਤਿਕ ਆਗੂਆਂ ਨੇ ਥਾਂ ਬਣਾਈ ਹੈ। ਇਸੇ ਤਰ੍ਹਾਂ ਇਨ੍ਹਾਂ 50 ਵਿਚ ਧਾਰਮਿਕ ਸੰਸਥਾਵਾਂ ਦੀ ਨੁਮਾਇੰਦਗੀ ਕਰਨ ਵਾਲੇ ਜਾਂ ਡੇਰਿਆਂ ਨਾਲ ਸਬੰਧਤ ਛੇ ਦੇ ਕਰੀਬ ਹਸਤੀਆਂ ਦੇ ਨਾਂ ਦਰਜ ਹਨ। ਚਾਰ ਵੱਡੇ ਅਧਿਕਾਰੀ ਅਤੇ ਤਿੰਨ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਨਾਂ ਵੀ ਦਰਜ ਹਨ। ਪਰ ਇਕ ਸਾਧਾਰਨ ਘਰੋਂ ਉਠ ਕੇ ਆਪਣੀ ਸੱਚਾਈ, ਆਪਣੀ ਕਿਰਤ ਅਤੇ ਪੰਜਾਬ ਦੇ ਹੱਕ-ਹਕੂਕ ਦੀ ਲੜਾਈ ਲੜਨ ਦੇ ਆਧਾਰ ‘ਤੇ ਦੀਪਕ ਸ਼ਰਮਾ ਚਨਾਰਥਲ ਦਾ ਨਾਂ ਵੀ ਇਸ 50 ਤਾਕਤਵਰਾਂ ਦੀ ਸੂਚੀ ਵਿਚ ਦਰਜ ਹੋਇਆ ਹੈ। ਤਿੰਨ ਕਰੋੜ ਤੋਂ ਵੱਧ ਦੀ ਅਬਾਦੀ ਵਾਲੇ ਪੰਜਾਬ ਵਿਚੋਂ ਚੁਣੇ 50 ਪਾਵਰਫੁੱਲ ਵਿਅਕਤੀਆਂ ਵਿਚ ਨਾਮ ਆਉਣ ਨਾਲ ਸਾਹਿਤਕ ਸਭਾਵਾਂ, ਪੱਤਰਕਾਰ ਯੂਨੀਅਨਾਂ ਅਤੇ ਪੰਜਾਬ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਆਂ ਵੱਲੋਂ ਦੀਪਕ ਸ਼ਰਮਾ ਚਨਾਰਥਲ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਖੁਸ਼ੀ ਘੱਟ ਹੈਰਾਨੀ ਵੱਧ ਹੈ : ਦੀਪਕ ਸ਼ਰਮਾ
ਪੰਜਾਬ ਦੇ 50 ਪਾਵਰਫੁੱਲ ਵਿਅਕਤੀਆਂ ਵਿਚ ਨਾਮ ਆਉਣ ਦੇ ਸਬੰਧ ਵਿਚ ਜਦੋਂ ਦੀਪਕ ਸ਼ਰਮਾ ਚਨਾਰਥਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੰਦਾ ਪਾਵਰਫੁੱਲ ਨਹੀਂ ਹੋ ਸਕਦਾ ਇਹ ਰਹਿਮਤਾਂ ਪ੍ਰਮਾਤਮਾ ਬਖਸ਼ਦਾ ਹੈ ਅਤੇ ਤਾਕਤਵਰ ਤਾਂ ਕੁਦਰਤ ਹੀ ਹੈ। ਚਾਹੇ ਕਿਸਾਨੀ ਅੰਦੋਲਨ ਹੋਵੇ, ਚਾਹੇ ਪੰਜਾਬ ਨਾਲ ਸਬੰਧਤ ਕੋਈ ਹੱਕ-ਹਕੂਕ ਦਾ ਮਸਲਾ, ਅਜਿਹੇ ਮੌਕਿਆਂ ‘ਤੇ ਮੁਹਰਲੀ ਕਤਾਰ ‘ਚ ਖੜ੍ਹ ਕੇ ਹੱਕ-ਸੱਚ ਦੀ ਲੜਾਈ ਲੜਨ ਵਾਲੇ ਪੱਤਰਕਾਰ ਅਤੇ ਕਵੀ ਵਜੋਂ ਦੀਪਕ ਸ਼ਰਮਾ ਚਨਾਰਥਲ ਪੰਜਾਬ ਅਤੇ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਆਪਣੀ ਇਕ ਵੱਖਰੀ ਥਾਂ ਬਣਾ ਚੁੱਕੇ ਹਨ। ਪਰ ਪੰਜਾਬ ਦੇ 50 ਤਾਕਤਵਰਾਂ ਦੀ ਸੂਚੀ ਵਿਚ ਨਾਮ ਦਰਜ ਹੋਣ ‘ਤੇ ਉਨ੍ਹਾਂ ਕਿਹਾ ਕਿ ਮੈਂ ਖੁਸ਼ ਘੱਟ ਹਾਂ ਹੈਰਾਨ ਵੱਧ ਹਾਂ।
ਦੀਪਕ ਸ਼ਰਮਾ ਨੇ ਕਿਹਾ ਕਿ ਨਾ ਤਾਂ ਮੇਰੇ ਕੋਲ ਸੱਤਾ ਦੀ ਤਾਕਤ ਹੈ, ਨਾ ਪੈਸੇ ਦੀ, ਮੈਨੂੰ ਨਹੀਂ ਪਤਾ ਕਿ ਮੇਰਾ ਨਾਮ ਇਸ ਵਿਚ ਕਿਵੇਂ ਆ ਗਿਆ। ਹਾਂ ਇਹ ਜ਼ਰੂਰ ਹੈ ਕਿ ਪੰਜਾਬ ਤੇ ਪੰਜਾਬੀਅਤ ਲਈ ਲੜਨ ਦੀ ਤਾਕਤ ਹੋਰ ਵਧ ਗਈ ਤੇ ਸੂਖਮ ਜਿਹੀ ਇਕ ਖੁਸ਼ੀ ਮਹਿਸੂਸ ਵੀ ਕਰ ਰਿਹਾ ਹਾਂ ਅਤੇ ਉਨ੍ਹਾਂ ਕਿਹਾ ਕਿ ਪ੍ਰਮਾਤਮਾ ਮਿਹਰ ਕਰੇ ਪੰਜਾਬ ਲਈ ਖੜ੍ਹਦੇ ਰਹਾਂਗੇ, ਲੜਦੇ ਰਹਾਂਗੇ ਅਤੇ ਜਿੱਤਦੇ ਵੀ ਰਹਾਂਗੇ। ਸੂਚੀਆਂ ਵਿਚ ਨਾਮ ਦਰਜ ਕਰਵਾਉਣਾ ਟੀਚਾ ਨਹੀਂ, ਸਾਡਾ ਟੀਚਾ ਤਾਂ ਕਿਰਤ ਕਰਨਾ ਅਤੇ ਪੰਜਾਬ ਤੇ ਪੰਜਾਬੀਅਤ ਦਾ ਸਿਰ ਉਚਾ ਕਰਨਾ ਹੈ।