Breaking News
Home / ਪੰਜਾਬ / ਪਟਿਆਲਾ ‘ਚ ਢਾਈ ਦਹਾਕਿਆਂ ਤੋਂ ਗੁੱਟਬੰਦੀ ਕਾਰਨ ਹਾਰਦਾ ਆ ਰਿਹੈ ਅਕਾਲੀ ਦਲ

ਪਟਿਆਲਾ ‘ਚ ਢਾਈ ਦਹਾਕਿਆਂ ਤੋਂ ਗੁੱਟਬੰਦੀ ਕਾਰਨ ਹਾਰਦਾ ਆ ਰਿਹੈ ਅਕਾਲੀ ਦਲ

ਪਾਰਟੀ ਵੋਟ ਵੱਧ ਹੋਣ ਦੇ ਬਾਵਜੂਦ ਮਿਲਦੀ ਰਹੀ ਨਮੋਸ਼ੀ; ਇਸ ਵਾਰ ਪਾਰਟੀ ਨੇ ਹਿੰਦੂ ਉਮੀਦਵਾਰ ‘ਤੇ ਖੇਡਿਆ ਦਾਅ
ਪਟਿਆਲਾ/ਬਿਊਰੋ ਨਿਊਜ਼ : ਲੋਕ ਸਭਾ ਹਲਕਾ ਪਟਿਆਲਾ ‘ਚ ਭਾਵੇਂ ਵਧੇਰੇ ਅਕਾਲੀ ਵੋਟ ਹੈ ਪਰ ਆਪਸੀ ਗੁੱਟਬੰਦੀ ਕਾਰਨ ਅਕਾਲੀ ਦਲ ਪਿਛਲੀਆਂ ਕਈ ਚੋਣਾਂ ਦੌਰਾਨ ਹਾਰ ਦਾ ਸਾਹਮਣਾ ਕਰਦਾ ਆ ਰਿਹਾ ਹੈ। ਅਕਾਲੀ ਦਲ ਨੂੰ 26 ਸਾਲ ਪਹਿਲਾਂ 1998 ‘ਚ ਇੱਥੋਂ ਜਿੱਤ ਮਿਲੀ ਸੀ। ਉਦੋਂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਾਂਗਰਸੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੂੰ 33251 ਵੋਟਾਂ ਨਾਲ ਹਰਾਇਆ ਸੀ। ਉਂਜ 1996 ਦੀ ਚੋਣ ਵੀ ਚੰਦੂਮਾਜਰਾ ਨੇ ਹੀ ਜਿੱਤੀ ਸੀ, ਜਦੋਂ ਉਨ੍ਹਾਂ ਨੇ ਕਾਂਗਰਸ ਦੇ ਹੀ ਸਿਟਿੰਗ ਐੱਮਪੀ ਸੰਤ ਰਾਮ ਸਿੰਗਲਾ ਨੂੰ 49,066 ਵੋਟਾਂ ਦੇ ਫਰਕ ਨਾਲ ਹਰਾਇਆ ਸੀ।
ਭਾਵੇਂ ਅਧਿਕਾਰਤ ਤੌਰ ‘ਤੇ ਕੋਈ ਵੀ ਆਗੂ ਅਕਾਲੀ ਦਲ ਵਿਚ ਗੁਟਬੰਦੀ ਦੀ ਗੱਲ ਸਵੀਕਾਰ ਨਹੀਂ ਕਰਦਾ ਪਰ ਅਸਲ ਵਿੱਚ 1998 ਤੋਂ ਬਾਅਦ ਹੋਈਆਂ ਪੰਜ ਚੋਣਾਂ ‘ਚ ਹਰ ਅਕਾਲੀ ਉਮੀਦਵਾਰ ਇੱਥੋਂ ਪਾਰਟੀ ਆਗੂਆਂ ਦੀ ਆਪਸੀ ਗੁੱਟਬੰਦੀ ਦਾ ਸ਼ਿਕਾਰ ਹੁੰਦਾ ਰਿਹਾ ਹੈ। 1999 ਵਿੱਚ ਹੋਈ ਚੋਣ ਅਕਾਲੀ ਦਲ ਦੀ ਧੜੇਬੰਦੀ ਦਾ ਕਾਰਨ ਬਣੀ। ਉਦੋਂ ਤੱਕ ਟੌਹੜਾ ਧੜਾ ਵੱਖ ਹੋ ਚੁੱਕਿਆ ਸੀ, ਜਿਸ ਕਰਕੇ ਪਾਰਟੀ ਟਿਕਟ ਸੁਰਜੀਤ ਸਿੰਘ ਰੱਖੜਾ ਨੂੰ ਮਿਲੀ ਤੇ ਚੰਦੂਮਾਜਰਾ ਟੌਹੜਾ ਧੜੇ ਤੋਂ ਲੜੇ। ਇਸ ਦੌਰਾਨ ਕਾਂਗਰਸ ਦੀ ਪ੍ਰਨੀਤ ਕੌਰ ਨੇ ਰੱਖੜਾ ਤੋਂ 78,908 ਵੋਟਾਂ ਨਾਲ ਚੋਣ ਜਿੱਤੀ। ਇਸ ਦੌਰਾਨ ਰੱਖੜਾ ਤੇ ਚੰਦੂਮਾਜਰਾ ਦੀਆਂ ਵੋਟਾਂ ਦਾ ਜੋੜ ਪ੍ਰਨੀਤ ਕੌਰ ਦੀਆਂ ਵੋਟਾਂ ਨਾਲੋਂ ਵੱਧ ਸੀ। 2004 ‘ਚ ਰੱਖੜਾ ਦੀ ਥਾਂ ਕੈਪਟਨ ਕੰਵਲਜੀਤ ਸਿੰਘ ਨੂੰ ਟਿਕਟ ਮਿਲੀ ਪਰ ਉਹ ਵੀ ਹਾਰ ਗਏ। ਉਦੋਂ ਵੀ ਅਕਾਲੀ ਧੜਿਆਂ ‘ਤੇ ਉਨ੍ਹਾਂ ਦੀ ਅੰਦਰੂਨੀ ਵਿਰੋਧਤਾ ਦੇ ਆਰੋਪ ਲੱਗੇ। ਇਸ ਦੌਰਾਨ ਕੈਪਟਨ ਕੰਵਲਜੀਤ ਸਿੰਘ ਦੀ ਸ਼ਿਕਾਇਤ ‘ਤੇ ਪਾਰਟੀ ਨੇ ਇੱਕ ਵੱਡੇ ਨੇਤਾ ਨੂੰ ਬਾਹਰ ਦਾ ਰਸਤਾ ਦਿਖਾਇਆ ਸੀ। ਇਸੇ ਤਰ੍ਹਾਂ 2009 ‘ਚ ਮੁੜ ਚੰਦੂਮਾਜਰਾ ਲੜੇ ਤਾਂ ਉਨ੍ਹਾਂ ਨਾਲ ਵੀ ਇਹੀ ਭਾਣਾ ਵਾਪਰਿਆ ਤੇ ਉਹ ਤਾਂ 97,389 ਵੋਟਾਂ ਦੇ ਫਰਕ ਨਾਲ ਹਾਰੇ। ਉਨ੍ਹਾਂ ਵੀ ਇਸ ਹਾਰ ਦਾ ਕਾਰਨ ਅੰਦਰੂਨੀ ਵਿਰੋਧੀ ਧੜਿਆਂ ਨੂੰ ਦੱਸਿਆ। 2014 ‘ਚ ਕਿਸੇ ਸਮੇਂ ਪ੍ਰਨੀਤ ਕੌਰ ਦੇ ਹੀ ਚੇਲੇ ਰਹੇ ਦੀਪਿੰਦਰ ਸਿੰਘ ਢਿੱਲੋਂ ਨੂੰ ਨਵੇਂ ਚਿਹਰੇ ਵਜੋਂ ਅਕਾਲੀ ਦਲ ਨੇ ਮੈਦਾਨ ‘ਚ ਉਤਾਰਿਆ, ਤਾਂ ਉਹ ਭਾਵੇਂ ਤੀਜੇ ਨੰਬਰ ‘ਤੇ ਆਏ ਪਰ ਮੁਕਾਬਲਾ ਪੂਰਾ ਦਿੱਤਾ। ਉਦੋਂ ‘ਆਪ’ ਦੇ ਡਾ. ਧਰਮਵੀਰ ਗਾਂਧੀ ਨੇ 20,942 ਵੋਟਾਂ ਦੇ ਫਰਕ ਨਾਲ ਪ੍ਰਨੀਤ ਕੌਰ ਨੂੰ ਹਰਾਇਆ ਸੀ।
ਉਧਰ 2019 ‘ਚ ਮੁੜ ਰੱਖੜਾ ਚੋਣ ਪਿੜ ‘ਚ ਉੱਤਰੇ, ਤਾਂ ਉਨ੍ਹਾਂ ਨਾਲ ਵੀ ਚੰਦੂਮਾਜਰਾ ਵਾਲੀ ਹੋਈ। ਉਹ ਪ੍ਰਨੀਤ ਕੌਰ ਤੋਂ 1,62,318 ਵੋਟਾਂ ਨਾਲ ਹਾਰ ਗਏ, ਜੋ ਹੁਣ ਤੱਕ ਦੀ ਸਭ ਤੋਂ ਵੱਡੀ ਲੀਡ ਹੋ ਨਿੱਬੜੀ। ਉਦੋਂ ਇਕਲੌਤੇ ਅਕਾਲੀ ਵਿਧਾਇਕ ਦੇ ਹਲਕੇ ਵਿੱਚੋਂ ਅਕਾਲੀ ਉਮੀਦਵਾਰ ਨੂੰ ਮਿਲੀ ਸਭ ਤੋਂ ਵੱਧ 42 ਹਜ਼ਾਰ ਦੀ ਹਾਰ ਕਾਫ਼ੀ ਚਰਚਾ ‘ਚ ਰਹੀ। ਇਸ ਵਾਰ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਐੱਨਕੇ ਸ਼ਰਮਾ ਨੂੰ ਉਮੀਦਵਾਰ ਬਣਾਇਆ ਹੈ। ਉਹ ਜਿਥੇ ਅਕਾਲੀ ਪਾਰਟੀ ਦਾ ਇੱਥੋਂ ਪਲੇਠਾ ਹਿੰਦੂ ਉਮੀਦਵਾਰ ਹੈ, ਉਥੇ ਹੀ ਸਰਵਪ੍ਰਵਾਨਤ ਵੀ ਹੈ। ਪਹਿਲਾਂ ਵਾਂਗ ਉਸ ਦੀ ਮੁਖ਼ਾਲਫ਼ਤ ਹੋਣ ਦੇ ਆਸਾਰ ਨਹੀਂ ਹਨ। ਪ੍ਰਚਾਰ ਦੌਰਾਨ ਸ਼ਰਮਾ ਨੂੰ ਚੰਗਾ ਹੁਲਾਰਾ ਵੀ ਮਿਲ ਰਿਹਾ ਹੈ।

 

 

Check Also

ਚੰਡੀਗੜ੍ਹ ਗਰਨੇਡ ਹਮਲੇ ਦਾ ਇਕ ਆਰੋਪੀ ਗਿ੍ਫ਼ਤਾਰ

ਆਰੋਪੀ ਕੋਲੋਂ ਇਕ ਪਿਸਤੌਲ ਸਮੇਤ ਗੋਲਾ ਬਾਰੂਦ ਵੀ ਹੋਇਆ ਬਰਾਮਦ ਚੰਡੀਗੜ੍ਹ/ਬਿਊਰੋ ਨਿਊਜ਼ : ਚੰਡੀਗੜ੍ਹ ਦੇ …