19.2 C
Toronto
Tuesday, October 7, 2025
spot_img
Homeਪੰਜਾਬਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਦਲ ਬਦਲੂਆਂ 'ਤੇ ਟੇਕ

ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਦਲ ਬਦਲੂਆਂ ‘ਤੇ ਟੇਕ

ਟਿਕਟਾਂ ਦੀ ਵੰਡ ‘ਚ ਵੀ ਦਲਬਦਲੂਆਂ ਨੂੰ ਪਹਿਲ
ਚੰਡੀਗੜ੍ਹ/ਬਿਊਰੋ ਨਿਊਜ਼ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਸਰਗਰਮੀਆਂ ਤੇਜ਼ ਕਰਦਿਆਂ ਉਮੀਦਵਾਰਾਂ ਨੂੰ ਮੈਦਾਨ ‘ਚ ਉਤਾਰਨ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਹਨ। ਭਾਜਪਾ ਨੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ 13 ‘ਚੋਂ 6 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਭਾਜਪਾ ਦੀ ਸੂਚੀ ਵਿਚ ਦਲਬਦਲੂਆਂ ਨੂੰ ਤਰਜੀਹ ਦਿੱਤੀ ਗਈ ਹੈ। ਭਾਜਪਾ ਵੱਲੋਂ ਪੰਜਾਬ ਵਿੱਚ ਦੂਜੀਆਂ ਪਾਰਟੀਆਂ ਤੋਂ ਆਏ ਉਮੀਦਵਾਰਾਂ ‘ਤੇ ਟੇਕ ਰੱਖੀ ਜਾ ਰਹੀ ਹੈ, ਜਿਸ ਨੇ 6 ‘ਚੋਂ 4 ਜਣਿਆਂ ਨੂੰ ਕੁਝ ਦਿਨ ਪਹਿਲਾਂ ਹੀ ਪਾਰਟੀ ਵਿੱਚ ਸ਼ਾਮਲ ਕਰਵਾਇਆ ਹੈ। ਜਾਣਕਾਰੀ ਅਨੁਸਾਰ ਭਾਜਪਾ ਨੇ ਪੰਜਾਬ ਵਿੱਚ ਲੋਕ ਸਭਾ ਹਲਕਾ ਪਟਿਆਲਾ ਤੋਂ ਪਰਨੀਤ ਕੌਰ, ਗੁਰਦਾਸਪੁਰ ਤੋਂ ਦਿਨੇਸ਼ ਸਿੰਘ ਬੱਬੂ, ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ, ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ, ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਅਤੇ ਫਰੀਦਕੋਟ ਤੋਂ ਹੰਸ ਰਾਜ ਹੰਸ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਨ੍ਹਾਂ ਵਿੱਚੋਂ ਪਰਨੀਤ ਕੌਰ, ਤਰਨਜੀਤ ਸਿੰਘ ਸੰਧੂ, ਸੁਸ਼ੀਲ ਕੁਮਾਰ ਰਿੰਕੂ ਅਤੇ ਰਵਨੀਤ ਸਿੰਘ ਬਿੱਟੂ ਨੂੰ ਭਾਜਪਾ ਨੇ ਕੁਝ ਦਿਨ ਪਹਿਲਾਂ ਹੀ ਪਾਰਟੀ ਵਿੱਚ ਸ਼ਾਮਲ ਕਰਵਾਇਆ ਹੈ। ਭਾਜਪਾ ਨੇ ਇਨ੍ਹਾਂ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਂਦਿਆ ਹੀ ਚੋਣ ਮੈਦਾਨ ਵਿੱਚ ਬਤੌਰ ਉਮੀਦਵਾਰ ਉਤਾਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ-2022 ਤੋਂ ਪਹਿਲਾਂ ਹੀ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਪਣੀ ਪਾਰਟੀ ਬਣਾ ਲਈ ਸੀ ਤੇ ਵਿਧਾਨ ਸਭਾ ਚੋਣਾਂ ਭਾਜਪਾ ਦੇ ਨਾਲ ਮਿਲ ਕੇ ਲੜੀਆਂ ਸਨ। ਦੂਜੇ ਪਾਸੇ ਪ੍ਰਨੀਤ ਕੌਰ ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਜਿੱਤੇ ਹੋਏ ਸਨ ਜਿਨ੍ਹਾਂ ਨੇ ਪਿਛਲੇ ਹਫ਼ਤੇ ਹੀ ਭਾਜਪਾ ਦਾ ਪੱਲਾ ਫੜਿਆ ਹੈ। ਜਲੰਧਰ ਤੋਂ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ‘ਆਪ’ ਨੇ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਮੁੜ ਲੋਕ ਸਭਾ ਚੋਣਾਂ ਲਈ ਉਮੀਦਵਾਰ ਐਲਾਨ ਦਿੱਤਾ ਸੀ ਪਰ ਰਿੰਕੂ ਵੀ ‘ਆਪ’ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਲੋਕ ਸਭਾ ਹਲਕਾ ਲੁਧਿਆਣਾ ਤੋਂ ਉਮੀਦਵਾਰ ਰਵਨੀਤ ਸਿੰਘ ਬਿੱਟੂ ਪਹਿਲਾਂ ਕਾਂਗਰਸ ਤੋਂ ਸੰਸਦ ਮੈਂਬਰ ਹਨ ਪਰ ਉਨ੍ਹਾਂ ਨੇ ਵੀ ਕੁਝ ਦਿਨ ਪਹਿਲਾਂ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਦਾ ਪੱਲਾ ਫੜ ਲਿਆ ਸੀ।
ਦੱਸਣਯੋਗ ਹੈ ਕਿ ਪੰਜਾਬ ਵਿੱਚ ਲੋਕ ਸਭਾ ਦੀਆਂ 13 ਸੀਟਾਂ ਲਈ ‘ਆਪ’ ਨੇ 7 ਉਮੀਦਵਾਰਾਂ ਤੇ ਭਾਜਪਾ ਨੇ 6 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ ਜਦੋਂ ਕਿ ‘ਆਪ’ ਵੱਲੋਂ ਰਹਿੰਦੇ ਉਮੀਦਵਾਰਾਂ ਦਾ ਐਲਾਨ ਅਗਲੇ ਹਫ਼ਤੇ ਤੱਕ ਕਰ ਦਿੱਤਾ ਜਾਵੇਗਾ। ਦੂਜੇ ਪਾਸੇ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੇ ਹਾਲੇ ਤੱਕ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ। ਉਹ ਦੋਵੇਂ ਪਾਰਟੀਆਂ ਆਪੋ-ਆਪਣੇ ਉਮੀਦਵਾਰਾਂ ਦੇ ਨਾਵਾਂ ਨੂੰ ਲੈ ਕੇ ਲਗਾਤਾਰ ਵਿਚਾਰ-ਚਰਚਾ ਕਰ ਰਹੀਆਂ ਹਨ।

 

 

RELATED ARTICLES
POPULAR POSTS