ਕਿਹਾ : ਤੋੜਨ ਵਾਲੇ ਅੱਜ ਭਾਰਤ ਨੂੰ ਜੋੜਨ ਦੀਆਂ ਗੱਲ ਕਰ ਰਹੇ ਨੇ
ਸ਼ਿਮਲਾ/ਬਿਊਰੋ ਨਿਊਜ਼ : ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੇ ਅੱਜ ਸ਼ਿਮਲਾ ਵਿਖੇ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਂ ਯਾਤਰਾ ’ਤੇ ਤੰਜ ਕਸਿਆ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਹਮੇਸ਼ਾ ਹੀ ਦੇਸ਼ ਨੂੰ ਤੋੜਨ ਦਾ ਯਤਨ ਕੀਤਾ ਹੈ ਉਹ ਅੱਜ ਭਾਰਤ ਨੂੰ ਜੋੜਨ ਦੀਆਂ ਗੱਲਾਂ ਕਰ ਰਹੇ ਹਨ। ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਈ ਜਦਕਿ ਕਾਂਗਰਸ ਪਾਰਟੀ ਇਸ ਦਾ ਵਿਰੋਧ ਕਰਦੀ ਰਹੀ। ਕਾਂਗਰਸ ਪਾਰਟੀ ਦੀ ਸੋਚ ਹਮੇਸ਼ਾ ਨੂੰ ਤੋੜਨ ਵਾਲੀ ਰਹੀ ਹੈ। ਇਸੇ ਦੌਰਾਨ ਜੇਪੀ ਨੱਢਾ ਨੇ ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਦੀਆਂ ਗਰੰਟੀਆਂ ਨੂੰ ਲੈ ਕੇ ਵੀ ਜ਼ੋਰਦਾਰ ਨਿਸ਼ਾਨਾ ਸਾਧਿਆ। ਉਨ੍ਹਾਂ ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਨੂੰ ਬੈਕ ਗੇਅਰ ਵਾਲੀ ਸਰਕਾਰ ਵੀ ਦੱਸਿਆ। ਨੱਢਾ ਨੇ ਕਿਹਾ ਕਿ ਨਾ ਹਿਮਾਚਲ ਵਾਸੀਆਂ ਨੂੰ 300 ਯੂਨਿਟ ਮੁਫ਼ਤ ਬਿਜਲੀ ਮਿਲੀ ਅਤੇ ਨਾ ਹੀ ਮਹਿਲਾਵਾਂ ਨੂੰ 1500 ਰੁਪਏ ਮਹੀਨਾ ਮਿਲਿਆ ਜਦਕਿ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਵੱਲੋਂ ਇਹ ਵਾਅਦਾ ਕੀਤੇ ਗਏ ਸਨ। ਇਸ ਤੋਂ ਪਹਿਲਾਂ ਜੇਪੀ ਨੱਢਾ ਦਾ ਸੋਲਨ ਪਹੁੰਚਣ ’ਤੇ ਪਾਰਟੀ ਵਰਕਰਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ ਅਤੇ ਇਥੇ ਨੱਢਾ ਵੱਲੋਂ ਇਕ ਰੋਡ ਸ਼ੋਅ ਵੀ ਕੀਤਾ ਗਿਆ।