21.2 C
Toronto
Monday, August 17, 2026
spot_img
Homeਪੰਜਾਬਸ੍ਰੀ ਹਰਿਮੰਦਰ ਸਾਹਿਬ ਵਿਖੇ ਨਵੇਂ ਵਰ੍ਹੇ 'ਤੇ ਪੰਜ ਲੱਖ ਸ਼ਰਧਾਲੂ ਹੋਏ ਨਤਮਸਤਕ

ਸ੍ਰੀ ਹਰਿਮੰਦਰ ਸਾਹਿਬ ਵਿਖੇ ਨਵੇਂ ਵਰ੍ਹੇ ‘ਤੇ ਪੰਜ ਲੱਖ ਸ਼ਰਧਾਲੂ ਹੋਏ ਨਤਮਸਤਕ

ਸ੍ਰੀ ਹਰਿਮੰਦਰ ਸਾਹਿਬ ਵਿਖੇ ਨਵੇਂ ਵਰ੍ਹੇ ‘ਤੇ ਪੰਜ ਲੱਖ ਸ਼ਰਧਾਲੂ ਹੋਏ ਨਤਮਸਤਕਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਵੱਡੀ ਗਿਣਤੀ ਸੰਗਤ ਨੇ ਨਤਮਸਤਕ ਹੋ ਕੇ ਨਵੇਂ ਵਰ੍ਹੇ 2024 ਨੂੰ ਜੀ ਆਇਆਂ ਕਿਹਾ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਨਵੇਂ ਵਰ੍ਹੇ ਕਰੀਬ ਚਾਰ ਤੋਂ ਪੰਜ ਲੱਖ ਸੰਗਤ ਨੇ ਇੱਥੇ ਨਤਮਸਤਕ ਹੋ ਕੇ ਨਵੇਂ ਵਰ੍ਹੇ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੱਸਿਆ ਕਿ 31 ਦਸੰਬਰ ਦੀ ਰਾਤ ਨੂੰ ਹੀ ਸੰਗਤ ਦੀ ਆਮਦ ਸ਼ੁਰੂ ਹੋ ਗਈ ਸੀ। ਬਾਦਲ ਪਰਿਵਾਰ ਨੇ ਪਿਛਲੇ ਸਾਲਾਂ ਵਾਂਗ ਇਸ ਸਾਲ ਵੀ 31 ਦਸੰਬਰ ਅਤੇ ਪਹਿਲੀ ਜਨਵਰੀ ਦੀ ਦਰਮਿਆਨੀ ਰਾਤ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਨਵੇਂ ਸਾਲ ਨੂੰ ਜੀ ਆਇਆਂ ਕਿਹਾ ਅਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਇਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਸਿਆਸੀ ਆਗੂਆਂ ਅਤੇ ਵੱਡੀ ਗਿਣਤੀ ਸੰਗਤ ਨੇ ਇੱਥੇ ਮੱਥਾ ਟੇਕਿਆ। ਨਵੇਂ ਸਾਲ ਨੂੰ ਜੀ ਆਇਆਂ ਕਹਿਣ ਦੇ ਪੱਛਮੀ ਢੰਗ ਤਰੀਕੇ ਦੇ ਵਧ ਰਹੇ ਰੁਝਾਨ ਵਿਚਾਲੇ ਲੋਕਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਨਵੇਂ ਵਰ੍ਹੇ ਨੂੰ ਜੀ ਆਇਆਂ ਕਹਿਣ ਦਾ ਰੁਝਾਨ ਵੀ ਵਧ ਰਿਹਾ ਹੈ। ਇਹੀ ਕਾਰਨ ਹੈ ਕਿ ਹਰ ਵਰ੍ਹੇ 31 ਦਸੰਬਰ ਦੀ ਰਾਤ ਅਤੇ ਪਹਿਲੀ ਜਨਵਰੀ ਨੂੰ ਇੱਥੇ ਸੰਗਤ ਦੀ ਭਾਰੀ ਆਮਦ ਰਹਿੰਦੀ ਹੈ। ਰਾਤ ਨੂੰ ਜਦੋਂ 12 ਵੱਜੇ ਤਾਂ ਇੱਥੇ ਪਰਿਕਰਮਾ ਵਿੱਚ ਸੰਗਤ ਦਾ ਹੜ੍ਹ ਆਇਆ ਹੋਇਆ ਸੀ। ਸੰਗਤਾਂ ਨੇ ਜੈਕਾਰੇ ਛੱਡ ਕੇ, ਮੂਲ ਮੰਤਰ ਦਾ ਪਾਠ ਕਰ ਕੇ ਅਤੇ ਗੁਰੂ ਘਰ ਵਿੱਚ ਨਤਮਸਤਕ ਹੁੰਦੇ ਹੋਏ ਨਵੇਂ ਵਰ੍ਹੇ ਨੂੰ ਜੀ ਆਇਆਂ ਕਿਹਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਉਨ੍ਹਾਂ ਦੀ ਪਤਨੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ, ਉਨ੍ਹਾਂ ਦੀ ਪਤਨੀ ਵਿਧਾਇਕ ਗਨੀਵ ਕੌਰ ਅਤੇ ਬੱਚੇ ਸ਼ਾਮਲ ਸਨ। ਇਸ ਮੌਕੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਹੋਰ ਕਈ ਸਿਆਸੀ ਆਗੂਆਂ ਨੇ ਵੀ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਤੇ ਗੁਰੂ ਘਰ ਦਾ ਆਸ਼ੀਰਵਾਦ ਲੈ ਕੇ ਨਵੇਂ ਵਰ੍ਹੇ ਦੀ ਸ਼ੁਰੂਆਤ ਕੀਤੀ। ਬੀਤੇ ਦਿਨਾਂ ਤੋਂ ਭਾਵੇਂ ਵਧੇਰੇ ਠੰਢ ਪੈ ਰਹੀ ਹੈ ਅਤੇ ਧੁੰਦ ਨੇ ਜਨ-ਜੀਵਨ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ ਪਰ ਇਸ ਦੇ ਬਾਵਜੂਦ ਦੂਰ-ਦੁਰਾਡੇ ਤੋਂ ਸੰਗਤ ਤੜਕੇ ਹੀ ਇੱਥੇ ਸੰਗਤ ਪੁੱਜੀ ਹੋਈ ਸੀ। ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਭਾਰੀ ਠੰਢ ਨੂੰ ਦੇਖਦਿਆਂ ਪਰਿਕਰਮਾ ਅਤੇ ਹੋਰਨਾਂ ਥਾਵਾਂ ‘ਤੇ ਸੰਗਤ ਦੀ ਸਹੂਲਤ ਲਈ ਵਧੇਰੇ ਗੱਦੇ ਤੇ ਗਲੀਚੇ ਵਿਛਾ ਦਿੱਤੇ ਗਏ ਸਨ। ਇਸ ਤੋਂ ਇਲਾਵਾ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿੱਚ ਦੋਹਾਂ ਮੰਜ਼ਿਲਾਂ ‘ਤੇ ਸਾਰੀ ਰਾਤ ਹੀ ਲੰਗਰ ਚੱਲਦਾ ਰਿਹਾ ਹੈ ਅਤੇ ਖਾਸ ਕਰਕੇ ਚਾਹ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਰਾਤ ਜਦੋਂ 12 ਵੱਜੇ ਅਤੇ ਨਵੇਂ ਸਾਲ ਦੀ ਸ਼ੁਰੂਆਤ ਹੋਈ ਤਾਂ ਵੱਡੀ ਗਿਣਤੀ ਸੰਗਤ ਨੇ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਗੁਰੂ ਘਰ ਵਿੱਚ ਅਰਦਾਸ ਕਰ ਕੇ ਨਵੇਂ ਵਰ੍ਹੇ ਨੂੰ ਜੀ ਆਇਆਂ ਕਿਹਾ।

 

RELATED ARTICLES
POPULAR POSTS