ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਮਿਲੀ ਹਾਈ ਕੋਰਟ ਤੋਂ ਵੱਡੀ ਰਾਹਤ
ਹਾਈ ਕੋਰਟ ’ਚ ਸਿੱਧੀ ਜ਼ਮਾਨਤ ਅਰਜ਼ੀ ਲਗਾ ਸਕਣਗੇ ਖਹਿਰਾ
ਚੰਡੀਗੜ੍ਹ/ਬਿਊਰੋ ਨਿਊਜ਼ : ਡਰੱਗ ਤਸਕਰੀ ਦੇ ਮਾਮਲੇ ’ਚ ਨਾਭਾ ਜੇਲ੍ਹ ’ਚ ਬੰਦ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਕੋਰਟ ਨੇ ਖਹਿਰਾ ਨੂੰ ਸਿੱਧਾ ਹਾਈ ਕੋਰਟ ’ਚ ਜ਼ਮਾਨਤ ਅਰਜ਼ੀ ਲਗਾਉਣ ਲਈ ਕਿਹਾ ਹੈ। ਜਦਕਿ ਇਸ ਤੋਂ ਪਹਿਲਾਂ ਸੁਖਪਾਲ ਖਹਿਰਾ ਨੇ ਆਪਣੀ ਗਿ੍ਰਫ਼ਤਾਰੀ ਨੂੰ ਅਸੰਵਿਧਾਨਿਕ ਦੱਸਦਿਆਂ ਮਾਮਲੇ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ ਸੀ। ਇਸ ’ਤੇ ਹਾਈ ਕੋਰਟ ਨੇ 24 ਘੰਟਿਆਂ ’ਚ ਪੰਜਾਬ ਸਰਕਾਰ ਨੂੰ ਜਵਾਬ ਦਾਖਲ ਕਰਨ ਲਈ ਕਿਹਾ ਸੀ ਪ੍ਰੰਤੂ ਸਰਕਾਰ ਵੱਲੋਂ ਕੋਈ ਜਵਾਬ ਕੋਰਟ ’ਚ ਦਾਖਲ ਨਹੀਂ ਕੀਤਾ ਅਤੇ ਨਾ ਹੀ ਪੰਜਾਬ ਸਰਕਾਰ ਵੱਲੋਂ ਕੋਈ ਕੋਰਟ ਵਿਚ ਪੇਸ਼ ਹੋਇਆ। ਇਸ ਤੋਂ ਬਾਅਦ ਹਾਈ ਕੋਰਟ ਨੇ ਸੁਖਪਾਲ ਖਹਿਰਾ ਨੂੰ ਵੱਖਰੇ ਤੌਰ ’ਤੇ ਜ਼ਮਾਨਤ ਪਟੀਸ਼ਨ ਦਾਖਲ ਕਰਨ ਦੀ ਮਨਜ਼ੂਰੀ ਦੇ ਦਿੱਤੀ। ਧਿਆਨ ਰਹੇ ਕਿ ਸੁਖਪਾਲ ਖਹਿਰਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ 2021 ’ਚ 2015 ਦੇ ਡਰੱਗ ਮਾਮਲੇ ਨਾਲ ਸਬੰਧਤ ਮਨੀ ਲਾਂਡਰਿੰਗ ਦੇ ਦੋਸ਼ ’ਚ ਗਿ੍ਰਫ਼ਤਾਰ ਕੀਤਾ ਸੀ। ਉਨ੍ਹਾਂ ਨੂੰ 2022 ’ਚ ਜ਼ਮਾਨਤ ਮਿਲ ਗਈ ਸੀ ਅਤੇ ਫਰਵਰੀ 2023 ’ਚ ਸੁਪਰੀਮ ਕੋਰਟ ਨੇ ਡਰੱਗ ਕੇਸ ’ਚ ਖਹਿਰਾ ਖਿਲਾਫ ਸੰਮਨ ਦੇ ਹੁਕਮ ਰੱਦ ਕਰ ਦਿੱਤੇ ਸਨ। ਇਸ ਤੋਂ ਬਾਅਦ ਖਹਿਰਾ ਨੂੰ ਪੰਜਾਬ ਪੁਲਿਸ ਨੇ ਲੰਘੀ 28 ਸਤੰਬਰ ਨੂੰ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਤੋਂ ਗਿ੍ਰਫਤਾਰ ਕਰ ਲਿਆ ਸੀ ਅਤੇ ਖਹਿਰਾ ਨੇ ਆਪਣੀ ਗਿ੍ਰਫਤਾਰੀ ਨੂੰ ਅਸੰਵਿਧਾਨਿਕ ਦੱਸਦੇ ਹੋਏ ਮਾਮਲੇ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ ਸੀ।