ਜਗਦੀਸ਼ ਟਾਈਟਲਰ ਦੀ ਜ਼ਮਾਨਤ ’ਤੇ ਸੁਖਬੀਰ ਬਾਦਲ ਨੇ ਪ੍ਰਗਟਾਇਆ ਇਤਰਾਜ਼
ਕਿਹਾ : ਨਿਆਂ ਲਈ ਭਟਕ ਰਹੇ ਸਿੱਖਾਂ ਦੇ ਜ਼ਖਮਾਂ ’ਤੇ ਛਿੜਕਿਆ ਨਮਕ
ਚੰਡੀਗੜ੍ਹ/ਬਿਊਰੋ ਨਿਊਜ਼ : 1984 ਸਿੱਖ ਕਤਲੇਆਮ ਦੇ ਆਰੋਪੀ ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਕੋਰਟ ਤੋਂ ਜ਼ਮਾਨਤ ਮਿਲਣ ’ਤੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਖਤ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਨਲਾਇਕੀ ਕਰਕੇ ਇਹ ਫੈਸਲਾ ਪਿਛਲੇ 40 ਸਾਲਾਂ ਤੋਂ ਨਿਆਂ ਲਈ ਭਟਕ ਰਹੇ ਨਿਰਾਸ਼ ਸਿੱਖ ਪਰਿਵਾਰਾਂ ਦੇ ਜ਼ਖਮਾਂ ’ਤੇ ਨਮਕ ਛਿੜਕਣ ਦੇ ਬਰਾਬਰ ਹੈ। ਸੁਖਬੀਰ ਬਾਦਲ ਨੇ ਟਵੀਟ ਕਰਕੇ ਕਿਹਾ ਕਿ ਕਈ ਸਰਕਾਰਾਂ ਆਈਆਂ ਅਤੇ ਚਲੀਆਂ ਗਈਆਂ ਪ੍ਰੰਤੂ ਸੱਜਣ ਕੁਮਾਰ ਵਰਗੇ ਕੁਝ ਦੋਸ਼ੀਆਂ ਨੂੰ ਛੱਡ ਕੇ ਬਾਕੀ ਆਰੋਪੀਆਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਗਈ। ਬਲਕਿ ਉਹ ਸਰਕਾਰਾਂ ਵਿਚ ਰਹਿੰਦੇ ਹੋਏ ਸੱਤਾ ਦਾ ਆਨੰਦ ਮਾਣ ਰਹੇ ਹਨ। ਇਸ ਮੌਕੇ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ’ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਹੁਣ ਤਾਂ ਉਸ ਪਾਰਟੀ ਨਾਲ ਰਲ਼ ਗਏ ਹਨ ਜਿਸ ਦੇ ਹੱਥ ਨਿਰਦੋਸ਼ਾਂ ਦੇ ਖੂਨ ਨਾਲ ਰੰਗੇ ਹੋਏ ਹਨ। ਅਜਿਹੇ ’ਚ ਆਮ ਆਦਮੀ ਪਾਰਟੀ ਕੋਲੋਂ ਵੀ ਸਿੱਖਾਂ ਨੂੰ ਇਨਸਾਫ਼ ਮਿਲਣ ਦੀ ਆਸ ਖਤਮ ਹੋ ਗਈ ਹੈ। ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਹਮੇਸ਼ਾਂ ਸਿੱਖਾਂ ਦੇ ਹੱਕਾਂ ਲਈ ਲੜਿਆ ਅਤੇ ਅੱਗੇ ਤੋਂ ਵੀ ਲੜਦਾ ਰਹੇਗਾ। ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਉਦੋਂ ਤੱਕ ਚੈਨ ਨਾਲ ਨਹੀਂ ਬੈਠੇਗਾ ਜਦੋਂ ਜਗਦੀਸ਼ ਟਾਈਟਲਰ ਅਤੇ ਉਸ ਦੇ ਸਾਥੀਆਂ ਨੂੰ ਸਜ਼ਾ ਨਹੀਂ ਹੋ ਜਾਂਦੀ।