Breaking News
Home / ਮੁੱਖ ਲੇਖ / ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਢਾਂਚੇ ‘ਚ ਜਵਾਬਦੇਹੀ ਤੇ ਪਾਰਦਰਸ਼ਤਾ ਲਿਆਉਣ ਦੀ ਲੋੜ

ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਢਾਂਚੇ ‘ਚ ਜਵਾਬਦੇਹੀ ਤੇ ਪਾਰਦਰਸ਼ਤਾ ਲਿਆਉਣ ਦੀ ਲੋੜ

ਤਲਵਿੰਦਰ ਸਿੰਘ ਬੁੱਟਰ
ਭਾਈ ਗੁਰਦਾਸ ਜੀ ਦਾ ਇਕ ਕਬਿਤ ਹੈ:
ਬਾਹਰ ਕੀ ਅਗਨਿ ਬੂਝਤ ਜਲ ਸਰਿਤਾ ਕੈ,
ਨਾਉ ਮੈ ਜਉ ਅਗਨਿ ਲਾਗੈ ਕੈਸੇ ਕੈ ਬੁਝਾਈਐ।
ਬਾਹਰ ਸੈ ਭਾਗਿ ਓਟ ਲੀਜੀਅਤ ਕੋਟ ਗੜ,
ਗੜ ਮੈ ਜਉ ਲੂਟਿ ਲੀਜੈ ਕਹੋ ਕਤ ਜਾਈਐ।
ਚੋਰਨ ਕੈ ਤ੍ਰਾਸ ਜਾਇ ਸਰਨਿ ਗਹੈ ਨਰਿੰਦ,
ਮਾਰੈ ਮਹੀਪਤਿ ਜੀਉ ਕੈਸੇ ਕੈ ਬਚਾਈਐ।
ਮਾਇਆ ਡਰ ਡਰਪਤ ਹਾਰਿ ਗੁਰਦੁਆਰੈ ਜਾਵੈ,
ਤਹਾ ਜਉ ਮਾਇਆ ਬਿਆਪੈ ਕਹਾ ਠਹਰਾਈਐ।੫੪੪।
ਭਾਵ ਕਿ ਬਾਹਰੀ ਅੱਗ ਨੂੰ ਨਦੀ ਦੇ ਪਾਣੀ ਨਾਲ ਬੁਝਾਇਆ ਜਾ ਸਕਦਾ ਹੈ ਪਰ ਜੇਕਰ ਨਦੀ ਵਿਚਲੀ ਬੇੜੀ ਨੂੰ ਹੀ ਅੱਗ ਲੱਗ ਜਾਵੇ ਤਾਂ ਉਹ ਕਿਵੇਂ ਬੁਝਾਈ ਜਾ ਸਕਦੀ ਹੈ? ਬਾਹਰੋਂ ਕਿਸੇ ਖ਼ਤਰੇ ਤੋਂ ਭੱਜ ਕੇ ਕਿਸੇ ਕਿਲੇ ਵਿਚ ਸ਼ਰਨ ਲਈ ਜਾ ਸਕਦੀ ਹੈ ਪਰ ਜੇ ਕਿਲੇ ਵਿਚ ਹੀ ਕੋਈ ਲੁੱਟ ਲਵੇ ਤਾਂ ਦੱਸੋ ਬੱਚ ਕੇ ਕਿੱਥੇ ਜਾਇਆ ਜਾਵੇ? ਚੋਰਾਂ ਦੇ ਡਰੋਂ ਭੱਜ ਕੇ ਕਿਸੇ ਰਾਜੇ ਦੀ ਸ਼ਰਨ ਲਈ ਜਾਵੇ ਪਰ ਜੇਕਰ ਰਾਜਾ ਹੀ ਮਾਰਨ ‘ਤੇ ਆ ਜਾਵੇ ਤਾਂ ਜਾਨ ਕਿਵੇਂ ਬਚਾਈ ਜਾ ਸਕਦੀ ਹੈ? ਇਸੇ ਤਰ੍ਹਾਂ ਮਨੁੱਖ ਸੰਸਾਰਕ ਲੋਭ-ਤ੍ਰਿਸ਼ਨਾਵਾਂ ਦੇ ਝੰਜਟ ਤੋਂ ਡਰ ਕੇ ਆਪਣੇ ਆਤਮਿਕ ਠਹਿਰਾਓ ਲਈ ਗੁਰੂ ਦੇ ਦਰ ‘ਤੇ ਜਾਂਦਾ ਹੈ ਪਰ ਜੇ ਉਥੇ ਵੀ ਮਾਇਆਵੀ ਤ੍ਰਿਸ਼ਨਾਵਾਂ ਪਿੱਛਾ ਨਾ ਛੱਡਣ ਤਾਂ ਫਿਰ ਬੰਦਾ ਹੋਰ ਕਿੱਥੇ ਜਾ ਸਕਦਾ ਹੈ?
ਭਾਈ ਗੁਰਦਾਸ ਜੀ ਦਾ ਉਪਰੋਕਤ ਕਥਨ ਅਜੋਕੇ ਹਾਲਾਤਾਂ ‘ਤੇ ਬਿਲਕੁਲ ਢੁਕਦਾ ਨਜ਼ਰ ਆਉਂਦਾ ਹੈ। ਦੁਨੀਆ ਭਰ ਤੋਂ ਕੇਵਲ ਸਿੱਖ ਹੀ ਨਹੀਂ, ਬਲਕਿ ਵੱਖ-ਵੱਖ ਧਰਮਾਂ ਨਾਲ ਸਬੰਧਿਤ ਲੋਕ ਸਿੱਖੀ ਦੇ ਕੇਂਦਰ ਜਿਸ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਸ਼ਰਧਾ ਵਿਚ ਭਿੱਜ ਕੇ ਆਉਂਦੇ ਹਨ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ‘ਚ ਸੇਵਾ ਕਰਨ ਨੂੰ ਆਪਣੇ ਧੰਨਭਾਗ ਸਮਝਦੇ ਹਨ ਤੇ ਪੰਗਤ ਵਿਚ ਬੈਠ ਕੇ ਲੰਗਰ ਛਕਣ ਤੋਂ ਪਹਿਲਾਂ ਪ੍ਰਸ਼ਾਦੇ ਨੂੰ ਮੱਥੇ ਨਾਲ ਲਾ ਕੇ ਸਤਿਕਾਰ ਦਿੰਦੇ ਹਨ, ਉਸ ਲੰਗਰ ਦੀਆਂ ਸੁੱਕੀਆਂ ਰੋਟੀਆਂ ਅਤੇ ਲੰਗਰ ਦੀ ਜੂਠ ਦੇ ਫੋਕਟ ਪਦਾਰਥਾਂ ਦੇ ਨਿਪਟਾਰੇ ਦੀ ਪ੍ਰਕਿਰਿਆ ਵਿਚ ਬੇਨਿਯਮੀ ਕਰਕੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਲਗਪਗ 1 ਕਰੋੜ ਰੁਪਏ ਦੀ ਹੇਰਾਫੇਰੀ ਕਰ ਗਏ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਮਾਮਲੇ ਦੀ ਮੁਢਲੀ ਪੜਤਾਲ ਤੋਂ ਬਾਅਦ ਸਖ਼ਤ ਤੇ ਮਿਸਾਲੀ ਕਾਰਵਾਈ ਕਰਦਿਆਂ 51 ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੂੰ ਮੁਅੱਤਲ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ ਪਰ ਕੁਝ ਮੁਲਾਜ਼ਮਾਂ ਦੀ ਗਿਰੇਵਾਨ ਤੋਂ ਡਿੱਗੀ ਹਰਕਤ ਨੇ ਸ਼ਰਧਾਵਾਨ ਸਿੱਖ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚਾਈ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹੋਣ ਤੋਂ ਪਹਿਲਾਂ ਗੁਰਦੁਆਰਿਆਂ ਦੀ ਸੇਵਾ-ਸੰਭਾਲ ਦੇ ਪ੍ਰਬੰਧ ਮਹੰਤਾਂ ਕੋਲ ਹੁੰਦੇ ਸਨ। ਮਹੰਤ ਅੰਗਰੇਜ਼ ਸਰਕਾਰ ਦੀ ਸ਼ਹਿ ‘ਤੇ ਜਿੱਥੇ ਗੁਰਦੁਆਰਿਆਂ ‘ਚ ਅਨੈਤਿਕ ਕੰਮ ਕਰਦੇ ਸਨ, ਉੱਥੇ ਗੁਰਦੁਆਰਿਆਂ ਦੇ ਚੜਤ-ਚੜ੍ਹਾਵੇ ਨੂੰ ਐਸ਼-ਪ੍ਰਸਤੀ ਲਈ ਵਰਤਦੇ ਸਨ। ਗੁਰਦੁਆਰਾ ਸੰਸਥਾ, ਜਿਸ ਮਕਸਦ ਲਈ ਗੁਰੂ ਸਾਹਿਬਾਨ ਨੇ ਖੜ੍ਹੀ ਕੀਤੀ ਸੀ, ਉਸ ਤੋਂ ਦੂਰ ਜਾਂਦੀ ਵੇਖਦਿਆਂ ਉਸ ਵੇਲੇ ਦੇ ਸਿੱਖਾਂ ਨੇ ਆਪਣੇ ਪਾਵਨ ਗੁਰਧਾਮਾਂ ਨੂੰ ਗੁਰਮਤਿ ਅਨੁਸਾਰੀ ਸੰਗਤੀ ਸੇਵਾ-ਸੰਭਾਲ ਵਿਚ ਲਿਆਉਣ ਅਤੇ ਗੁਰਦੁਆਰਾ ਸੰਸਥਾ ਨੂੰ ਆਪਣੇ ਬੁਨਿਆਦੀ ਮਨੋਰਥ ਦੇ ਮੁਖਾਤਿਬ ਕਰਨ ਲਈ, ਲਾਸਾਨੀ ਕੁਰਬਾਨੀਆਂ ਦੇ ਕੇ 1920 ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਸੀ। ਗੁਰਦੁਆਰਿਆਂ ਅੰਦਰੋਂ ਮਹੰਤਸ਼ਾਹੀ ਤੇ ਮਨਮਤੀ ਕੁਰੀਤੀਆਂ ਨੂੰ ਬਾਹਰ ਕੱਢ ਕੇ ਪੰਥ ਦੀ ਪ੍ਰਵਾਨਿਤ ਮਰਿਆਦਾ ਜਲਵਾਗਰ ਕਰਨ ਦੇ ਨਾਲ-ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੇਵਾ-ਸੰਭਾਲ ਦੇ ਸਮੁੱਚੇ ਕਾਰਜਾਂ ਨੂੰ ਨਿਯਮਬੱਧ, ਪਾਰਦਰਸ਼ੀ, ਇਮਾਨਦਾਰਾਨਾ ਤੇ ਸੰਗਤ ਅੱਗੇ ਜਵਾਬਦੇਹ ਬਣਾਉਣ ਲਈ ਪ੍ਰਬੰਧ ਸਕੀਮ, ਸੇਵਾ ਨਿਯਮ ਅਤੇ ਨਿਯਮ-ਉਪਨਿਯਮ ਤੈਅ ਕੀਤੇ ਗਏ। ਗੁਰਦੁਆਰਾ ਪ੍ਰਬੰਧਾਂ ਅਤੇ ਇਸ ਨਾਲ ਜੁੜੇ ਅਦਾਰਿਆਂ ਵਿਚ ਬੇਨਿਯਮੀਆਂ ਦੀ ਸੰਭਾਵਨਾਂ ਨੂੰ ਉੱਕਾ ਹੀ ਖ਼ਤਮ ਕਰਨ ਦੇ ਉਦੇਸ਼ ਨਾਲ ਕੁਝ ਸਖ਼ਤ ਨਿਯਮ ਵੀ ਬਣਾਏ ਗਏ, ਜਿਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਵੀ ਕਰਮਚਾਰੀ ਨੂੰ ਅਹੁਦੇ ਦੀ ਹੈਸੀਅਤ ਵਿਚ ਕਿਸੇ ਵੀ ਤਰਾਂ ਦੀ ਭੇਟਾ ਮਿਲਦੀ ਹੈ ਤਾਂ ਉਸ ਨੂੰ ਉਹ ਗੁਰੂ-ਘਰ ਦੀ ਅਮਾਨਤ ਸਮਝ ਕੇ ਦਫਤਰ ਜਮਾਂ ਕਰਵਾਏਗਾ, ਜੇਕਰ ਕੋਈ ਵੀ ਮੁਲਾਜ਼ਮ ਗੁਰੂ-ਘਰ ਦੀ ਕਿਸੇ ਅਮਾਨਤ ਨੂੰ ਨਿੱਜੀ ਹਿੱਤਾਂ ਲਈ ਵਰਤਦਾ ਹੈ ਤਾਂ ਉਸ ਦੀਆਂ ਸੇਵਾਵਾਂ ਮੌਕੂਫ਼ (ਖ਼ਤਮ) ਤੱਕ ਕਰਨ ਕੀਤੀਆਂ ਜਾ ਸਕਦੀਆਂ ਹਨ। ਗੁਰਦੁਆਰਾ ਐਕਟ ਅਨੁਸਾਰ ਸ਼੍ਰੋਮਣੀ ਕਮੇਟੀ ਦਾ ਹਰੇਕ ਮੁਲਾਜ਼ਮ ਤੇ ਟਰੱਸਟੀ ਗੁਰਦੁਆਰਾ ਫੰਡ ਨੂੰ ਆਪਣੇ ਨਿੱਜੀ ਫੰਡ ਨਾਲੋਂ ਵੀ ਵੱਧ ਜ਼ਿੰਮੇਵਾਰੀ ਨਾਲ ਸੰਕੋਚ ਕੇ ਖਰਚਣ ਦਾ ਪਾਬੰਦ ਹੁੰਦਾ ਹੈ ਅਤੇ ਗੈਰ-ਜ਼ਿੰਮੇਵਾਰੀ ਨਾਲ ਖਰਚ ਕਰਨ ਵਾਲੇ ਵਿਅਕਤੀ ‘ਤੇ ਵੀ ਕਾਰਵਾਈ ਹੋ ਸਕਦੀ ਹੈ। ਸ਼੍ਰੋਮਣੀ ਕਮੇਟੀ ਦੇ ਅਧੀਨ ਗੁਰਦੁਆਰਾ ਪ੍ਰਬੰਧਾਂ ਨੂੰ ਸੁਚਾਰੂ ਰੂਪ ਵਿਚ ਚਲਾਉਣ ਦੀ ਨਿਗਰਾਨੀ ਲਈ ਸੈਕਸ਼ਨ-85, ਇੰਸਪੈਕਸ਼ਨ ਬਰਾਂਚ ਅਤੇ ਫਲਾਇੰਗ ਵਿਭਾਗ ਹਨ ਜਦੋਂਕਿ ਸਾਰੇ ਵਿੱਤੀ ਪ੍ਰਬੰਧਾਂ ਦਾ ਲੇਖਾ-ਜੋਖਾ ਕਰਨ ਲਈ ਅਕਾਊਂਟਸ ਬਰਾਂਚ ਕੰਮ ਕਰਦੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਨਾਲ ਜੁੜੀ ਹਰੇਕ ਵਿੱਤੀ ਖਰੀਦ-ਵੇਚ ਨੂੰ ਇੰਸਪੈਕਸ਼ਨ ਬਰਾਂਚ ਦੇ ਇੰਸਪੈਕਟਰ ਦੀ ਹਾਜ਼ਰ ਵਿਚ ਮੁਕੰਮਲ ਕੀਤਾ ਜਾਂਦਾ ਹੈ ਅਤੇ ਚੈਕਿੰਗ ਲਈ ਫਲਾਇੰਗ ਵਿਭਾਗ ਦੇ ਦਸਤੇ ਛਾਪੇ ਮਾਰਦੇ ਹਨ।
ਇਕ ਸਦੀ ਦੇ ਸਫਰ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਖੁਦਮੁਖਤਿਆਰ ਗੁਰਦੁਆਰਾ ਸੰਸਥਾ, ਜਿਸ ਨੂੰ ਕਿ ਪੰਜਾਬ ਦੀ ਰਵਾਇਤ ‘ਚ ‘ਸਰਕਾਰ ਦੇ ਅੰਦਰ ਇਕ ਸਰਕਾਰ’ ਵਜੋਂ ਵੀ ਵੇਖਿਆ ਜਾਂਦਾ ਹੈ, ਨੇ ਬਹੁਤ ਉਤਰਾਅ-ਚੜਾਅ ਵੇਖੇ ਹਨ। ਕਦੇ ਇਹ ਸੰਸਥਾ ਰਾਜਨੀਤੀ ਨੂੰ ਪ੍ਰਭਾਵਿਤ ਕਰਦੀ ਰਹੀ ਅਤੇ ਕਦੇ ਰਾਜਨੀਤੀ ਇਸ ਨੂੰ। ਇਸੇ ਦੌਰਾਨ ਇਸ ਦੀ ਕਾਰਜਪ੍ਰਣਾਲੀ ਤੇ ਕਾਰਜਸ਼ੈਲੀ ਵੀ ਸਮੇਂ-ਸਮੇਂ ਪ੍ਰਭਾਵਿਤ ਹੁੰਦੀ ਰਹੀ ਹੈ। ਇਸ ਦੇ ਸਭ ਤੋਂ ਲੰਬਾ ਸਮਾਂ ਪ੍ਰਧਾਨ ਸਿੱਖ ਸਿਆਸਤ ਦੇ ਬਾਬਾ ਬੋਹੜ ਜਥੇਦਾਰ ਗੁਰਚਰਨ ਸਿੰਘ ਟੌਹੜਾ ਰਹੇ, ਜਿਨ੍ਹਾਂ ਦੇ ਕਾਰਜਕਾਲ ਨੂੰ ਅਜੇ ਤੱਕ ਚੇਤੇ ਕੀਤਾ ਜਾਂਦਾ ਹੈ। ਉਨ੍ਹਾਂ ਤੋਂ ਬਾਅਦ ਸਭ ਤੋਂ ਵੱਧ ਸਮਾਂ ਲਗਪਗ 11 ਸਾਲ ਜਥੇਦਾਰ ਅਵਤਾਰ ਸਿੰਘ ਮੱਕੜ ਪ੍ਰਧਾਨ ਰਹੇ। ਇਕ ਸਮੇਂ ਸ਼੍ਰੋਮਣੀ ਕਮੇਟੀ ਦਾ ਅਕਸ ਇਸ ਕਦਰ ਧੁੰਦਲਾ ਹੋਣ ਲੱਗਾ ਸੀ ਕਿ ਗੁਰਦੁਆਰਿਆਂ ਦੇ ਪ੍ਰਬੰਧਾਂ ‘ਚ ਵਿੱਤੀ ਬੇਨਿਯਮੀਆਂ, ਭ੍ਰਿਸ਼ਟਾਚਾਰ, ਅਨੈਤਿਕ ਕਾਰਵਾਈਆਂ ਅਤੇ ਧਰਮ ਪ੍ਰਚਾਰ ਵਿਚ ਅਵੇਸਲੇਪਨ ਵਰਗੇ ਦੋਸ਼ਾਂ ਦੀ ਚਰਚਾ ਆਮ ਜਿਹੀ ਗੱਲ ਹੋ ਗਈ ਸੀ। ਇਮਾਰਤੀ ਉਸਾਰੀਆਂ, ਮੈਨੇਜਰਾਂ ਦੀਆਂ ਨਿਯੁਕਤੀਆਂ-ਬਦਲੀਆਂ ਅਤੇ ਹੋਰ ਕੰਮਾਂ ਵਿਚ ਲੈਣ-ਦੇਣ ਅਤੇ ਭਾਈ-ਭਤੀਜਾਵਾਦ ਭਾਰੂ ਹੋਣ ਦੇ ਦੋਸ਼ ਤੱਕ ਲੱਗਦੇ ਰਹੇ। ਇਕ ਵੇਲੇ ਤਾਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦਾ ਅਕਸ ਇਸ ਕਦਰ ਖ਼ਰਾਬ ਹੋ ਗਿਆ ਸੀ ਕਿ ਸਾਲ 2005 ‘ਚ ਇਕ ਅਖਬਾਰ ਵਿਚ ਸੂਚਨਾ ਦੇ ਅਧਿਕਾਰ ਤਹਿਤ ਪੰਜਾਬ ਪੁਲਿਸ ਮੁਖੀ ਦੇ ਹਵਾਲੇ ਨਾਲ ਖ਼ਬਰ ਛਪੀ ਸੀ ਕਿ ਸ਼੍ਰੋਮਣੀ ਕਮੇਟੀ ਦੇ ਹਰ ਚੌਥੇ ਮੁਲਾਜ਼ਮ ਦੇ ਖਿਲਾਫ਼ ਕੋਈ ਅਪਰਾਧਿਕ ਮੁਕੱਦਮਾ ਚੱਲਦਾ ਹੈ।
ਬੇਸ਼ੱਕ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਪ੍ਰਧਾਨ ਬਣਨ (2016) ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਕਾਰਜਸ਼ੈਲੀ ਵਿਚ ਸੁਧਾਰ ਵਾਲੇ ਪਾਸੇ ਗੱਲ ਤੁਰੀ ਅਤੇ ਅਗਲੇ ਪ੍ਰਧਾਨਾਂ ਨੇ ਵੀ ਸ਼੍ਰੋਮਣੀ ਕਮੇਟੀ ਦੀ ਕਾਰਜਸ਼ੈਲੀ ਵਿਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਰਾਜਸੀ ਮੁੱਦਾ ਬਣਦਾ ਦੇਖਦਿਆਂ ਗੰਭੀਰਤਾ ਨਾਲ ਸੰਸਥਾ ਦਾ ਅਕਸ ਸੁਧਾਰਨ ਲਈ ਕਈ ਠੋਸ ਕਦਮ ਵੀ ਪੁੱਟੇ ਪਰ ਗੈਰ-ਜ਼ਰੂਰੀ ਸਿਆਸੀ ਦਖ਼ਲ, ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਚਲੀ ਧੜੇਬੰਦੀ ਅਤੇ ਬਹੁਤ ਸਾਰੇ ਕਰਮਚਾਰੀਆਂ ਵਿਚ ਗੈਰ-ਪੇਸ਼ੇਵਾਰਾਨਾ ਤੇ ਗੈਰ-ਜਿੰਮੇਵਾਰਾਨਾ ਸੱਭਿਆਚਾਰ ਕਾਰਨ ਬਹੁਤ ਕੁਝ ਹੋਣੋਂ ਰਹਿ ਗਿਆ। ਹਾਲਾਂਕਿ ਪਿਛਲੇ ਸਾਲਾਂ ਦੌਰਾਨ ਕਸ਼ਮੀਰ, ਉੜੀਸਾ, ਉਤਰਾਖੰਡ, ਮੇਘਾਲਿਆ, ਨੇਪਾਲ ਅਤੇ ਅੰਡੇਮਾਨ-ਨਿਕੋਬਾਰ ਵਿਚ ਆਈਆਂ ਕੁਦਰਤੀ ਆਫਤਾਂ ਅਤੇ ਕਰੋਨਾ ਕਾਲ ਦੌਰਾਨ ਸ਼੍ਰੋਮਣੀ ਕਮੇਟੀ ਵਲੋਂ ਲੋੜਵੰਦਾਂ ਦੀ ਸਹਾਇਤਾ ਦੇ ਕਾਰਨ ਕਰਨ ਸਦਕਾ ਸ਼੍ਰੋਮਣੀ ਕਮੇਟੀ ਦਾ ਪ੍ਰਭਾਵ ਕੌਮਾਂਤਰੀ ਪੱਧਰ ‘ਤੇ ਵਧਿਆ ਹੈ ਪਰ ਪ੍ਰਬੰਧਕੀ ਢਾਂਚੇ ਵਿਚਲੀਆਂ ਚੋਰ-ਮੋਰੀਆਂ ਤੇ ਖਾਮੀਆਂ ਕਾਰਨ ਗਾਹੇ-ਬਗਾਹੇ ਗੁਰਦੁਆਰਿਆਂ ਨਾਲ ਜੁੜੇ ਵਿੱਤੀ ਭ੍ਰਿਸ਼ਟਾਚਾਰ ਦੇ ਮਾਮਲੇ ਉਜਾਗਰ ਹੁੰਦੇ ਹਨ ਤਾਂ ਸਮਰੱਥ ਸਿੱਖ ਸੰਸਥਾ ਦਾ ਅਕਸ ਦੁਨੀਆ ਸਾਹਮਣੇ ਖ਼ਰਾਬ ਹੁੰਦਾ ਹੈ।
ਭਾਵੇਂਕਿ ਸ਼੍ਰੋਮਣੀ ਕਮੇਟੀ ਦੀ ਕਾਰਜਪ੍ਰਣਾਲੀ ਨਾਲ ਜੁੜੇ ਵਿਵਾਦ ਕੁਝ ਅਹੁਦੇਦਾਰਾਂ, ਅਧਿਕਾਰੀਆਂ ਜਾਂ ਮੁਲਾਜ਼ਮਾਂ ਦੀ ਗੈਰ-ਜਿੰਮੇਵਾਰੀ ਜਾਂ ਬੇਇਮਾਨੀ ਦਾ ਨਤੀਜਾ ਹੁੰਦੇ ਹਨ ਪਰ ਪੰਜਾਬ ਦੀ ਸਿਆਸਤ ਨੂੰ ਪ੍ਰਭਾਵਿਤ ਕਰਦੀ ਸੰਸਥਾ ਹੋਣ ਕਾਰਨ ਸ਼੍ਰੋਮਣੀ ਕਮੇਟੀ ਨਾਲ ਜੁੜੇ ਹਰ ਵਿਵਾਦ ਦਾ ਪ੍ਰਭਾਵ ਸ਼੍ਰੋਮਣੀ ਅਕਾਲੀ ਦਲ ਤੱਕ ਜ਼ਰੂਰ ਜਾਂਦਾ ਹੈ। ਪੰਜਾਬ ਦੀਆਂ ਪਿਛਲੀਆਂ ਦੋ ਸੂਬਾਈ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਦੀ ਮਾੜੀ ਕਾਰਗੁਜ਼ਾਰੀ ਪਿੱਛੇ ਵੀ ਸ਼੍ਰੋਮਣੀ ਕਮੇਟੀ ਦੀ ਕਾਰਜਸ਼ੈਲੀ ਵਿਚ ਆਏ ਵਿਗਾੜਾਂ ਦਾ ਮੁੱਦਾ ਇਕ ਕਾਰਨ ਰਿਹਾ ਹੈ। ਆਮ ਲੋਕਾਂ ਨੂੰ ਇੰਜ ਜਾਪਦਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਨੂੰ ਸ਼੍ਰੋਮਣੀ ਅਕਾਲੀ ਦਲ ਚਲਾ ਰਿਹਾ ਹੋਣ ਕਾਰਨ ਇਸ ਵਿਚ ਹਰੇਕ ਵਿੱਤੀ ਬੇਨਿਯਮੀ ਜਾਂ ਗੜਬੜ ਲਈ ਸਿੱਧੇ ਤੌਰ ‘ਤੇ ਸ਼੍ਰੋਮਣੀ ਅਕਾਲੀ ਦਲ ਹੀ ਜਿੰਮੇਵਾਰ ਹੈ।
ਦੁਨੀਆ ਭਰ ਦੇ ਸਿੱਖ ਗੁਰਦੁਆਰਾ ਪ੍ਰਬੰਧਾਂ ਵਿਚ ਵਧੇਰੇ ਸੁਧਾਰ ਤੇ ਪਾਰਦਰਸ਼ਤਾ ਚਾਹੁੰਦੇ ਹਨ ਅਤੇ ਉਹ ਆਸ ਕਰਦੇ ਹਨ ਕਿ ਗੁਰਦੁਆਰਿਆਂ ਦੇ ਚੜਤ-ਚੜਾਵੇ ਨੂੰ ਸੰਗਤ ਦੀ ਸੇਵਾ ਅਤੇ ਧਰਮ ਪ੍ਰਚਾਰ ਦੇ ਬਿਹਤਰੀਨ ਕਾਰਜਾਂ ਦੇ ਲੇਖੇ ਲਾਇਆ ਜਾਵੇ। ਸਿੱਖ ਸਮਾਜ ਦੇ ਬਹੁਤ ਸਾਰੇ ਅਜਿਹੇ ਤਰਜੀਹੀ ਕਾਰਜ ਹਨ, ਜਿਨ੍ਹਾਂ ਲਈ ਸਿੱਖ ਭਾਈਚਾਰਾ ਸ਼੍ਰੋਮਣੀ ਕਮੇਟੀ ਕੋਲੋਂ ਤਵੱਕੋਂ ਰੱਖਦਾ ਹੈ। ਜਿਵੇਂ ਕਿ ਸਿੱਖ ਸਮਾਜ ਦੇ ਗਰੀਬ ਤੇ ਪੱਛੜੇ ਵਰਗਾਂ ਦੇ ਆਰਥਿਕ ਤੇ ਸਮਾਜਿਕ ਉਥਾਨ ਦੇ ਯਤਨ ਤੇਜ਼ ਕਰਨੇ, ਜਾਤ-ਪਾਤ, ਨਸ਼ਾਖੋਰੀ ਤੇ ਪਤਿਤਪੁਣੇ ਨੂੰ ਖ਼ਤਮ ਕਰਨ, ਧਰਮ ਪ੍ਰਚਾਰ ਦੇ ਨਾਲ-ਨਾਲ ਸਿਹਤ, ਸਿੱਖਿਆ ਅਤੇ ਨੈਤਿਕਤਾ ਦੇ ਪ੍ਰਚਾਰ-ਪ੍ਰਸਾਰ ਲਈ ਸਰਗਰਮ ਲਹਿਰ ਚਲਾਉਣੀ ਸਮੇਂ ਦੀ ਵੱਡੀ ਲੋੜ ਹੈ।
ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਸਾਦਗੀ ਦੀ ਚਰਚਾ ਰਹਿੰਦੀ ਹੈ। ਉਹ ਅਕਸਰ ਹੁਸ਼ਿਆਰਪੁਰ ਦੀਆਂ ਕਚਹਿਰੀਆਂ ਵਿਚ ਵਕਾਲਤ ਲਈ ਸਕੂਟਰੀ ‘ਤੇ ਚਲੇ ਜਾਂਦੇ ਹਨ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵਜੋਂ ਮਿਲੀ ਸੰਸਥਾ ਦੀ ਗੱਡੀ ਵਿਚ ਤੇਲ ਵੀ ਆਪਣੇ ਕੋਲੋਂ ਹੀ ਪਵਾਉਂਦੇ ਹਨ, ਜਦੋਂਕਿ ਇਕ ਸਮੇਂ ਦੇ ਪ੍ਰਧਾਨ ਦੀ ਗੱਡੀ ਵਲੋਂ ਗੁਰੂ ਦੀ ਗੋਲਕ ਵਿਚੋਂ ਪੰਜ ਸਾਲਾਂ ਵਿਚ ਡੇਢ ਕਰੋੜ ਤੋਂ ਵੱਧ ਦਾ ਤੇਲ ਫੂਕ ਦੇਣ ਦਾ ਵਿਵਾਦ ਵੀ ਚਰਚਿਤ ਰਿਹਾ ਹੈ। ਇਸ ਤੋਂ ਪਹਿਲਾਂ ਮਾਸਟਰ ਤਾਰਾ ਸਿੰਘ ਬਾਰੇ ਆਖਿਆ ਜਾਂਦਾ ਹੈ ਕਿ ਉਹ ਸ਼੍ਰੋਮਣੀ ਕਮੇਟੀ ਪ੍ਰਧਾਨ ਹੁੰਦਿਆਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਟਾਂਗੇ ਤੇ ਸ਼੍ਰੋਮਣੀ ਕਮੇਟੀ ਦਫ਼ਤਰ ਆ ਜਾਂਦੇ ਸਨ ਅਤੇ ਉਹ ਪੈੱਨ ਤੱਕ ਵੀ ਸ਼੍ਰੋਮਣੀ ਕਮੇਟੀ ਦਾ ਨਹੀਂ ਵਰਤਦੇ ਸਨ। ਐਡਵੋਕੇਟ ਧਾਮੀ ਵਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਵਿਚ ਪਾਰਦਰਸ਼ਤਾ ਅਤੇ ਜਵਾਬਦੇਹੀ ਲਈ ਇੱਛਾ-ਸ਼ਕਤੀ ਨਾਲ ਕੀਤੀ ਸ਼ੁਰੂਆਤੀ ਕਾਰਵਾਈ ਦੀ ਪ੍ਰਸੰਸਾ ਕਰਨੀ ਬਣਦੀ ਹੈ, ਜਿਸ ਵਿਚ ਉਨਾਂ ਖੁਦ ਪੜਤਾਲ ਕਰਵਾ ਕੇ ਲੰਗਰ ਨਾਲ ਜੁੜੀ ਵੱਡੀ ਬੇਨਿਯਮੀ ਵਿਚ 51 ਮੁਲਾਜ਼ਮ ਮੁਅੱਤਲ ਕਰਕੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਤਾਂ ਜੋ ਦੋਸ਼ੀਆਂ ਨੂੰ ਬਿਨਾਂ ਪੱਖਪਾਤ ਤੋਂ ਬਣਦੀ ਤੇ ਸਖ਼ਤ ਸਜ਼ਾ ਮਿਲ ਸਕੇ। ਇਸ ਦੇ ਨਾਲ ਇਹ ਆਸ ਕਰਨੀ ਵੀ ਬਣਦੀ ਹੈ ਕਿ ਉਹ ਸ਼੍ਰੋਮਣੀ ਕਮੇਟੀ ਵਿਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਸਮੁੱਚੇ ਪ੍ਰਬੰਧਕੀ ਢਾਂਚੇ ਵਿਚ ਵਿਆਪਕ ਦਰੁਸਤੀ ਕਰਨ ਦੇ ਨਾਲ-ਨਾਲ ਸੰਸਥਾ ਨੂੰ ਗੁਰਦੁਆਰਾ ਸੰਸਥਾ ਦੀ ਬਿਹਤਰੀ ਤੇ ਸਿੱਖ ਸਮਾਜ ਦੀ ਭਲਾਈ ਦੇ ਸਹੀ ਮਨੋਰਥਾਂ ਦੇ ਮੁਖਾਤਿਬ ਹੋਣ ਦੇ ਸਮਰੱਥ ਬਣਾਉਣ ਵੱਲ ਵਿਸ਼ੇਸ਼ ਤਵੱਜੋਂ ਦੇਣਗੇ।

 

Check Also

68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼

ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …