ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਖੁਲਾਸਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੰਘੇ ਦਿਨੀਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਆਪਣੇ ਭਤੀਜੇ ਰਾਹੀਂ ਇਕ ਕ੍ਰਿਕਟ ਖਿਡਾਰੀ ਕੋਲੋਂ ਨੌਕਰੀ ਬਦਲੇ 2 ਕਰੋੜ ਰੁਪਏ ਮੰਗਣ ਦਾ ਆਰੋਪ ਲਗਾਇਆ ਸੀ। ਜਦਕਿ ਸਾਬਕਾ ਮੁੱਖ ਮੰਤਰੀ ਚੰਨੀ ਨੇ ਇਨ੍ਹਾਂ ਆਰੋਪਾਂ ਨੂੰ ਬਿਲਕੁਲ ਝੂਠ ਦੱਸਿਆ ਸੀ। ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਨੀ ਨੂੰ ਅਲਟੀਮੇਟਮ ਦਿੰਦਿਆਂ 31 ਮਈ ਤੱਕ ਦਾ ਸਮਾਂ ਦਿੱਤਾ ਸੀ ਕਿ ਉਹ ਖਿਡਾਰੀ ਦਾ ਨਾਂ ਖੁਦ ਹੀ ਦੱਸ ਦੇਣ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਜੇਕਰ ਚੰਨੀ ਨੇ ਖਿਡਾਰੀ ਦਾ ਨਾਂ ਨਾ ਦੱਸਿਆ ਤਾਂ ਉਹ ਖੁਦ 31 ਮਈ ਨੂੰ ਖਿਡਾਰੀ ਮੀਡੀਆ ਸਾਹਮਣੇ ਪੇਸ਼ ਕਰ ਦੇਣਗੇ। ਆਪਣੇ ਵਾਅਦੇ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਕ੍ਰਿਕਟਰ ਜਸਇੰਦਰ ਸਿੰਘ ਨੂੰ ਅੱਜ ਮੀਡੀਆ ਸਾਹਮਣੇ ਪੇਸ਼ ਕੀਤਾ, ਜਿਸ ਕੋਲੋਂ ਚੰਨੀ ਦੇ ਭਤੀਜੇ ਨੇ ਨੌਕਰੀ ਬਦਲੇ 2 ਕਰੋੜ ਰੁਪਏ ਮੰਗੇ ਸਨ। ਇਸ ਮੌਕੇ ਜਸਇੰਦਰ ਸਿੰਘ ਦੇ ਨਾਲ ਉਨ੍ਹਾਂ ਦੇ ਪਿਤਾ ਮਨਜਿੰਦਰ ਸਿੰਘ ਵੀ ਮੌਜੂਦ ਸਨ। ਜਸਇੰਦਰ ਦੇ ਪਿਤਾ ਮਨਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ 9 ਨਵੰਬਰ 2021 ਨੂੰ ਮੋਹਾਲੀ ’ਚ ਉਸ ਸਮੇਂ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਹੋਈ ਸੀ ਅਤੇ ਉਸ ਸਮੇਂ ਉਨ੍ਹਾਂ ਦੇ ਨਾਲ ਓਪੀ ਸੋਨੀ ਅਤੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਮੌਜੂਦ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਮਨਜਿੰਦਰ ਸਿੰਘ ਅਤੇ ਚੰਨੀ ਦੀ ਮੁਲਾਕਾਤ ਸਮੇਂ ਦੀਆਂ ਫੋਟੋਆਂ ਤੋਂ ਇਲਾਵਾ ਉਸ ਦਿਨ ਦੇ ਪ੍ਰੋਗਰਾਮ ਦਾ ਇਨਵੀਟੇਸ਼ਨ ਲੈਟਰ ਵੀ ਮੀਡੀਆ ਨੂੰ ਦਿਖਾਇਆ। ਉਧਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਗਵੰਤ ਮਾਨ ਦੇ ਦਾਅਵੇ ਤੋਂ ਬਾਅਦ ਚੰਡੀਗੜ੍ਹ ਕਾਂਗਰਸ ਭਵਨ ’ਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਮੈਨੂੰ ਬਦਨਾਮ ਕੀਤਾ ਜਾ ਰਿਹਾ ਹੈ। ਮੇਰੇ ਪਰਿਵਾਰ ਦਾ ਜੀਣਾ ਹਰਾਮ ਕਰ ਰੱਖਿਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਮੈਨੂੰ ਮੈਂਟਲੀ ਟਾਰਚਰ ਕਰ ਰਹੇ ਹਨ।