ਕਿਹਾ : 31 ਮਈ ਦੁਪਹਿਰ 2 ਵਜੇ ਤੱਕ ਖਿਡਾਰੀ ਤੋਂ ਰਿਸ਼ਵਤ ਲੈਣ ਦੀ ਜਾਣਕਾਰੀ ਜਨਤਕ ਕਰਨ ਚੰਨੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਖਿਡਾਰੀ ਤੋਂ ਰਿਸ਼ਵਤ ਲੈਣ ਦੇ ਮਾਮਲੇ ਵਿਚ ਖੁੱਲ੍ਹੀ ਚਿਤਾਵਨੀ ਦੇ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਆਪਣੇ ਭਾਣਜੇ ਦੁਆਰਾ ਖਿਡਾਰੀ ਤੋਂ ਪੈਸੇ ਲੈਣ ਦੀ ਜਾਣਕਾਰੀ ਜਨਤਕ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਚਰਨਜੀਤ ਸਿੰਘ ਚੰਨੀ ਇਸ ਤਰ੍ਹਾਂ ਨਹੀਂ ਕਰਦੇ ਤਾਂ ਉਹ ਖੁਦ ਪੰਜਾਬ ਦੇ ਸਾਹਮਣੇ ਪੂਰੀ ਜਾਣਕਾਰੀ ਸਾਂਝੀ ਕਰ ਦੇਣਗੇ। ਸੀਐਮ ਮਾਨ ਨੇ ਟਵੀਟ ਕਰਕੇ ਕਿਹਾ ਕਿ ਚਰਨਜੀਤ ਚੰਨੀ ਜੀ ਮੈਂ ਤੁਹਾਨੂੰ 31 ਮਈ ਦੁਪਹਿਰ 2 ਵਜੇ ਤੱਕ ਦਾ ਮੌਕਾ ਦੇ ਰਿਹਾ ਹਾਂ ਕਿ ਭਾਣਜੇ ਵੱਲੋਂ ਨੌਕਰੀ ਦੇ ਲਈ ਖਿਡਾਰੀ ਤੋਂ ਰਿਸ਼ਵਤ ਮੰਗਣ ਦੀ ਸਾਰੀ ਜਾਣਕਾਰੀ ਜਨਤਕ ਕਰ ਦਿਓ, ਨਹੀਂ ਤਾਂ ਮੈਂ ਮੁੱਖ ਮੰਤਰੀ ਭਗਵੰਤ ਮਾਨ ਦੁਪਹਿਰ 2 ਵਜੇ ਤੱਕ ਫੋਟੋ, ਨਾਮ ਅਤੇ ਮਿਲਣ ਦੀ ਥਾਂ ਆਦਿ ਸਭ ਕੁਝ ਪੰਜਾਬੀਆਂ ਦੇ ਸਾਹਮਣੇ ਰੱਖ ਦਿਆਂਗਾ। ਧਿਆਨ ਰਹੇ ਕਿ ਭਗਵੰਤ ਮਾਨ ਨੇ ਲੰਘੀ 22 ਮਈ ਨੂੰ ਸੰਗਰੂਰ ਰੈਲੀ ਦੌਰਾਨ ਇਸ ਮੁੱਦੇ ਨੂੰ ਚੁੱਕਿਆ ਸੀ। ਮੁੱਖ ਮੰਤਰੀ ਮਾਨ ਨੇ ਕਿਹਾ ਸੀ ਕਿ ਲੰਘੇ ਦਿਨੀਂ ਉਹ ਆਈਪੀਐਲ ਦਾ ਮੈਚ ਦੇਖਣ ਲਈ ਧਰਮਸ਼ਾਲਾ ਗਏ ਸਨ। ਉਥੇ ਉਨ੍ਹਾਂ ਨੂੰ ਇਕ ਖਿਡਾਰੀ ਮਿਲਿਆ ਜਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਚੰਨੀ ਦੇ ਭਾਣਜੇ ਨੇ ਖਿਡਾਰੀ ਕੋਲੋਂ ਨੌਕਰੀ ਬਦਲੇ 2 ਕਰੋੜ ਰੁਪਏ ਮੰਗੇ ਸਨ। ਜਦਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਚੁੱਕੇ ਹਨ।