ਟੋਰਾਂਟੋ : ਕੈਨੇਡੀਅਨ ਪੁਲਿਸ ਨੇ 4 ਭਾਰਤੀਆਂ ਸਮੇਤ 8 ਲੋਕਾਂ ‘ਚੋਂ ਦੋ ਦੀ ਪਛਾਣ ਕੀਤੀ ਹੈ, ਜਿਨ੍ਹਾਂ ਦੀਆਂ ਲਾਸ਼ਾਂ ਅਮਰੀਕਾ-ਕੈਨੇਡਾ ਸਰਹੱਦ ‘ਤੇ ਇਕ ਦਲਦਲੀ ਖੇਤਰ ‘ਚੋਂ ਮਿਲੀਆਂ ਸਨ। ਇਹ ਅੱਠ ਲਾਸ਼ਾਂ ਲੰਘੇ ਹਫ਼ਤੇ ਅਕਵੇਸਾਸਨੀ ਇਲਾਕੇ ਜਿਹੜਾ ਕਿ ਕਿਊਬਿਕ, ਉਨਟਾਰੀਓ ਅਤੇ ਨਿਊਯਾਰਕ ਤੱਕ ਫੈਲਿਆ ਹੋਇਆ ਹੈ, ‘ਚ ਇਕ ਨਦੀ ਕਿਨਾਰੇ ਦਲਦਲੀ ਇਲਾਕੇ ‘ਚੋਂ ਮਿਲੀਆਂ ਸਨ।
ਪੁਲਿਸ ਨੇ ਕਿਹਾ ਕਿ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਦੋ ਭਾਰਤੀ ਤੇ ਰੋਮਾਨੀਅਨ ਪਰਿਵਾਰ ਕੈਨੇਡਾ ਤੋਂ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਇਨ੍ਹਾਂ ‘ਚ ਦੋ ਬੱਚੇ ਵੀ ਸ਼ਾਮਿਲ ਸਨ, ਜਿਨ੍ਹਾਂ ਦੀ ਉਮਰ ਤਿੰਨ ਸਾਲ ਤੱਕ ਹੈ ਅਤੇ ਇਹ ਦੋਵੇਂ ਕੈਨੇਡਾ ਦੇ ਨਾਗਰਿਕ ਸਨ। ਬੀਤੇ ਦਿਨ ਪੁਲਿਸ ਨੇ ਕਿਹਾ ਕਿ ਇਨ੍ਹਾਂ ‘ਚ ਚਾਰ ਭਾਰਤੀ ਵੀ ਸ਼ਾਮਿਲ ਸਨ, ਜਿਨ੍ਹਾਂ ਬਾਰੇ ਦੱਸਿਆ ਜਾ ਰਿਹਾ ਹੈ ਕਿ ਉਹ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਇਨ੍ਹਾਂ ਦੀ ਹਾਲੇ ਪਛਾਣ ਨਹੀਂ ਹੋ ਸਕੀ।
ਸੂਤਰਾਂ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ‘ਚ 50 ਸਾਲ ਦੀ ਉਮਰ ਦਾ ਇਕ ਪੁਰਸ਼ ਅਤੇ 20 ਸਾਲ ਦੀ ਇਕ ਔਰਤ ਤੇ ਪੁਰਸ਼ ਸ਼ਾਮਿਲ ਸਨ। ਭਾਰਤੀ ਪੁਲਿਸ ਦੇ ਹਵਾਲੇ ਨਾਲ ਸੀ.ਬੀ.ਸੀ. ਨਿਊਜ਼ ਦੀ ਰਿਪੋਰਟ ‘ਚ ਦੱਸਿਆ ਗਿਆ ਕਿ ਇਨ੍ਹਾਂ ‘ਚ ਘੱਟੋ-ਘੱਟ ਤਿੰਨ ਪਰਿਵਾਰ ਗੁਜਰਾਤ ਦੇ ਹਨ। ਪਰ ਚੌਥੇ ਭਾਰਤੀ ਨਾਗਰਿਕ ਦੀ ਉਮਰ ਤੇ ਉਸ ਦੀ ਪਛਾਣ ਬਾਰੇ ਹਾਲੇ ਪਤਾ ਨਹੀਂ। ਅਕਵੇਸਾਸਨੀ ਦੇ ਅਧਿਕਾਰੀਆਂ ਨੇ ਦੋ ਪਰਿਵਾਰਕ ਮੈਂਬਰਾਂ ਦੀ ਪਛਾਣ ਰੋਮਾਨੀਅਨ ਪੀੜਤ 28 ਸਾਲਾ ਫਲੋਰਿਨ ਇਓਰਡੇਚੀ ਵਜੋਂ ਦੱਸੀ ਹੈ, ਇਸ ‘ਚ ਉਸ ਦੇ ਕੈਨੇਡਾ ਦੇ ਪਾਸਪੋਰਟ ਧਾਰਕ ਦੋ ਬੱਚੇ ਵੀ ਸ਼ਾਮਿਲ ਹਨ। ਨਾਲ ਹੀ ਫਲੋਰਿਨ ਦੀ ਪਤਨੀ ਕ੍ਰਿਸਟਿਨਾ ਮੋਨਾਲਿਸਾ ਵੀ ਸ਼ਾਮਲ ਹੈ।