Breaking News
Home / ਪੰਜਾਬ / ਜੰਗ-ਏ-ਆਜ਼ਾਦੀ ਯਾਦਗਾਰ ਦੇ ਸਕੱਤਰ ਡਾ. ਲਖਵਿੰਦਰ ਸਿੰਘ ਜੌਹਲ ਕੋਲੋਂ ਵਿਜੀਲੈਂਸ ਨੇ ਕੀਤੀ ਪੁੱਛਗਿੱਛ

ਜੰਗ-ਏ-ਆਜ਼ਾਦੀ ਯਾਦਗਾਰ ਦੇ ਸਕੱਤਰ ਡਾ. ਲਖਵਿੰਦਰ ਸਿੰਘ ਜੌਹਲ ਕੋਲੋਂ ਵਿਜੀਲੈਂਸ ਨੇ ਕੀਤੀ ਪੁੱਛਗਿੱਛ

ਪ੍ਰੋਜੈਕਟ ‘ਤੇ ਆਈ ਸੀ 315 ਕਰੋੜ ਰੁਪਏ ਦੀ ਲਾਗਤ
ਜਲੰਧਰ : ਕਰਤਾਰਪੁਰ (ਜਲੰਧਰ) ਸਥਿਤ ਜੰਗ-ਏ-ਆਜ਼ਾਦੀ ਯਾਦਗਾਰ ਦੀ ਪ੍ਰਬੰਧਕੀ ਕਮੇਟੀ ਦੇ ਸਕੱਤਰ ਡਾ. ਲਖਵਿੰਦਰ ਸਿੰਘ ਜੌਹਲ ਕੋਲੋਂ ਵਿਜੀਲੈਂਸ ਬਿਊਰੋ ਵਲੋਂ ਢਾਈ ਘੰਟੇ ਦੇ ਕਰੀਬ ਪੁੱਛਗਿੱਛ ਕੀਤੀ ਗਈ। ਇਹ ਪੁੱਛਗਿੱਛ ਵਿਜੀਲੈਂਸ ਬਿਊਰੋ ਜਲੰਧਰ ਜ਼ੋਨ ਦੇ ਐਸ. ਐਸ. ਪੀ. ਰਾਜੇਸ਼ਵਰ ਸਿੰਘ ਸਿੱਧੂ ਅਤੇ ਡੀ. ਐਸ. ਪੀ. ਜਤਿੰਦਰਜੀਤ ਸਿੰਘ ਵਲੋਂ ਕੀਤੀ ਗਈ। ਹਾਲਾਂਕਿ ਇਸ ਬਾਰੇ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਜ਼ਿਆਦਾ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਕੇਵਲ ਏਨਾ ਹੀ ਕਿਹਾ ਕਿ ਜੰਗ-ਏ-ਆਜ਼ਾਦੀ ਯਾਦਗਾਰ ਨਾਲ ਸੰਬੰਧਿਤ ਮਾਮਲੇ ‘ਚ ਪੁੱਛਗਿੱਛ ਲਈ ਉਨ੍ਹਾਂ ਨੂੰ ਬੁਲਾਇਆ ਗਿਆ ਸੀ।
ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ‘ਚ ਯਾਦਗਾਰ ਦੇ ਸੀ. ਈ. ਓ. ਰਹੇ ਵਿਨੇ ਬੁਬਲਾਨੀ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਪਰ ਉਨ੍ਹਾਂ ਦਾ ਆਪ੍ਰੇਸ਼ਨ ਹੋਣ ਕਾਰਨ ਉਹ ਹਾਜ਼ਰ ਨਹੀਂ ਹੋ ਸਕੇ ਤੇ ਉਨ੍ਹਾਂ ਕੋਲੋਂ ਜਾਣਕਾਰੀ ਹਾਸਿਲ ਕਰਨ ਤੋਂ ਬਾਅਦ ਹੀ ਜਾਂਚ ਨੂੰ ਅੱਗੇ ਤੋਰਿਆ ਜਾਵੇਗਾ। ਇਸ ਦੌਰਾਨ ਵਿਜੀਲੈਂਸ ਦਫ਼ਤਰ ਤੋਂ ਬਾਹਰ ਨਿਕਲ ਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਡਾ. ਜੌਹਲ ਨੇ ਦੱਸਿਆ ਕਿ ਜਾਂਚ ਅਧਿਕਾਰੀਆਂ ਵਲੋਂ ਉਨ੍ਹਾਂ ਕੋਲੋਂ ਯਾਦਗਾਰ ਦੀ ਉਸਾਰੀ ਅਤੇ ਪ੍ਰਬੰਧਕੀ ਕਮੇਟੀ ਨਾਲ ਸੰਬੰਧਿਤ ਕੁਝ ਸਵਾਲ ਪੁੱਛੇ ਗਏ, ਜਿਨ੍ਹਾਂ ਦਾ ਉਨ੍ਹਾਂ ਨੇ ਜਵਾਬ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ‘ਚ ਵੀ ਜੇਕਰ ਮਹਿਕਮੇ ਨੂੰ ਕਿਸੇ ਤਰ੍ਹਾਂ ਦੀ ਜਾਣਕਾਰੀ ਦੀ ਲੋੜ ਹੋਈ ਤਾਂ ਉਹ ਮੁੜ ਦਫ਼ਤਰ ਆ ਕੇ ਜਾਂਚ ‘ਚ ਪੂਰਾ ਸਹਿਯੋਗ ਕਰਨਗੇ।
ਇਹ ਪ੍ਰੋਜੈਕਟ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੇ ਸਮੇਂ ਲਾਂਚ ਹੋਇਆ ਸੀ ਜੋ ਕਿ 25 ਏਕੜ ਜ਼ਮੀਨ ਵਿਚ ਬਣਾਇਆ ਗਿਆ ਅਤੇ ਇਸ ‘ਤੇ 315 ਕਰੋੜ ਰੁਪਏ ਦੀ ਲਾਗਤ ਆਈ ਸੀ।
ਜੰਗ-ਏ-ਆਜ਼ਾਦੀ ਯਾਦਗਾਰ ‘ਚ ਵਿਜੀਲੈਂਸ ਬਿਊਰੋ ਦਾ ਛਾਪਾ
ਕਰਤਾਰਪੁਰ ਸਥਿਤ ਜੰਗ-ਏ-ਆਜ਼ਾਦੀ ਯਾਦਗਾਰ ‘ਚ ਵਿਜੀਲੈਂਸ ਦੀ ਟੀਮ ਵਲੋਂ ਛਾਪੇਮਾਰੀ ਕਰਕੇ ਕਰੀਬ ਸਾਢੇ ਤਿੰਨ ਘੰਟੇ ਤੱਕ ਯਾਦਗਾਰ ਦੀਆਂ ਵੱਖ-ਵੱਖ ਗੈਲਰੀਆਂ ‘ਚ ਪਏ ਫਰਨੀਚਰ ਤੇ ਹੋਰ ਸਾਜ਼ੋ ਸਾਮਾਨ ਦੀ ਜਾਂਚ ਕੀਤੀ ਗਈ। ਡੀਐਸਪੀ ਜਤਿੰਦਰਜੀਤ ਸਿੰਘ ਦੀ ਅਗਵਾਈ ਹੇਠ ਵਿਜੀਲੈਂਸ ਦੀ ਟੀਮ ਮੰਗਲਵਾਰ ਸਵੇਰੇ 11 ਵਜੇ ਦੇ ਕਰੀਬ ਯਾਦਗਾਰ ਵਿਖੇ ਪਹੁੰਚੀ ਤੇ ਤਾਲੇ ਤੋੜਨ ਦੀ ਧਮਕੀ ਦੇ ਕੇ ਯਾਦਗਾਰ ਦੇ ਅੰਦਰ ਦਾਖਲ ਹੋਈ। ਇਸ ਦੌਰਾਨ ਜਾਂਚ ਟੀਮ ਵਲੋਂ ਯਾਦਗਾਰ ਦੀਆਂ ਗੈਲਰੀਆਂ, ਥੀਏਟਰਾਂ, ਲਾਇਬ੍ਰੇਰੀ ਹਾਲ ਤੇ ਵੀ.ਆਈ.ਪੀ. ਕਮਰਿਆਂ ਅੰਦਰ ਪਏ ਸੋਫਿਆਂ, ਅਲਮਾਰੀਆਂ, ਕੁਰਸੀਆਂ, ਟੇਬਲ ਆਦਿ ਸਮੇਤ ਹੋਰ ਸਾਜ਼ੋ-ਸਾਮਾਨ ਦੀ ਬਹੁਤ ਹੀ ਬਾਰੀਕੀ ਨਾਲ ਜਾਂਚ ਕੀਤੀ ਗਈ। ਹਾਲਾਂਕਿ ਇਸ ਦੌਰਾਨ ਡੀ. ਐਸ. ਪੀ. ਜਤਿੰਦਰਜੀਤ ਸਿੰਘ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਬਚਦੇ ਨਜ਼ਰ ਆਏ ਤੇ ਉਨ੍ਹਾਂ ਕੁਝ ਵੀ ਕਹਿਣ ਤੋਂ ਇਨਕਾਰ ਕਰਦਿਆਂ ਕੇਵਲ ਏਨਾ ਹੀ ਕਿਹਾ ਕਿ ਇਹ ਜਾਂਚ ਉੱਚ-ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੀਤੀ ਜਾ ਰਹੀ ਹੈ। ਇਸ ਦੌਰਾਨ ਯਾਦਗਾਰ ਦੇ ਸਟਾਫ ਮੈਂਬਰਾਂ ਨੇ ਕਿਹਾ ਕਿ ਇਕਦਮ ਵਿਜੀਲੈਂਸ ਦੀ ਟੀਮ ਦੇ ਯਾਦਗਾਰ ਵਿਖੇ ਪੁੱਜਣ ਨਾਲ ਕੁਝ ਸਮੇਂ ਲਈ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਯਾਦਗਾਰ ਦੇਖਣ ਆਏ ਸੈਲਾਨੀ, ਜਿਨ੍ਹਾਂ ‘ਚ ਬੱਚੇ ਤੇ ਔਰਤਾਂ ਵੀ ਸਨ, ਕਾਫੀ ਸਹਿਮ ਗਏ।

 

Check Also

ਦੀਪਕ ਚਨਾਰਥਲ ਬਣੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ

ਭੁਪਿੰਦਰ ਮਲਿਕ ਜਨਰਲ ਸਕੱਤਰ ਤੇ ਪਾਲ ਅਜਨਬੀ ਚੁਣੇ ਗਏ ਸੀਨੀਅਰ ਮੀਤ ਪ੍ਰਧਾਨ ਚੰਡੀਗੜ੍ਹ : ਪੰਜਾਬੀ …