Breaking News
Home / ਪੰਜਾਬ / ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪਹੁੰਚੇ ਕੈਨੇਡੀਅਨ ਮੰਤਰੀ ਮਾਈਕਲ ਫੋਰਡ

ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪਹੁੰਚੇ ਕੈਨੇਡੀਅਨ ਮੰਤਰੀ ਮਾਈਕਲ ਫੋਰਡ

ਕਿਹਾ- ਕੈਨੇਡਾ ਦੇ ਆਰਥਿਕ ਵਿਕਾਸ ‘ਚ ਸਿੱਖਾਂ ਦਾ ਬਹੁਤ ਯੋਗਦਾਨ
ਅੰਮ੍ਰਿਤਸਰ/ਬਿਊਰੋ ਨਿਊਜ਼ : ਉਨਟਾਰੀਓ ਦੇ ਸਿਟੀਜਨਸ਼ਿਪ ਤੇ ਮਲਟੀ ਕਲਚਰਲ ਮੰਤਰੀ ਮਾਈਕਲ ਫੋਰਡ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ। ਸ੍ਰੀ ਹਰਿਮੰਦਰ ਸਾਹਿਬ ਪੁੱਜਣ ‘ਤੇ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਤੇ ਗਾਇਡ ਰਣਧੀਰ ਸਿੰਘ ਨੇ ਉਨ੍ਹਾਂ ਨੂੰ ਜੀ ਆਇਆ ਕਿਹਾ ਤੇ ਸਿੱਖ ਧਰਮ, ਸਿੱਖ ਇਤਿਹਾਸ ਤੇ ਸਿੱਖ ਪ੍ਰੰਪਰਾਵਾਂ ਦੇ ਨਾਲ-ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਮਾਈਕਲ ਫੋਰਡ ਨੇ ਦਰਸ਼ਨ ਕਰਨ ਸਮੇਂ ਪ੍ਰਕਰਮਾ ਕੀਤੀ ਤੇ ਸੰਗਤ ਲਈ ਲੰਗਰ ਦੇ ਸਾਰੇ ਪ੍ਰਬੰਧ ਦੀ ਜਾਣਕਾਰੀ ਹਾਸਲ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਮਾਈਕਲ ਫੋਰਡ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਸਿੱਖ ਦੋਸਤਾਂ ਪਾਸੋਂ ਸ੍ਰੀ ਹਰਿਮੰਦਰ ਸਾਹਿਬ ਦੇ ਬਾਰੇ ਬਹੁਤ ਕੁਝ ਸੁਣਿਆ ਸੀ, ਅੱਜ ਇੱਥੇ ਆ ਕੇ ਜੋ ਅਸੀਮ ਸ਼ਾਂਤੀ ਹਾਸਲ ਹੋਈ ਹੈ, ਉਹ ਸ਼ਬਦਾਂ ਵਿਚ ਬਿਆਨ ਨਹੀਂ ਕੀਤੀ ਜਾ ਸਕਦੀ। ਇੱਥੇ ਆ ਕੇ ਸਿੱਖ ਧਰਮ ਬਾਰੇ ਬਹੁਤ ਕੁਝ ਨਵਾਂ ਜਾਣਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਕੈਨੇਡਾ ਦੇ ਆਰਥਿਕ ਵਿਕਾਸ ‘ਚ ਸਿੱਖਾਂ ਦਾ ਅਹਿਮ ਯੋਗਦਾਨ ਹੈ।
ਮਾਈਕਲ ਫੋਰਡ ਹੋਰਾਂ ਦੱਸਿਆ ਕਿ ਉਨਟਾਰੀਓ ‘ਚ ਉਨ੍ਹਾਂ ਦੇ ਖੇਤਰ ‘ਚ ਬਹੁਤ ਗੁਰੂ ਘਰ ਹਨ ਅਤੇ ਉਹ ਅਕਸਰ ਆਪਣੇ ਸਿੱਖ ਦੋਸਤਾਂ ਨਾਲ ਗੁਰੂਘਰ ਜਾਂਦੇ ਵੀ ਹਨ। ਉਨ੍ਹਾਂ ਕਿਹਾ ਕਿ ਸਾਡੇ ਮੁਲਕ ‘ਚ ਹਰ ਕੌਮ ਦਾ ਬਹੁਤ ਸਤਿਕਾਰ ਹੈ ਅਤੇ ਨੀਤੀਆਂ ਤਿਆਰ ਕਰਨ ਸਮੇਂ ਹਰ ਧਰਮ, ਕੌਮ ਤੇ ਜਾਤ ਦੀ ਸੁਰੱਖਿਆ ਤੇ ਆਜ਼ਾਦੀ ਦਾ ਧਿਆਨ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਉਨਟਾਰੀਓ ‘ਚ ਲੱਖਾਂ ਪੰਜਾਬੀ ਘੁੰਮਣ ਤੇ ਪੜ੍ਹਾਈ ਕਰਨ ਲਈ ਆਉਂਦੇ ਹਨ ਅਤੇ ਸ਼ਾਂਤੀ, ਆਪਸੀ ਪਿਆਰ ਤੇ ਭਾਈਚਾਰਕ ਸਾਂਝ ਦੇ ਮਿਸਾਲੀ ਇਲਾਕੇ ‘ਚ ਉਨਟਾਰੀਓ ਦਾ ਵਿਸ਼ੇਸ਼ ਤੌਰ ‘ਤੇ ਨਾਮ ਹੈ। ਉਨ੍ਹਾਂ ਕਿਹਾ ਕਿ ਜਦ ਕਿਸੇ ਪੰਜਾਬੀ ਨੂੰ ਮੁਸ਼ਕਲ ਪੇਸ਼ ਆਉਂਦੀ ਹੈ ਤੇ ਉਹ ਮੇਰੇ ਨਾਲ ਆਪਣੀ ਭਾਸ਼ਾ ‘ਚ ਗੱਲ ਕਰਨੀ ਚਾਹੁੰਦਾ ਹੈ ਤਾਂ ਮੈਂ ਇਸ ਲਈ ਬਹੁਭਾਸ਼ੀ ਗਾਇਡ ਵੀ ਰੱਖੇ ਹੋਏ ਹਨ।
ਇਸ ਮੌਕੇ ਮੈਨੇਜਰ ਸਤਨਾਮ ਸਿੰਘ ਮਾਂਗਾ ਸਰਾਏ, ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ, ਗਾਇਡ ਰਣਧੀਰ ਸਿੰਘ ਅਤੇ ਸਰਬਜੀਤ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਦਾ ਮਾਡਲ, ਸਿੱਖ ਇਤਿਹਾਸ ਦੀਆਂ ਪੁਸਤਕਾਂ ਦਾ ਸੈੱਟ ਦੇ ਕੇ ਮਾਈਕਲ ਫੋਰਡ ਨੂੰ ਸਨਮਾਨਿਤ ਕੀਤਾ। ਉਪਰੰਤ ਉਹ ਜਲ੍ਹਿਆਂਵਾਲਾ ਬਾਗ਼ ਵੀ ਗਏ।

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …