ਪਾਰਟੀ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੇ ਪਾਰਟੀ ਹੈਡਕੁਆਰਟਰ ’ਚ ਫਹਿਰਾਇਆ ਝੰਡਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਪਰਟੀ ਨੇ ਅੱਜ ਆਪਣਾ 138ਵਾਂ ਸਥਾਪਨਾ ਦਿਵਸ ਮਨਾਇਆ ਅਤੇ ਪਾਰਟੀ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੇ ਪਾਰਟੀ ਹੈਡਕੁਆਰਟਰ ’ਚ ਝੰਡਾ ਫਹਿਰਾਇਆ। ਇਸ ਮੌਕੇ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਸੋਨੀਆ ਗਾਂਧੀ, ਸੰਸਦ ਮੈਂਬਰ ਰਾਹੁਲ ਗਾਂਧੀ ਅਤੇ ਅੰਬਿਕਾ ਸੋਨੀ ਸਮੇਤ ਪਾਰਟੀ ਦੇ ਹੋਰ ਸੀਨੀਅਰ ਕਾਂਗਰਸੀ ਆਗੂ ਵੀ ਮੌਜੂਦ ਸਨ। ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੇ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ’ਚ ਭਾਰਤ ਦੀ ਮੂਲ ਭਾਵਨਾ ’ਤੇ ਲਗਾਤਾਰ ਹਮਲੇ ਹੋ ਰਹੇ ਹਨ ਅਤੇ ਨਫ਼ਰਤ ਦੀ ਖਾਈ ਪੁੱਟੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਮਹਿੰਗਾਈ, ਬੇਰੁਜ਼ਗਾਰੀ ਅਤੇ ਨਫ਼ਰਤ ਵਿਰੁੱਧ ਸ਼ੁਰੂ ਕੀਤੀ ਗਈ ਲੜਾਈ ’ਚ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ। ਖੜਗੇ ਨੇ ਅੱਗੇ ਕਿਹਾ ਕਿ ਭਾਰਤੀ ਦੀ ਅਜ਼ਾਦੀ ਸਮੇਂ ਕਈ ਹੋਰ ਦੇਸ਼ ਵੀ ਅਜ਼ਾਦ ਹੋਏ ਸਨ ਪ੍ਰੰਤੂ ਕਈ ਦੇਸ਼ਾਂ ’ਚ ਤਾਨਾਸ਼ਾਹੀ ਨੇ ਸੱਤਾ ਦੀ ਵਾਗਡੋਰ ਸੰਭਾਲੀ। ਭਾਰਤ ਨਾ ਸਿਰਫ਼ ਇਕ ਸਫਲ ਅਤੇ ਮਜ਼ਬੂਤ ਲੋਕਤੰਤਰ ਬਣਿਆ ਬਲਕਿ ਭਾਰਤ ਇਕ ਮਹਾਂਸ਼ਕਤੀ ਵਜੋਂ ਵੀ ਉਭਰਿਆ ਹੈ। ਭਾਰਤ ਖੇਤੀਬਾੜੀ, ਸਿੱਖਿਆ, ਮੈਡੀਕਲ, ਸੂਚਨਾ ਤਕਨਾਲੋਜੀ ਆਦਿ ਸੇਵਾਵਾਂ ’ਚ ਵੀ ਚੋਟੀ ਦੇ ਦੇਸ਼ਾਂ ਵਿਚੋਂ ਇਕ ਬਣ ਗਿਆ ਹੈ। ਖੜਗੇ ਨੇ ਕਿਹਾ ਕਿ ਇਸ ਸਭ ਆਪਣੇ ਆਪ ਨਹੀਂ ਹੋਇਆ ਸਗੋਂ ਕਾਂਗਰਸ ਦੇ ਲੋਕਤੰਤਰ ’ਚ ਵਿਸ਼ਵਾਸ ਕਾਰਨ ਅਤੇ ਕਾਂਗਰਸ ਪਾਰਟੀ ਦੀ ਸਭ ਨੂੰ ਨਾਲ ਲੈ ਕੇ ਚੱਲਣ ਦੀ ਵਿਚਾਰਧਾਰਾ ਕਾਰਨ ਹੋਇਆ ਹੈ।