-13.1 C
Toronto
Monday, February 9, 2026
spot_img
Homeਨਜ਼ਰੀਆਇਕ ਵਿਸ਼ੇਸ਼ ਮੁਲਾਕਾਤ

ਇਕ ਵਿਸ਼ੇਸ਼ ਮੁਲਾਕਾਤ

ਕਿਸ਼ਤ ਪਹਿਲੀ
ਸਿੱਖਿਆ ਵਿਸ਼ੇਸ਼ੱਗ, ਖੋਜਕਾਰ ਤੇ ਵਿਗਿਆਨ ਗਲਪ ਦਾ ਅਨੁਭਵੀ ਲੇਖਕ – ਡਾ. ਡੀ. ਪੀ. ਸਿੰਘ
ਪੇਸ਼ਕਰਤਾ : ਪ੍ਰਿੰ. ਹਰੀ ਕ੍ਰਿਸ਼ਨ ਮਾਇਰ

ਡਾ. ਡੀ. ਪੀ. ਸਿੰਘ ਦਾ ਪੂਰਾ ਨਾਂ ਡਾ. ਦੇਵਿੰਦਰ ਪਾਲ ਸਿੰਘ ਹੈ। ਉਸ ਨੇ ਇੰਡੋ-ਕੈਨੇਡੀਅਨ ਸਿੱਖਿਆ ਵਿਸ਼ੇਸ਼ੱਗ, ਖੋਜਕਾਰ, ਵਿਗਿਆਨ ਗਲਪ ਦੇ ਅਨੁਭਵੀ ਲੇਖਕ ਵਜੋਂ ਚੋਖੀ ਮਕਬੂਲੀਅਤ ਹਾਸਲ ਕੀਤੀ ਹੈ। ਉਹ ਕਿਸੇ ਰਸਮੀ ਜਾਣਕਾਰੀ ਦਾ ਮੁਹਤਾਜ ਨਹੀਂ। ਸਿੱਖ ਧਰਮ ਸ਼ਾਸ਼ਤਰੀ ਹੈ, ਟੀ.ਵੀ ਹੋਸਟ ਹੈ, ਆਪਣੇ ਖੋਜ ਕਾਰਜਾਂ ਖ਼ਾਤਰ ਦੂਰ ਦੂਰ ਤੱਕ ਘੁੰਮਿਆਂ ਫਿਰਿਆ ਹੈ। ਉਨ੍ਹਾਂ ਦੇ ਖੋਜ ਪੱਤਰ ਦੇਸ਼ ਵਿਦੇਸ਼ ਦੇ ਖੋਜ ਰਿਸਾਲਿਆਂ ਵਿੱਚ ਪ੍ਰਕਾਸ਼ਤ ਹੋਏ ਹਨ। ਮੈਂ ਕਾਫ਼ੀ ਸਮੇਂ ਤੋਂ ਉਨ੍ਹਾਂ ਨਾਲ ਮੁਲਾਕਾਤ ਕਰਕੇ ਪਾਠਕਾਂ ਦੇ ਰੂਬਰੂ ਕਰਨਾ ਚਾਹੁੰਦਾ ਸੀ। ਇਹ ਮੌਕਾ ਮੈਨੂੰ ਕੈਨੇਡਾ ਦੀ ਫੇਰੀ ਦੌਰਾਨ ਮਿਲਿਆ। ਲਓ ਪੇਸ਼ ਹਨ, ਡਾ. ਦੇਵਿੰਦਰ ਪਾਲ ਸਿੰਘ ਨਾਲ ਹੋਈ ਮੁਲਾਕਾਤ ਦੇ ਕੁਝ ਅੰਸ਼:
?. ਤੁਹਾਡਾ ਜਨਮ ਕਦੋਂ ਤੇ ਕਿੱਥੇ ਹੋਇਆ।
-ਮੇਰਾ ਜਨਮ ਸੰਨ 1956 ਵਿਚ ਹੁਸ਼ਿਆਰਪੁਰ ਵਿਖੇ ਹੋਇਆ। ਮੇਰੇ ਪਿਤਾ ਜੀ ਸ. ਅਰਜਨ ਸਿੰਘ, ਭਾਖੜਾ ਬਿਆਸ ਮੈਨੇਜ਼ਮੈਂਟ ਬੋਰਡ, ਭਾਖੜਾ-ਨੰਗਲ ਵਿਖੇ ਨੌਕਰੀ ਕਰਦੇ ਸਨ ਤੇ ਮਾਤਾ ਜੀ ਸ਼੍ਰੀਮਤੀ ਪ੍ਰਕਾਸ਼ ਕੌਰ ਇਕ ਘਰੇਲੂ ਸੁਆਣੀ ਸਨ।
?. ਮੁੱਢਲੀ ਅਤੇ ਹਾਇਰ ਪੱਧਰ ਦੀ ਪੜ੍ਹਾਈ ਕਿੱਥੋਂ ਕੀਤੀ।
-ਮੈਂ ਦੱਸਵੀਂ ਤੱਕ ਦੀ ਪੜ੍ਹਾਈ ਆਪਣੇ ਪਿੰਡ ਬੀਰਮਪੁਰ ਦੇ ਸਰਕਾਰੀ ਹਾਈ ਸਕੂਲ ਤੋਂ ਕੀਤੀ ਅਤੇ ਸੰਨ 1972 ਵਿਚ ਰਾਸ਼ਟਰੀ ਸਕਾਲਰਸ਼ਿਪ ਪ੍ਰਾਪਤ ਕੀਤਾ। ਸੰਨ 1972-76 ਦੌਰਾਨ ਕਾਲਜ ਦੀ ਵਿੱਦਿਆ ਸਰਕਾਰੀ ਕਾਲਜ, ਟਾਂਡਾ ਉੜਮੁੜ, ਜ਼ਿਲ੍ਹਾ ਹੁਸ਼ਿਆਰਪੁਰ ਤੋਂ ਕੀਤੀ ਤੇ ਬੀ. ਐੱਸਸੀ. ਦੀ ਡਿਗਰੀ ਪ੍ਰਾਪਤ ਕੀਤੀ। ਇਸ ਪੜ੍ਹਾਈ ਦੌਰਾਨ ਮੈਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੁਆਰਾ ਬੀ. ਐੱਸਸੀ. ਭਾਗ ਦੂਜਾ ਤੇ ਭਾਗ ਤੀਜਾ ਲਈ ਲਏ ਗਏ ਇਮਤਿਹਾਨਾਂ ਦੌਰਾਨ ਯੂਨੀਵਰਸਿਟੀ ਭਰ ਵਿਚੋਂ ਦੋਨੋਂ ਵਾਰ ਪਹਿਲਾ ਸਥਾਨ ਪ੍ਰਾਪਤ ਕੀਤਾ। ਸੰਨ 1976-78 ਦੌਰਾਨ ਮੈਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਐੱਮ. ਐੱਸਸੀ. (ਫਿਜ਼ਿਕਸ) ਦੀ ਡਿਗਰੀ ਹਾਸਿਲ ਕੀਤੀ। ਇਸ ਦੌਰਾਨ ਮੈਂ ਸੰਨ 1977 ਵਿਚ ਯੂਨੀਵਰਸਿਟੀ ਵਿਚੋਂ ਪਹਿਲਾ ਤੇ ਸੰਨ 1978 ਵਿਚ ਯੂਨੀਵਰਸਿਟੀ ਵਿਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ।
?. ਪੀਐਚ.ਡੀ. ਕਿਸ ਟੌਪਿਕ ਤੇ, ਕਦੋਂ, ਕਿਸ ਅਧੀਨ, ਕਿੱਥੋਂ ਕੀਤੀ?
– ਮੈਂ ਪੀਐਚ. ਡੀ. ਡਿਗਰੀ ਲਈ ਲੋੜੀਂਦੇ ਖੋਜ ਕਾਰਜ ਡਾ. ਸੁਰਜੀਤ ਸਿੰਘ ਭੱਟੀ, ਪ੍ਰੋਫੈਸਰ ਆਫ਼ ਫਿਜ਼ਿਕਸ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਪੰਜਾਬ, ਭਾਰਤ ਦੀ ਦੇਖ ਰੇਖ ਵਿਚ ‘ਪਰਾ-ਧੁਨੀ ਤਰੰਗਾਂ ਦੀ ਵਰਤੋਂ ਨਾਲ ਤਿੰਨ ਦ੍ਰਵਾਂ ਦੇ ਮਿਸ਼ਰਣਾਂ ਵਿਚ ਅਣੂਵੀ ਪ੍ਰਤੀਕ੍ਰਿਆਵਾਂ ਦਾ ਅਧਿਐਨ’ ਵਿਸ਼ੇ ਸੰਬੰਧਤ ਕੀਤੇ। ਇਹ ਖੋਜ ਕਾਰਜ ਜਨਵਰੀ 1980 ਤੋਂ ਜੁਲਾਈ 1985 ਦੇ ਅਰਸੇ ਦੌਰਾਨ ਕੀਤੇ । ਸੰਨ 1986 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਵਲੋਂ ਇਨ੍ਹਾਂ ਖੋਜ ਕਾਰਜਾਂ ਕਾਰਣ ਮੈਨੂੰ ਪੀਐਚ. ਡੀ. ਦੀ ਡਿਗਰੀ ਪ੍ਰਦਾਨ ਕੀਤੀ ਗਈ।
?. ਛੋਟੇ ਹੁੰਦਿਆਂ, ਸਕੂਲ ਸਮੇਂ, ਉੱਚ ਸਿੱਖਿਆ ਵੇਲੇ, ਖੋਜ ਕਰਦਿਆਂ ਕੋਈ ਅਜਿਹੇ ਪਲ/ ਯਾਦ ਸਾਂਝੀ ਕਰੋ, ਜੋ ਤੁਹਾਨੂੰ ਕਦੀ ਨਾਂ ਭੁੱਲੀ ਹੋਵੇ।
– ਘਰ ਵਿਚ ਸਾਹਿਤਕ ਕਿਤਾਬਾਂ ਤੇ ਮੈਗਜ਼ੀਨ ਦੇ ਪੜ੍ਹਨ ਦਾ ਮਾਹੌਲ ਸੀ। ਜਿਸ ਕਾਰਨ ਸਾਹਿਤਕ ਕਾਰਜਾਂ ਦੀ ਲਗਨ ਬਚਪਨ ਤੋਂ ਹੀ ਲੱਗ ਗਈ। ਸਕੂਲੀ ਪੜ੍ਹਾਈ ਦੌਰਾਨ ਵੀ ਪੰਜਾਬੀ ਅਧਿਆਪਕ ਗੁਰਦਿਆਲ ਸਿੰਘ ਸ਼ਾਹੀ, ਜੋ ਸਕੂਲ ਦੀ ਲਾਇਬ੍ਰੇਰੀ ਦੇ ਇੰਚਾਰਜ਼ ਵੀ ਸਨ, ਨੇ ਵੀ ਅਜਿਹੇ ਕਾਰਜਾਂ ਵਿਚ ਉਤਸ਼ਾਹਿਤ ਕੀਤਾ। ਲਾਇਬ੍ਰੇਰੀ ਵਿਚ ਨਵੀਆਂ ਕਿਤਾਬਾਂ ਆਉਣ ਉੱਤੇ ਉਨ੍ਹਾਂ ਉੱਤੇ ਲਾਇਬ੍ਰੇਰੀ ਦਾ ਨੰਬਰ ਤੇ ਮੁਹਰ ਆਦਿ ਲਗਾਉਣ ਦਾ ਕੰਮ ਅਕਸਰ ਜਿਨ੍ਹਾਂ ਵਿਦਿਆਰਥੀਆ ਨੂੰ ਉਹ ਸੌਂਪਦੇ ਸਨ ਉਨ੍ਹਾਂ ਵਿਚੋਂ ਮੈਂ ਪ੍ਰਮੁੱਖ ਸਾਂ। ਬਹੁਤ ਵਾਰ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਦੀਆਂ ਕਿਤਾਬਾਂ ਇਸ਼ੂ ਕਰਨ ਤੇ ਰਸੀਵ ਕਰਨ ਦਾ ਕੰਮ ਵੀ ਮੈਂ ਹੀ ਕਰਦਾ ਸਾਂ। ਲਾਇਬ੍ਰੇਰੀ ਸੰਬੰਧਤ ਮਿਲੀ ਖੁੱਲ੍ਹੀ ਸਹੂਲੀਅਤ ਕਾਰਨ ਮੈਨੂੰ ਪੰਜਾਬੀ ਦੇ ਪ੍ਰਮੁੱਖ ਲੇਖਕਾਂ ਖਾਸਕਰ ਨਾਨਕ ਸਿੰਘ, ਜਸਵੰਤ ਸਿੰਘ ਕੰਵਲ, ਕਰਤਾਰ ਸਿੰਘ ਦੁੱਗਲ, ਅੰਮ੍ਰਿਤਾ ਪ੍ਰੀਤਮ, ਸ਼ਿਵ ਬਟਾਲਵੀ, ਭਾਈ ਵੀਰ ਸਿੰਘ, ਸੋਹਣ ਸਿੰਘ ਸੀਤਲ, ਸਆਦਤ ਹਸਨ ਮੰਟੋ, ਦਲੀਪ ਕੌਰ ਟਿਵਾਣਾ, ਅਤੇ ਅਜੀਤ ਕੌਰ ਆਦਿ ਨੂੰ ਪੜ੍ਹਨ ਦਾ ਮੌਕਾ ਸਹਿਜੇ ਹੀ ਮਿਲ ਗਿਆ। ਹਿੰਦੀ ਦੇ ਪ੍ਰਮੁੱਖ ਲੇਖਕਾਂ ਜਿਵੇਂ ਕਿ ਮੁਨਸ਼ੀ ਪ੍ਰੇਮ ਚੰਦ, ਕ੍ਰਿਸ਼ਨਾ ਸੋਬਤੀ, ਆਦਿ ਵੀ ਪੜ੍ਹੇ। ਕਾਲੀਦਾਸ, ਰਾਵਿੰਦਰ ਨਾਥ ਟੈਗੋਰ ਤੇ ਸ਼ਰਤ ਚੰਦਰ ਚਟੋਪਾਧਿਆਇ ਆਦਿ ਦੀਆਂ ਰਚਨਾਵਾਂ ਦਾ ਹਿੰਦੀ ਰੂਪਾਂਤਰਣ ਵੀ ਪੜ੍ਹਿਆ।
ਮਾਸਟਰ ਗੁਰਦਿਆਲ ਸਿੰਘ ਸ਼ਾਹੀ ਦੇ ਉਤਸ਼ਾਹ ਸਦਕਾ ਹੀ ਸਕੂਲੀ ਦਿਨਾਂ ਵਿਚ ਸਾਹਿਤਕ ਲੇਖ ਮੁਕਾਬਲਿਆਂ ਵਿਚ ਭਾਗ ਲੈਣ ਅਤੇ ਸਾਹਿਤਕ ਲੇਖਣ ਕਾਰਜਾਂ ਵਿਚ ਵੀ ਰੁਚੀ ਪੈਦਾ ਹੋ ਗਈ। ਸਰਕਾਰੀ ਕਾਲਜ, ਟਾਂਡਾ ਉੜਮੁੜ ਵਿਖੇ ਪੜ੍ਹਾਈ ਦੌਰਾਨ, ਮੇਰੀ ਪਹਿਲੀ ਰਚਨਾ – ”ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ ਜੀਵਨ ਤੇ ਰਚਨਾ” ਕਾਲਜ ਦੇ ਮੈਗਜ਼ੀਨ ”ਤਾਰਿਕਾ ਮੰਡਲ” ਵਿਚ ਸੰਨ 1975 ਦੌਰਾਨ ਛਪੀ। ਉਪਰੰਤ ਸੰਨ 1988 ਤੋਂ ਮੇਰੀਆਂ ਰਚਨਾਵਾਂ, ਨਿਯਮਿਤ ਰੂਪ ਵਿਚ, ਪੰਜਾਬੀ ਦੇ ਵਿਭਿੰਨ ਮੈਗਜ਼ੀਨਾਂ ਤੇ ਅਖਬਾਰਾਂ ਵਿਚ ਛਪਣੀਆਂ ਸ਼ੁਰੂ ਹੋ ਗਈਆ ਸਨ। ਸਮੇਂ ਨਾਲ ਮੇਰੀਆਂ ਅਨੇਕ ਰਚਨਾਵਾਂ ਪੰਜਾਬੀ ਦੇ ਪ੍ਰਮੁੱਖ ਅਖਬਾਰਾਂ ਖਾਸ ਕਰ ਅਜੀਤ, ਪੰਜਾਬੀ ਟ੍ਰਿਬਿਊਨ, ਨਵਾਂ ਜ਼ਮਾਨਾ, ਦੇਸ਼ ਸੇਵਕ, ਜਗਬਾਣੀ ਅਤੇ ਚੜ੍ਹਦੀ ਕਲਾ ਦਾ ਸ਼ਿੰਗਾਰ ਬਣੀਆਂ। ਵਿਦੇਸ਼ਾਂ ਵਿਚ ਮੇਰੀਆਂ ਰਚਨਾਵਾਂ ਇੰਡੋ-ਕਨੈਡੀਅਨ ਟਾਇਮਜ਼, ਡੇਲੀ ਪੰਜਾਬੀ, ਪਰਵਾਸੀ ਵੀਕਲੀ ਤੇ ਪੰਜਾਬ ਟਾਇਮਜ਼ ਆਦਿ ਅਖਬਾਰਾਂ ਵਿਚ ਵੀ ਛਪੀਆਂ ਤੇ ਹੁਣ ਵੀ ਛਪਦੀਆਂ ਰਹਿੰਦੀਆਂ ਹਨ। ਇੰਝ ਹੀ ਮੇਰੀਆਂ ਰਚਨਾਵਾਂ ਪੰਜਾਬੀ ਦੇ ਜਾਣੇ-ਪਛਾਣੇ ਮੈਗਜ਼ੀਨਾਂ ਜਿਵੇਂ ਕਿ ਜਾਗ੍ਰਿਤੀ, ਜਨ-ਸਾਹਿਤ, ਪ੍ਰੀਤ ਲੜੀ, ਤਸਵੀਰ, ਮਹਿਰਮ, ਵਿਗਿਆਨ ਦੇ ਨਕਸ਼, ਯੋਜਨਾ (ਪੰਜਾਬੀ), ਤਰਕਸ਼ੀਲ, ਸਿੱਖ ਫੁੱਲਵਾੜੀ, ਸਾਡਾ ਵਿਰਸਾ-ਸਾਡਾ ਗੋਰਵ, ਗੁਰਮਤਿ ਪ੍ਰਕਾਸ਼, ਪੰਖੜੀਆਂ, ਪ੍ਰਾਇਮਰੀ ਸਿੱਖਿਆ, ਬਾਲ-ਸੰਦੇਸ਼, ਅਲੜ੍ਹ-ਬਲੜ੍ਹ, ਅਤੇ ਨਿੱਕੀਆਂ ਕਰੂਬਲਾਂ ਆਦਿ ਵਿਚ ਛਪੀਆਂ ਹਨ। ਹੁਣ ਤਕ ਛਪੀਆਂ ਇਨ੍ਹਾਂ ਰਚਨਾਵਾਂ ਦੀ ਕੁੱਲ ਗਿਣਤੀ ਲਗਭਗ 1200 ਹੈ।
ਪਾਕਿਸਤਾਨ ਤੋਂ ਛਪ ਰਹੇ ਬਾਲ ਸਾਹਿਤ ਮੈਗਜ਼ੀਨ ”ਪੰਖੇਰੂ” ਵਿਚ ਵੀ ਮੇਰੀਆਂ ਹੁਣ ਤੱਕ ਤਿੰਨ ਦਰਜਨ ਰਚਨਾਵਾਂ ਛਪੀਆਂ ਹਨ। ਮੇਰੀਆਂ ਲਗਭਗ ਦੋ ਦਰਜਨ ਲੇਖ/ਕਹਾਣੀਆਂ/ਨਾਟਕ ਵਿਭਿੰਨ ਵਿਦਵਾਨਾਂ ਵਲੋਂ ਸੰਪਾਦਿਤ ਕੀਤੀਆਂ ਕਿਤਾਬਾਂ ਵਿਚ ਸ਼ਾਮਿਲ ਕੀਤੇ ਗਏ ਹਨ। ਮੇਰੇ ਦੁਆਰਾ ਲਿਖਤ ਲਗਭਗ 25 ਐਂਟਰੀਜ਼ ਪੰਜਾਬੀ ਯੂਨੀਵਰਸਿਟੀ ਦੁਆਰਾ ਪ੍ਰਕਾਸ਼ਿਤ ਕੀਤੇ ਗਏ ”ਚਿਲਡਰਨ ਇੰਨਸਾਕਿਲੋਪੀਡੀਆ” ਵਿਚ ਸ਼ਾਮਿਲ ਕੀਤੀਆਂ ਗਈਆਂ ਹਨ। ਲਗਭਗ 50 ਰਚਨਾਵਾਂ ਹਿੰਦੀ ਦੇ ਪ੍ਰਕਾਸ਼ਨਾ ਖਾਸ ਕਰ ਅਜੀਤ ਸਮਾਚਾਰ ਅਖਬਾਰ, ਜਾਗ੍ਰਿਤੀ (ਹਿੰਦੀ) ਮੈਗਜ਼ੀਨ ਤੇ ਸ਼ਿਵਾਲਿਕ ਪੱਤ੍ਰਿਕਾ ਵੀਕਲੀ ਵਿਚ ਵੀ ਛਪ ਚੁੱਕੀਆਂ ਹਨ। ਮੇਰੀਆਂ 25 ਕੁ ਰਚਨਾਵਾਂ ਅੰਗਰੇਜ਼ੀ ਦੇ ਅਖਬਾਰਾਂ ”ਦਾ ਟ੍ਰਿਬਿਊਨ”, ”ਇੰਡੀਅਨ ਐਕਸਪ੍ਰੈਸ” ਅਤੇ ”ਇੰਪਲਾਇਮੈਂਟ ਨਿਊਜ਼ ਵੀਕਲੀ” ਵਿਚ ਵੀ ਸਮੇਂ ਸਮੇਂ ਛੱਪਦੀਆਂ ਰਹੀਆਂ ਹਨ। ਇਸ ਤੋਂ ਇਲਾਵਾ ਮੇਰੀਆਂ 150 ਕੁ ਰਚਨਾਵਾਂ ਅੰਗਰੇਜ਼ੀ ਦੇ ਮੈਗਜੀਨਾਂ ਖਾਸ ਕਰ ਸਾਇੰਸ ਰਿਪੋਰਟਰ, ਸਾਇੰਸ ਇੰਡੀਆ, ਇੰਨਵੈਂਨਸ਼ਨ ਇੰਨਟੈਲੀਜੈਂਸ, ਯੂਨੀਅਰ ਸਾਇੰਸ ਡਾਇਜੈਸਟ, ਐਡਵਾਂਸ, ਅਲਾਇਵ, ਵੋਮੈਨ ਇਰਾ, ਆਇਡੈਂਟਿਟੀ, ਦਾ ਸਿੱਖ ਰੀਵਿਊ, ਦਾ ਸਿੱਖ ਬੁਲੈਟਿਨ, ਅੰਡਰਸਟੈਂਡਿੰਗ ਸਿੱਖਇਜ਼ਮ, ਅਤੇ ਯੋਜਨਾ (ਅੰਗਰੇਜ਼ੀ) ਵਿਚ ਵੀ ਛਪ ਚੁੱਕੀਆਂ ਹਨ।
ਪੰਜਾਬੀ ਦੇ ਕਈ ਵਿਦਵਾਨਾਂ ਦੀਆਂ ਕਿਤਾਬਾਂ ਦਾ ਮੁੱਖਬੰਧ ਲਿਖਣ ਦਾ ਅਤੇ ਲਗਭਗ 20 ਵਿਦਵਾਨਾਂ ਦੀਆਂ ਕਿਤਾਬਾਂ ਦਾ ਰਿਵੀਊ ਕਰਨ ਦਾ ਵੀ ਮਾਣ ਹਾਸਿਲ ਹੌਇਆ ਹੈ। ਨੰਗਲ, ਰੋਪੜ ਦੀ ”ਅੱਖਰ” ਸਾਹਿਤ ਸੰਸਥਾ ਦਾ ਬਾਨੀ ਪ੍ਰਧਾਨ ਰਿਹਾ ਹਾਂ ਅਤੇ ”ਪੰਜਾਬ ਵਿਗਿਆਨ ਸਾਹਿਤ ਸਭਾ” ਦਾ ਬਾਨੀ ਜਨਰਲ ਸਕੱਤਰ ਰਹਿ ਚੁੱਕਾ ਹਾਂ।
?. ਉਨ੍ਹਾਂ ਅਧਿਆਪਕਾਂ ਦਾ ਜ਼ਿਕਰ ਕਰੋ ਜਿਨ੍ਹਾਂ ਨੇ ਤੁਹਾਡੇ ‘ਤੇ ਬਹੁਤ ਚੰਗਾ ਜਾਂ ਮਾੜਾ ਪ੍ਰਭਾਵ ਪਾਇਆ ਹੋਵੇ।
-ਮੇਰੇ ਮੁੱਢਲੇ ਅਧਿਆਪਕਾਂ ਵਿਚ ਮੇਰੀ ਮਾਤਾ ਪ੍ਰਕਾਸ਼ ਕੌਰ, ਮੇਰੇ ਵੱਡੇ ਵੀਰ ਸ. ਤੇਜ ਪਾਲ ਸਿੰਘ, ਮੇਰੇ ਤਾਇਆ ਜੀ ਸ. ਮਨੋਹਰ ਸਿੰਘ ਜੀ ਸਨ ਜਿਨ੍ਹਾਂ ਮੈਨੂੰ ਜੀਵਨ ਵਿਚ ਸਫਲਤਾ ਪ੍ਰਾਪਤੀ ਲਈ ਲਗਨ, ਸਖ਼ਤ ਮਿਹਨਤ ਤੇ ਦਿਆਨਤਦਾਰੀ ਦਾ ਸਬਕ ਪੜ੍ਹਾਇਆ। ਸਕੂਲੀ ਵਿੱਦਿਆ ਦੌਰਾਨ, ਮਾਸਟਰ ਗੁਰਦਿਆਲ ਸਿੰਘ ਸ਼ਾਹੀ, ਸਤਵੰਤ ਕੌਰ ਭੈਣ ਜੀ, ਹੈੱਡਮਾਸਟਰ ਸੋਹਣ ਸਿੰਘ ਕਸਬਾ, ਮਾਸਟਰ ਸੋਹਣ ਸਿੰਘ ਬਾਬਕ, ਹੈੱਡਮਾਸਟਰ ਸਰਵਣ ਸਿੰਘ ਬਾਠ (ਜੋ ਸਮੇਂ ਨਾਲ ਡੀ. ਈ. ਓ ਬਣੇ), ਅਤੇ ਕਾਲਜੀ ਪੜ੍ਹਾਈ ਦੌਰਾਨ ਪ੍ਰੋ ਚਰਨਜੀਤ ਸਿੰਘ, ਪ੍ਰੋ ਐੱਸ. ਐੱਸ. ਡਡਵਾਲ ਤੇ ਪ੍ਰੋ ਵਿਦਵਾਨ ਸਿੰਘ ਸੋਨੀ (ਜੋ ਸਮੇਂ ਨਾਲ ਪ੍ਰਿੰਸੀਪਲ ਬਣੇ) ਤੋਂ ਵਿੱਦਿਆ ਪ੍ਰਾਪਤੀ ਦੇ ਨਾਲ-ਨਾਲ ਚੰਗਾ ਜੀਵਨ ਜਿਊਣ ਬਾਰੇ ਅਥਾਹ ਗਿਆਨ ਪ੍ਰਾਪਤ ਹੋਇਆ। ਯੂਨੀਵਰਸਿਟੀ ਅਧਿਐਨ ਕਾਰਜਾਂ ਦੌਰਾਨ ਪ੍ਰੋ. ਸੁਰਜੀਤ ਸਿੰਘ ਭੱਟੀ, ਖੋਜ ਨਿਗਰਾਨ ਅਤੇ ਪ੍ਰੋ .ਹਰਦੇਵ ਸਿੰਘ ਵਿਰਕ, ਮੁਖੀ ਫਿਜ਼ਿਕਸ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਸੁਚੱਜੀ ਅਗਵਾਈ ਮਿਲੀ ਤੇ ਹੁਣ ਵੀ ਮਿਲਦੀ ਰਹਿੰਦੀ ਹੈ।
?. ਦੋਸਤਾਂ ਦਾ ਜ਼ਿਕਰ ਕਰੋ ਜੋ ਅੱਜ ਤੀਕ ਤੁਹਾਨੂੰ ਚੇਤੇ ਹਨ।
– ਸਕੂਲੀ ਤੇ ਕਾਲਜੀ ਸਿੱਖਿਆ ਪ੍ਰਾਪਤੀ ਦੌਰਾਨ ਅਨੇਕ ਬੜੇ ਪਿਆਰੇ ਮਿੱਤਰ ਮਿਲੇ ਜੋ ਹੁਣ ਵੀ ਸੰਪਰਕ ਵਿਚ ਹਨ, ਉਨ੍ਹਾਂ ਵਿਚੋਂ ਖਾਸ ਹਨ: ਸੁਖਜੀਤ ਸਿੰਘ ਬੈਂਸ, ਹਰਦੀਪ ਸਿੰਘ, ਪਰਮਿੰਦਰ ਸਿੰਘ, ਪ੍ਰੋ. ਗੁਰਪਾਲ ਸਿੰਘ, ਸ਼ਿਆਮ ਵੈਦ, ਰਾਵਿੰਦਰ ਬਾਠ, ਪ੍ਰੋ. ਐੱਨ. ਪੀ. ਸਿੰਘ, ਪ੍ਰੋ .ਪ੍ਰੀਤਮ ਸਿੰਘ ਗਿੱਲ, ਸ. ਤਰਸੇਮ ਸਿੰਘ ਭੰਗਲ, ਜੰਗ ਸਿੰਘ ਤੇ ਪ੍ਰਿੰਸੀਪਲ ਹਰਦੀਪ ਸਿੰਘ। ਜੀਵਨ ਯਾਤਰਾ ਦੌਰਾਨ ਮਿਲੇ ਖਾਸ ਦੋਸਤਾਂ ਵਿਚ ਸ. ਫੁਲਵੰਤ ਸਿੰਘ ਮਨੋਚਾ, ਡਾ. ਗੁਲਜ਼ਾਰ ਸਿੰਘ ਕੰਗ, ਬਲਵੀਰ ਸੈਣੀ, ਭੈਣ ਨਿਰਮਲ ਕਪਿਲਾ ਤੇ ਦਵਿੰਦਰ ਸ਼ਰਮਾ ਆਦਿ ਦਾ ਵੀ ਸ਼ੁਮਾਰ ਹੈ।
?. ਨੌਕਰੀ ਕਦੋਂ ਸ਼ੁਰੂ ਕੀਤੀ, ਵੱਖ-ਵੱਖ ਜਿੱਥੇ ਕੰਮ ਕੀਤਾ।
-ਮੈਂ ਸੰਨ 1978 ਵਿਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਫਿਜ਼ਿਕਸ ਵਿਸ਼ੇ ਵਿਚ ਐਮ. ਐਸਸੀ. ਦੀ ਡਿਗਰੀ ਹਾਸਲ ਕੀਤੀ। ਉਸੇ ਸਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਚੰਡੀਗੜ੍ਹ ਵਿਖੇ ਫਿਜ਼ਿਕਸ ਵਿਸ਼ੇ ਸੰਬੰਧਤ ਅਧਿਆਪਨ ਕਾਰਜਾਂ ਦਾ ਆਰੰਭ ਕੀਤਾ। ਪਰ ਜਲਦੀ ਹੀ ਖਾਲਸਾ ਕਾਲਜ, ਅੰਮ੍ਰਿਤਸਰ ਵਿਖੇ ਫਿਜ਼ਿਕਸ ਦੇ ਅਧਿਆਪਕ ਵਜੋਂ ਕਾਰਜ ਭਾਰ ਸੰਭਾਲ ਲਿਆ। ਅਗਲੇ ਦੋ ਸਾਲ ਇਥੇ ਹੀ ਬੀਤੇ। ਸੰਨ 1979-80 ਦੌਰਾਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧਿਆਪਕ ਤੇ ਖੋਜਕਾਰ ਡਾ. ਸੁਰਜੀਤ ਸਿੰਘ ਭੱਟੀ ਦੀ ਦੇਖ ਰੇਖ ਵਿਚ, ਫ਼ਿਜ਼ਿਕਸ ਵਿਸ਼ੇ ਸੰਬੰਧਤ ਖੋਜ ਕਾਰਜ ਵੀ ਸ਼ੁਰੂ ਕਰ ਲਏ ।
ਅਗਸਤ 1980 ਵਿਚ ਸ਼ਿਵਾਲਿਕ ਕਾਲਜ, ਨਯਾ ਨੰਗਲ ਵਿਖੇ ਪੱਕੇ ਤੌਰ ਉੱਤੇ ਭੌਤਿਕ ਵਿਗਿਆਨ ਦੇ ਲੈਕਚਰਾਰ ਵਜੋਂ ਸੇਵਾ ਸੰਭਾਲੀ। ਸੰਨ 1986 ਵਿਚ, ਭੌਤਿਕ ਵਿਗਿਆਨ ਵਿਸ਼ੇ ਵਿਚ ਖੋਜ ਕਾਰਜਾਂ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੀਐਚ. ਡੀ. ਦੀ ਡਿਗਰੀ ਪ੍ਰਾਪਤ ਹੋਈ। ਸੰਨ 1997 ਵਿਚ ਸ਼ਿਵਾਲਿਕ ਕਾਲਜ, ਨਯਾ ਨੰਗਲ ਦੇ ਸਰਕਾਰੀਕਰਣ ਤੋਂ ਬਾਅਦ ਪੰਜਾਬ ਦੇ ਹੋਰ ਸਰਕਾਰੀ ਕਾਲਜਾਂ ਵਿਚ ਵੀ ਐਸੋਸੀਏਟ ਪ੍ਰੋਫੈਸਰ ਵਜੋਂ ਅਧਿਆਪਨ ਕਾਰਜ ਕਰਨ ਦਾ ਮੌਕਾ ਮਿਲਿਆ। ਇਸ ਤਰ੍ਹਾਂ ਭਾਰਤ ਵਿਖੇ ਸੰਨ 2008 ਤਕ ਲਗਭਗ 30 ਸਾਲ ਭੌਤਿਕ ਵਿਗਿਆਨ ਵਿਸ਼ੇ ਸੰਬੰਧਤ ਅਧਿਆਪਨ ਤੇ ਖੋਜ ਕਾਰਜ ਕੀਤੇ।
ਇਸੇ ਕਾਲ ਦੌਰਾਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਥਾਪਰ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ, ਪਟਿਆਲਾ ਦੀਆਂ ਸੈਨੇਟ ਸਭਾਵਾਂ ਅਤੇ ਬੋਰਡ ਆਫ਼ ਸਟੱਡੀਜ਼ ਦੇ ਮੈਂਬਰ ਵਜੋਂ ਸੇਵਾ ਨਿਭਾਉਣ ਦਾ ਮਾਣ ਵੀ ਪ੍ਰਾਪਤ ਹੋਇਆ ਹੈ।
ਸਰਕਾਰੀ ਸ਼ਿਵਾਲਿਕ ਕਾਲਜ, ਨਯਾ ਨੰਗਲ ਵਿਖੇ ਡੀਨ, ਸਟੂਡੈਂਟ ਅਫੈਅਰਜ਼, ਬਰਸਰ, ਡਿਪਟੀ ਰਜਿਸਟਰਾਰ (ਐਗਜ਼ਾਮਜ਼), ਸਟਾਫ਼ ਸੈਕਟਰੀ, ਜਨਰਲ ਸੈਕਟਰੀ ਟੀਚਰ ਯੂਨੀਅਨ ਆਦਿ ਅਹੁਦਿਆਂ ਉੱਤੇ ਕੰਮ ਕਰਨ ਦਾ ਮੌਕਾ ਵੀ ਮਿਲਿਆ।
ਸੰਨ 2008 ਤੋਂ ਟੋਰਾਂਟੋ, ਕੈਨੇਡਾ ਵਿਖੇ ਸੈਕੰਡਰੀ ਅਤੇ ਡਿਗਰੀ ਪੱਧਰ ਉੱਤੇ ਅਧਿਆਪਨ ਕਾਰਜਾਂ ਵਿਚ ਕਾਰਜ਼ਸ਼ੀਲ ਹਾਂ। ਵਿੱਦਿਆ ਪ੍ਰਦਾਨ ਕਾਰਜਾਂ ਸੰਬੰਧਤ, ਸੰਨ 2013 ਵਿਚ ਮੈਂ ਕੈਂਬਰਿਜ ਲਰਨਿੰਗ ਸੰਸਥਾ ਦੀ ਸਥਾਪਨਾ ਕੀਤੀ। ਜਿਸ ਦੇ ਬਾਨੀ ਡਾਇਰੈਕਟਰ ਵਜੋਂ ਮੈਂ ਅੱਜ ਵੀ ਅਧਿਆਪਨ ਕਾਰਜਾਂ ਨਾਲ ਜੁੜਿਆ ਹੋਇਆ ਹਾਂ।
?. ਤੁਹਾਡੇ ਪੜ੍ਹਾਏ ਵਿਦਿਆਰਥੀ ਕਿਸੇ ਨੇ ਉੱਚੀ ਪ੍ਰਾਪਤੀ ਕੀਤੀ ਹੋਵੇ।
-ਮੇਰੇ ਬਹੁਤ ਸਾਰੇ ਵਿਦਿਆਰਥੀ ਜੀਵਨ ਦੇ ਅਲੱਗ ਅਲੱਗ ਖੇਤਰਾਂ ਵਿਚ ਸਫਲਤਾਪੂਰਨ ਯੋਗਦਾਨ ਪਾ ਰਹੇ ਹਨ। ਜਿਨ੍ਹਾਂ ਵਿਚ ਦੀਪਕ ਸ਼ਰਮਾ ਚਨਾਰਥਲ ਸੀਨੀਅਰ ਪੱਤਰਕਾਰ, ਖੁਸ਼ਹਾਲ ਲਾਲੀ ਬੀਬੀਸੀ ਨਿਊਜ਼ ਰਿਪੋਰਟਰ, ਡਾ. ਅਸ਼ਵਨੀ ਕੁਮਾਰ ਨਿਊਰੋ ਸਰਜਨ, ਪ੍ਰੋ. ਅਰੁਣ ਉਪਮੰਨਿਊ ਚਿਤਕਾਰਾ ਯੂਨੀਵਰਸਿਟੀ, ਹੈੱਡਮਾਸਟਰ ਅਰਵਿੰਦ ਕੁਮਾਰ ਸ਼ਰਮਾ, ਡਾ. ਅਤੁਲ ਜੋਸ਼ੀ, ਸ਼੍ਰੀਮਤੀ ਸ਼ਹਿਨਾਜ਼ ਪ੍ਰੋਗਰਾਮ ਪ੍ਰੋਡਿਊਸਰ ਆਲ ਇੰਡੀਆ ਰੇਡੀਓ, ਸ. ਸਤਵਿੰਦਰ ਸਿੰਘ ਭੰਗਲ ਸਰਪੰਚ, ਰਾਕੇਸ਼ ਧੀਮਾਨ ਲੈਕਚਰਾਰ, ਡਾ. ਅਸ਼ਵਨੀ ਗਿੱਲ, ਪ੍ਰਿੰ. ਸੁਖਦੇਵ ਤੇ ਅਮਰਜੀਤ ਅਮਰ ਆਦਿ ਆਪਣੀਆਂ ਵਿਸ਼ੇਸ਼ ਪ੍ਰਾਪਤੀਆਂ ਕਾਰਨ ਸਮਾਜ ਵਿਚ ਬਹੁਤ ਹੀ ਮਹਤੱਵਪੂਰਨ ਦਰਜਾ ਹਾਸਲ ਕਰ ਚੁੱਕੇ ਹਨ।
?. ਨੌਕਰੀ ਸਮੇਂ ਮਾਣ ਸਨਮਾਨ, ਕੋਈ ਯਾਦਗਾਰੀ ਘਟਨਾ।
-ਸੇਵਾ-ਕਾਲ ਦੌਰਾਨ, ਦੇਸ਼-ਵਿਦੇਸ਼ ਵਿਚ, ਫਿਜ਼ਿਕਸ ਵਿਸ਼ੇ ਦੇ ਖੋਜ ਕਾਰਜਾਂ ਨਾਲ ਸੰਬੰਧਤ ਲਗਭਗ 50 ਅੰਤਰ-ਰਾਸ਼ਟਰੀ ਤੇ ਰਾਸ਼ਟਰੀ ਕਾਨਫਰੈਂਸਾਂ/ਸੈਮੀਨਾਰਾਂ ਵਿਚ ਭਾਗ ਲੈਣ ਦਾ ਮੌਕਾ ਵੀ ਪ੍ਰਾਪਤ ਹੋਇਆ। ਸੰਨ 1987 ਵਿਚ ਲੰਡਨ (ਇੰਗਲੈਂਡ), 1988 ਵਿਚ ਸ਼ੰਘਾਈ (ਚੀਨ), 1988 ਵਿਚ ਹਾਂਗਕਾਂਗ ਅਤੇ 2006 ਐਡਮਿੰਨਟਨ (ਕੈਨੇਡਾ) ਵਿਖੇ ਕਾਨਫਰੈਂਸਾਂ/ ਸੈਮੀਨਾਰਾਂ ਵਿਚ ਭਾਰਤ ਦੀ ਪ੍ਰਤੀਨਿਧਤਾ ਕਰਨ ਦਾ ਮਾਣ ਵੀ ਪ੍ਰਾਪਤ ਹੋਇਆ। ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਕਾਨਫਰੈਸਾਂ/ ਸੈਮੀਨਾਰਾਂ ਦੀ ਪ੍ਰਧਾਨਗੀ ਦਾ ਮਾਣ ਵੀ ਮਿਲਿਆ। ਹੁਣ ਤਕ ਮੈਂ ਫਿਜ਼ਿਕਸ ਵਿਸ਼ੇ ਸੰਬੰਧਤ ਲਗਭਗ 75 ਖੋਜ ਪੱਤਰ ਲਿਖ ਚੁੱਕਾ ਹਾਂ ਜੋ ਅਮਰੀਕਾ, ਇੰਗਲੈਂਡ, ਜਰਮਨੀ, ਕੈਨੇਡਾ, ਚੀਨ ਤੇ ਭਾਰਤ ਦੀਆਂ ਪ੍ਰਮੁੱਖ ਖੋਜ ਪਤ੍ਰਿਕਾਵਾਂ ਵਿਚ ਛਪੇ ਹਨ। ਇਸੇ ਕਾਲ ਦੌਰਾਨ, ਲਗਭਗ 12 ਵਾਰ, ਦੇਸ਼-ਵਿਦੇਸ਼ ਦੀਆਂ ਪ੍ਰਮੁੱਖ ਸੰਸਥਾਵਾਂ ਵਿਖੇ ਵਿਸ਼ੇਸ਼ ਸੱਦੇ ਉੱਤੇ ਲੈਕਚਰ ਦੇਣ ਦਾ ਮਾਣ ਵੀ ਪ੍ਰਾਪਤ ਹੋਇਆ।
ਸੰਨ 2008-2019 ਦੌਰਾਨ ਭਾਰਤ ਵਿਖੇ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੇ ਚਿਤਕਾਰਾ ਯੂਨੀਵਰਸਿਟੀ, ਰਾਜਪੁਰਾ ਵਿਖੇ ਵਿਸ਼ੇਸ਼ ਸੱਦੇ ਉੱਤੇ ਲੈਕਚਰ ਦੇਣ ਦਾ ਅਤੇ ਕੈਨੇਡਾ ਦੀਆਂ ਸੰਸਥਾਵਾਂ: ਸ਼ੈਰੇਡਨ ਕਾਲਜ, ਬ੍ਰੈਂਪਟਨ; ਯੂਨੀਵਰਸਿਟੀ ਆਫ਼ ਵਾਟਰਲੂ, ਵਾਟਰਲੂ; ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼, ਮਾਂਟਰੀਅਲ ਅਤੇ ਪੰਜਾਬੀ ਹੈਰੀਟੇਜ਼ ਫਾਊਂਡੇਸ਼ਨ ਆਫ਼ ਕੈਨੇਡਾ, ਓਟਵਾ ਵਿਖੇ ਸਮੇਂ ਸਮੇਂ ਆਯੋਜਿਤ ਕੀਤੀਆਂ ਗਈਆਂ ਅਨੇਕ ਕਾਨਫ਼ਰੈਂਸਾਂ/ਸੈਮੀਨਾਰਾਂ ਵਿਚ ਭਾਗ ਲੈਣ ਦਾ ਮਾਣ ਵੀ ਹਾਸਿਲ ਹੋਇਆ ਹੈ।
(ਚਲਦਾ)

RELATED ARTICLES

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

POPULAR POSTS