Breaking News
Home / ਨਜ਼ਰੀਆ / ਸੰਤ ਸਿੰਘ ਸੇਖੋਂ-ਪੰਜਾਬੀ ਸਾਹਿਤ ਦਾ ਬਾਬਾ ਬੌਹੜ

ਸੰਤ ਸਿੰਘ ਸੇਖੋਂ-ਪੰਜਾਬੀ ਸਾਹਿਤ ਦਾ ਬਾਬਾ ਬੌਹੜ

ਡਾ. ਰਾਜੇਸ਼ ਕੇ ਪੱਲਣ
ਜਦੋਂ ਮੈਂ ”ਮਿਥ ਇਨ ਕੰਮਪੈਰੇਟਵ ਲਿਟਰੇਚਰ” ਵਿਸ਼ੇ ਉੱਤੇ ਆਯੋਜਤ ਸੈਮੀਨਾਰ ਵਿੱਚ ਹਿੱਸਾ ਲੈਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਗਿਆ ਹੋਇਆ ਸੀ ਤਾਂ ਸ਼ਰੋਮਣੀ ਸਾਹਿਤਕਾਰ, ਸੰਤ ਸਿੰਘ ਸੇਖੋਂ ਨੂੰ ਮਿਲਣ ਦਾ ਮੌਕਾ ਪ੍ਰਾਪਤ ਹੋਇਆ। ਮੈਨੂੰ ਗੁਰੂ ਗੋਬਿੰਦ ਸਿੰਘ ਰਿਪਬਲਿਕ ਕਾਲਜ, ਜੰਡਿਆਲਾ (ਜਲੰਧਰ) ਦੇ ਗੁਜ਼ਾਰੇ ਪੜ੍ਹਾਈ ਦੇ ੳਹ ਦਿਨ ਯਾਦ ਆਏ ਜਦੋਂ ਸੰਤ ਸਿੰਘ ਸੇਖੋਂ ਉਥੇ ਪ੍ਰਿੰਸੀਪਲ ਹੁੰਦੇ ਸਨ। ਪੰਜਾਬੀ ਸਾਹਿਤ ਨਾਲ ਮੇਰਾ ਡੂੰਘਾ ਪਿਆਰ ਹੋਣ ਕਾਰਨ ਸੇਖੋਂ ਸਾਹਿਬ ਲਈ ਮੇਰੇ ਮਨ ਵਿਚ ਡੂੰਘਾ ਸਤਿਕਾਰ ਹੈ ਜੋ ਸਮੇਂ ਦੀਆਂ ਲੋੜਾਂ ਹੇਠ ਮਿਟਣ ਵਾਲਾ ਨਹੀਂ। ਸੇਖੋਂ ਸਾਹਿਬ ਜਲਦੀ ਹੀ ਮੇਰੀ ਬੇਨਤੀ ‘ਤੇ ਮੈਨੂੰ ਕੁਝ ਸਮਾਂ ਦੇਣ ਲਈ ਮੰਨ ਗਏ। ਮੇਰੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ, ”ਵਿਅਕਤੀਗਤ ਹੋਂਦ ਅਤੇ ਪਹਿਚਾਣ ਦੇ ਉਦੇਸ਼ ਅਧੀਨ ਮੈਂ ਲਿਖਣਾ ਆਰੰਭ ਕੀਤਾ ਕਿਉਂਕਿ ਮੈਂ ਵੀ ਇਕ ਮਸ਼ਹੂਰ ਵਿਅਕਤੀ ਬਨਣ ਦੀ ਇੱਛਾ ਰਖਦਾ ਸੀ।”
ਮੈਂ ਇਹ ਸੁਣ ਕੇ ਬਹੁਤ ਹੈਰਾਨ ਹੋਇਆ ਕਿ ਉਹ ਬਚਪਨ ਵਿਚ ਪਹਿਲਵਾਨ ਬਨਣਾ ਲੋਚਦੇ ਸਨ ਅਤੇ ਫਿਰ ਇਕ ਡਾਕੂ ਵੀ! ਸਾਹਿਤ, ਉਨ੍ਹਾਂ ਲਈ ਤੀਸਰੀ ਜਗ੍ਹਾ ਤੇ ਸੀ, ਅਤੇ ਵਿਸ਼ੇਸ਼ ਵਿਅਕਤੀ ਬਨਣ ਲਈ ੳਨ੍ਹਾਂ ਕੋਲ ਸਿਰਫ਼ ਇਹੀ ਰਸਤਾ ਰਹਿ ਗਿਆ ਸੀ।
ਉਨ੍ਹਾਂ ਆਪਣੀ ਪ੍ਰਸੰਨ ਮੁਦਰਾ ਵਿਚ ਦੱਸਿਆ, ”ਮੈਂ ਅਪਣੇ ਕਾਲਜ ਦੇ ਦਿਨਾਂ ਤੋਂ ਹੀ ਸਮਾਜਵਾਦੀ ਵਿਚਾਰਾਂ ਦਾ ਕਾਇਲ ਹਾਂ।”
ਉਨ੍ਹਾਂ ਅਪਣੀਆਂ ਲਿਖਤਾਂ ਵਿੱਚ ਬਰਨਾਰਡ ਸ਼ਾਹ ਦੇ ਪ੍ਰਭਾਵਾਂ ਨੂੰ ਵੀ ਕਬੂਲਿਆ। ਉਨ੍ਹਾਂ ਨੇ ਮਾਰਕਸਵਾਦ ਬਹੁਤ ਬਾਅਦ ਵਿਚ ਪੜ੍ਹਿਆ।
ਉਹ ਦਸਵੀਂ ਕਲਾਸ ਵਿਚ ਹੀ ਪ੍ਰਤੱਖਵਾਦੀ ਹੋ ਗਏ ਸਨ। ਲਾਇਲਪੁਰ ਕਾਲਜ ਵਿਚ ਪੜ੍ਹਾਈ ਦੇ ਮੁਢਲੇ ਸਾਲ ਵਿਚ ਜਦੋਂ ਉਹ ਪ੍ਰੀ-ਮੈਡੀਕਲ ਦੇ ਵਿਦਿਆਰਥੀ ਸਨ ਤਾਂ ਉਹ ਡਾਰਵਿਨ ਦੀ ”ਥਿਊਰੀ ਆਫ ਇਵੀਲਿਊਸ਼ਨ” ਦੇ ਸਿਧਾਤਾਂ ਤੋਂ ਜਾਣੂ ਹੋਏ, ਜਿਸ ਦਾ ਉਨ੍ਹਾਂ ਤੇ ਡੂੰਘਾ ਪ੍ਰਭਾਵ ਪਿਆ। ਐਫ.ਸੀ.ਕਾਲਜ, ਲਾਹੌਰ ਵਿਚ ਬੀ.ਏ. ਕਰਨ ਦੇ ਸਮੇਂ ਤੱਕ ਉਹ ਪੂਰੇ ਨਾਸਤਿਕ ਹੋ ਗਏ ਸਨ।
ਮੇਰੇ ਪੁਛੱਣ ਉਪਰੰਤ ਉਨ੍ਹਾਂ ਦਸਿੱਆ ਕਿ ਪ੍ਰੈਕਟੀਕਲਜ਼ ਪਸੰਦ ਨਾ ਹੋਣ ਕਾਰਨ ਉਨ੍ਹਾਂ ਸਾਇੰਸ ਦੀ ਪੜ੍ਹਾਈ ਛੱਡ ਦਿੱਤੀ ਸੀ।
ਸਾਹਿਤ ਸਿਰਜਣਾ ਦੇ ਮੁਢਲੇ ਸਮੇਂ ਬਾਰੇ ਪੁੱਛਣ ਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ 1930 ਵਿਚ ਅੰਗਰੇਜ਼ੀ ਵਿਚ ਲਿਖਣਾ ਸ਼ੁਰੂ ਕੀਤਾ, ਜਿਸ ਵਿਚੋਂ ਉਨ੍ਹਾਂ ਨੂੰ ਕੁਝ ਸਫਲਤਾ ਮਿਲੀ। ਦੂਜੀ ਵਿਸ਼ਵ ਜੰਗ ਸਮੇਂ ਇੰਗਲੈਂਡ ਨਾਲ ਸਬੰਧ ਟੁੱਟ ਜਾਣ ਕਾਰਨ ਕੁਝ ਸਮੇਂ ਲਈ ਰੁਕਾਵਟ ਆਈ। ਉਨ੍ਹਾਂ ‘ਤੇ ਡਾਕਟਰ ਮੁੰਹਮਦ ਦੀਨ ਤਾਸੀਰ ਦਾ ਬਹੁਤ ਪ੍ਰਭਾਵ ਪਿਆ, ਜੋ ਉਨ੍ਹਾਂ ਦਿਨਾਂ ਵਿਚ ਐਮ.ਏ.ਓ. ਕਾਲਜ, ਅੰਮ੍ਰਿਤਸਰ ਵਿਖੇ ਪ੍ਰਿੰਸੀਪਲ ਸਨ। ਫੈਜ਼ ਅਹਿਮਦ ਫੈਜ਼ ਉਨ੍ਹਾਂ ਦਿਨਾਂ ਵਿਚ ਇਸੇ ਕਾਲਿਜ ਵਿਚ ਅੰਗਰੇਜ਼ੀ ਦੇ ਅਧਿਆਪਕ ਸਨ ਜਦੋਂ ਕਿ ਸੰਤ ਸਿੰਘ ਸੇਖੋਂ ਖੁਦ ਖਾਲਸਾ ਕਾਲਿਜ, ਅੰਮ੍ਰਿਤਸਰ ਵਿਖੇ ਅੰਗਰੇਜ਼ੀ ਦੇ ਪ੍ਰੋਫ਼ੈਸਰ ਸਨ। ਉਨ੍ਹਾਂ ਦਿਨਾਂ ਵਿੱਚ ਹੀ ਡਾ. ਮੁਹੰਮਦ ਦੀਨ ਤਾਸੀਰ ਨੇ ਪ੍ਰੋਗਰੈਸਿਵ ਰਾਈਟਰਜ਼ ਸੁਸਾਇਟੀ ਬਣਾਈ ਸੀ ਜਿਸ ਦੀਆਂ ਇਕੱਤਰਤਾਂਵਾਂ ਰਾਮ ਬਾਗ਼ ਦੀ ਹਵੇਲੀ ਵਿਚ ਹੋਇਆ ਕਰਦੀਆਂ ਸਨ। ਸੇਖੋਂ ਸਾਹਿਬ ਇਸ ਸੁਸਾਇਟੀ ਵਿਚ ਕਾਫ਼ੀ ਸਰਗਰਮ ਰਹੇ ਅਤੇਂ ਇਸ ਸੁਸਾਇਟੀ ਵਿੱਚ ਹੀ ਉਨਾਂ ਨੇ ਪੰਜਾਬੀ ਮਾਂ ਬੋਲੀ ਵਿਚ ਲਿਖਣ ਦੀ ਪ੍ਰੇਰਨਾ ਲਈ। ਫੈਜ਼ ਅਹਿਮਦ ਫੈਜ਼ ਬਾਰੇ ਕਿਸੇ ਪ੍ਰਕਾਰ ਦੀ ਯਾਦ ਪੁੱਛਣ ਤੇ ਉਨ੍ਹਾਂ ਦੱਸਿਆ ਕਿ ਫੈਜ਼ ਉਨ੍ਹਾਂ ਦਾ ਖਾਸ ਮਿੱਤਰ ਸੀ ਅਤੇ ਉਨ੍ਹਾਂ ਨੇ ਹੋਰ ਦੱਸਿਆ ਕਿ ਫੈਜ਼ ਨੇ ਇਕ ਵਾਰ ਉਨ੍ਹਾਂ ਨੂੰ ”ਨਕਸ਼ੇ ਫਰਿਆਦੀ” ਛਪਵਾਉਣ ਲਈ ਵੀ ਕਿਹਾ ਸੀ। ਅਤੇ ਜਦੋਂ ਉਨ੍ਹਾਂ ਨੇ ਆਪਣੇ ਵਿਦਿਆਰਥੀ ਅਤੇ ਮਿੱਤਰ, ਜੀਵਨ ਸਿੰਘ, (ਲਾਹੌਰ ਬੁਕ ਸ਼ਾਪ ਲੁਧਿਆਣਾ) ਨੂੰ ਇਸ ਪੁਸਤਕ ਨੂੰ ਛਾਪਣ ਬਾਰੇ ਕਿਹਾ ਤਾਂ ਜੀਵਨ ਸਿੰਘ ਨੇ ਫੈਜ਼ ਨੂੰ ਨਵਾਂ ਲੇਖਕ ਹੋਣ ਦੇ ਕਾਰਣ ਫੈਜ਼ ਦੀ ਕਿਤਾਬ ਛਾਪਣ ਦਾ ਰਿਸਕ ਲੈਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦਿਨਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੱਸਿਆ ਕਿ ਐਸ.ਐਸ. ਚਰਨ ਸਿੰਘ ਸ਼ਹੀਦ, ਪ੍ਰੋ : ਤੇਜਾ ਸਿੰਘ, ਧਨੀ ਰਾਮ ਚਾਤ੍ਰਿਕ, ਸਰ ਸਹਾਬੋ ਦੀਨ ਅਤੇ ਜੇਸੂਆ ਫਜ਼ਲ ਦੀਨ ਪੰਜਾਬੀ ਦੀ ਉਨੱਤੀ ਲਈ ਯਤਨਸ਼ੀਲ ਸਨ। ਪਰ ਸੇਖੋਂ ਸਾਹਿਬ ਉਨ੍ਹਾਂ ਦੇ ਅਜਿਹੇ ਯਤਨਾਂ ਤੋਂ ਸੰਤੁਸ਼ਟ ਨਹੀਂ ਸਨ ਕਿਉਂਕਿ ਉਹ ਪੰਜਾਬੀ ਬੋਲੀ ਲਈ ਗੁਰਮੁਖੀ ਲਿਪੀ ਨਹੀਂ ਵਰਤ ਰਹੇ ਸਨ। ਉਨ੍ਹਾਂ ਨੇ ‘ਲਿਖਾਰੀ’ ਮੈਗਜ਼ੀਨ ਲਈ ਪ੍ਰੋ: ਮੋਹਣ ਸਿੰਘ ਦੀ ਬਹੁਤ ਮਦਦ ਕੀਤੀ। ਇਸ ਹੀ ਮੈਗਜ਼ੀਨ ਵਿਚ ਉਨ੍ਹਾਂ ਦੀਆਂ ਕਹਾਣੀਆਂ ”ਪੇਮੀ ਦੇ ਨਿਆਣੇ”, ”ਮੁੜ ਵਿਧਵਾ” ਆਦਿ ਛਪੀਆਂ। ਸੇਖੋਂ ਸਾਹਿਬ ਉਰਦੂ ਵਿਚ ਵੀ ਲਿਖਦੇ ਸਨ ਅਤੇ ਜਦੋਂ ਉਨ੍ਹਾਂ ਦਾ ਇਕਾਂਗੀ ”ਏਕ ਐਤਵਾਰ” (”ਇਕ ਐਤਵਾਰ”) ਉਰਦੂ ਵਿਚ ਛਪਿਆ ਤਾਂ ਉਨ੍ਹਾਂ ਦੱਸਿਆ ਕਿ ਉਹ ਲੋਕਾਂ ਵਿਚ ”ਏਕ ਐਤਵਾਰ” ਦੇ ਲੇਖਕ ਵਜੋਂ ਜਾਣੇ ਜਾਂਦੇ ਸਨ।
ੲੲੲ
ਨਾਸ਼ਤਾ ਕਰ ਰਹੇ ਸਮੇਂ ਇਕ ਬਹਿਰਾ ਜਲਦੀ ਜਲਦੀ ਵਿਚ ਦੂਜੇ ਬਹਿਰੇ ਨਾਲ ਇਸ ਤਰ੍ਹ ਾਂ ਟਕਰਾ ਗਿਆ ਕਿ ਇਕ ਦੇ ਹੱਥ ਵਿਚੋਂ ਦੁੱਧ ਦਾ ਭਰਿਆ ਗਲਾਸ ਡਿਗ ਕੇ ਟੁੱਟ ਗਿਆ। ਉਹ ਆਪਸ ਵਿਚ ਝਗੜਨ ਲਗ ਪਏ। ਕਿਸੇ ਨੇ ਕਿਹਾ, ”ਗਲਾਸ ਹੀ ਟੁੱਟਾ ਏ, ਝਗੜੋ ਨਾ?”
ਸੇਖੋਂ ਸਾਹਿਬ ਨੇ ਕਿਹਾ, ”ਇਹ ਗਲਾਸ ਕਰਕੇ ਨਹੀ, ਸਗੋਂ ਡੁੱਲ੍ਹੇ ਦੁੱਧ ਕਾਰਣ ਲੜ ਰਹੇ ਨੇ।”
ਜਿਉਂ ਹੀ ਅਸੀਂ ਕਮਰੇ ਵਿਚੋਂ ਪਰਤੇ ਤਾਂ ਧੋਬੀ ਉਨ੍ਹਾਂ ਦੇ ਕੁਝ ਕਪੜੇ ਲੈ ਕੇ ਦਾਖ਼ਲ ਹੋਇਆ। ਬਹੁਤ ਆਦਰ ਨਾਲ ਕਪੜੇ ਫੜਾਉਂਦੇ ਹੋਏ ਧੋਬੀ ਨੇ ਕਿਹਾ, ”ਮੈਨੂੰ ਮਾਫ਼ ਕਰੋ ਕਿ ਕਮੀਜ਼ ਦੀ ਜੇਬ ਤੋਂ ਸਿਆਹੀ ਦਾ ਦਾਗ਼ ਸਾਫ਼ ਨਹੀਂ ਹੋਇਆ।”
ਸੇਖੋਂ ਸਾਹਿਬ ਨੇ ਚੁਪ ਚਾਪ ਕਪੜੇ ਰੱਖ ਲਏ ਔਰ ਮੁਸਕਰਾਂਦੇ ਹੋਏ ਧੋਬੀ ਦਾ ਮਿਹਨਤਾਨਾ ਉਸਨੂੰ ਪਕੜਾ ਦਿੱਤਾ ਅਤੇ ਕਿਹਾ, ”ਦਾਗ਼ ਕਿੱਥੇ ਸਾਫ਼ ਹੁੰਦੇ ਆ?”
ੲੲੲ
ਸੇਖੋਂ ਸਾਹਿਬ ਦੀ ਪਹਿਲੀ ਰਚਨਾਂ ਸੀ- ”ਛੇ ਘਰ”। ਇਸ ਪੁਸਤਕ ਦਾ ਸਿਰਲੇਖ ਗੁਰਬਾਣੀ ਤੋਂ ਪ੍ਰਭਾਵਤ ਸੀ- ‘ਛੇ ਘਰ, ਛੇ ਗੁਰ, ਛੇ ਉਪਦੇਸ਼’।
ਇਸ ਇਕਾਂਗੀ ਸੰਗ੍ਰਹਿ ਦੇ ਇਕਾਂਗੀ ”ਮਹਾਤਮਾ” ਬਾਰੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਧਾਰਨਾ ਹੈ ਕਿ ਆਦਮੀ ਨੂੰ ਨਾ ਅਮੀਰ ਦੀ ਅਤੇ ਨਾ ਹੀ ਗ਼ਰੀਬ ਦੀ ਰੋਟੀ ਖਾਣੀ ਚਾਹੀਦੀ ਹੈ ਸਗੋਂ ਕਿਰਤ ਕਰਕੇ ਹੀ ਰੋਟੀ ਖਾਣੀ ਚਾਹੀਦੀ ਹੈ।
ਡਾ: ਇਕਬਾਲ ਦੀ ਸ਼ਾਇਰੀ ਬਾਰੇ ਟਿੱਪਣੀ ਕਰਦਿਆਂ ਸੇਖੋਂ ਸਾਹਿਬ ਨੇ ਉਨ੍ਹਾਂ ਦੇ ਮਸ਼ਹੂਰ ਸ਼ੇਅਰ ਦੀ ਨਵੀਂ ਨਕੋਰ ਵਿਆਖਿਆ ਦਿੰਦਿਆ ਕਿਹਾ :
{ਜਿਸ ਖ਼ੇਤ ਸੇ ਨਾਂ ਮਿਅਸੱਰ ਹੋ ਇੰਸਾਨ ਕੋ ਰੋਜ਼ੀ;
ਉਸ ਖ਼ੇਤ ਕੇ ਹਰ ਖੋਸ਼ਾ-ਏ-ਗੰਦਮ ਕੋ ਜਲਾ ਦੋ’
”ਅਸੀਂ ਅਨਾਜ ਨੂੰ ਕਿਉਂ ਜਲਾਈਏ? ਸਗੋਂ ਸਾਨੂੰ ਅਨਾਜ ਨੂੰ ਖੋਹ ਲੈਣਾ ਚਾਹੀਦਾ ਔਰ ਅੱਪਣੇ ਹੱਕਾਂ ਲਈ ਲੜ ਕੇ ਅੱਪਣੇ ਹੱਕ ਪ੍ਰਾਪਤ ਕਰ ਲੈਣੇ ਚਾਹੀਦੇ।”
ਡਾ: ਇਕਬਾਲ ਦੇ ਇਕੱ ਹੋਰ ਮਸ਼ਹੂਰ ਸ਼ੇਅਰ ਬਾਰੇ ਉਨ੍ਹਾਂ ਨੇ ਅੱਪਣੇ ਵਿਚਾਰਾਂ ਦਾ ਪ੍ਰਗਟਾਵਾ ਵੀ ਕੀਤਾ।
”ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ
ਖੁਦਾ ਬੰਦੇ ਸੇ ਖੁੱਦ ਪੂਛੇ ਕਿ ਬਤਾ ਤੇਰੀ ਰਜ਼ਾ ਕਿਆ ਹੈ?” ਉਨ੍ਹਾਂ ਨੇ ਕਿਹਾ ਕਿ ”ਇਹ ਸਭ ਬਕਵਾਸ ਹੈ” ਕਿ ਰੱਬ ਬੰਦੇ ਤੋਂ ਉਸ ਦੀ ਕਿਸਮਤ ਬਨਾੳਣ ਲਈ ਪੁੱਛ ਰਿਹਾ ਹੈ। ਉਨ੍ਹਾਂ ਨੇ ਡਾ: ਇਕਬਾਲ ਨੂੰ ਇਸ ਆਧਾਰ ਤੇ ‘ਹਿਪੋਕ੍ਰਟ’ ਕਿਹਾ।
ਸ਼ਿਵ ਬਟਾਲਵੀ ਬਾਰੇ ਪੁੱਛਣ ਤੇ ਉਨ੍ਹਾਂ ਨੇ ਸ਼ਿਵ ਦੀਆਂ ਕਵਿਤਾਵਾਂ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ”ਸ਼ਿਵ ਯਥਾਰਤਕ ਸੀ ਤੇ ਉਸ ਦੀ ਪੇਂਡੂ ਬਿੰਬਾਵਲੀ ਵਿਚ ਖਿੱਚ ਹੈ।”
ਉਨ੍ਹਾਂ ਦੱਸਿਆ ਕਿ ”ਸ਼ਿਵ ਉਨ੍ਹਾਂ ਦੇ ਘਰ ਅਕਸਰ ਆਇਆ ਕਰਦਾ ਸੀ ਤੇ ਸ਼ਰਾਬ ਬਹੁਤ ਜ਼ਿਆਦਾ ਪੀਂਦਾ ਹੁੰਦਾ ਸੀ।” ਉਨ੍ਹਾਂ ਨੇ ”ਸ਼ਿਵ ਨੂੰ ਸ਼ਰਾਬ ਛੱਡਣ ਲਈ ਕਦੇ ਨਹੀਂ ਕਿਹਾ ਪਰ ਉਹ ਸ਼ਿਵ ਨੂੰ ਘੱਟ ਪੀਣ ਲਈ ਜ਼ਰੂਰ ਕਹਿੰਦੇ ਰਹਿੰਦੇ; ਪਰ ਉਹ ਨਾਂ ਮੰਨਿਆ।”
ਸ਼ਿਵ ਦੀ ਭਰਪੂਰ ਸ਼ਲਾਘਾ ਕਰਦਿਆ ਉਨ੍ਹਾਂ ਕਿਹਾ,
”ਭਾਵੇਂ ਸ਼ਿਵ ਵਿਚਾਰਧਾਰਕ ਤੌਰ ਤੇ ‘ਨਿਊਟਰਲ’ ਸੀ; ਪਰ ਉਹ ਬ੍ਰਿਹਾ ਦਾ ਸੁਲਤਾਨ, ਇਕ ਜਜ਼ਬਾਤੀ ਸ਼ਾਇਰ ਸੀ।”
ੲੲੲ
ਸੇਖੋਂ ਸਾਹਿਬ ਨੇ ਇਕ ਘਟਨਾ ਯਾਦ ਕਰਦਿਆਂ ਕਿਹਾ ਕਿ ਉਹ ਤੇ ਉਨ੍ਹਾਂ ਦਾ ਇਕ ਦੋਸਤ ਇਕ ਵਾਰ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਸੈਰ ਕਰ ਰਹੇ ਸਨ ਕਿ ਉਨ੍ਹਾਂ ਇਕ ਨੌਜਵਾਨ ਫੌਜੀ ਤੇ ਉਸ ਦੀ ਸੁੰਦਰ ਗਰਭਵਤੀ ਪਤਨੀ ਨੂੰ ਗੱਡੀ ਉਡੀਕਦਿਆਂ ਵੇਖਿਆ। ਉਨ੍ਹਾਂ ਪਾਸ ਹੀ ਇਕ ਭਈਆ ਤੇ ਉਸ ਦੀ ਪਤਨੀ, ਚਾਰ ਬੱਚਿਆਂ ਨਾਲ ਬੈਠੀ ਸੀ। ਫੌਜੀ ਦੀ ਗਰਭਵਤੀ ਪਤਨੀ ਨੇ ਭਈਏ ਦੀ ਬਿਨਾ ਯੋਜਨਾ ਪਰਿਵਾਰ ਬਾਰੇ ਵਿਅੰਗਾਤਮਕ ਭਾਵ ਪੇਸ਼ ਕੀਤੇ, ਜਿਸ ਦੇ ਜਵਾਬ ਵਿਚ ਫੌਜੀ ਜਵਾਨ ਨੇ ਅਪਣੀ ਪਤਨੀ ਨੂੰ ਕਿਹਾ, ”ਤੂੰ ਭਈਏ ਦੀ ਪਤਨੀ ਵਾਂਗ ਨਾ ਕਰੀਂ।” ਸੇਖੋਂ ਸਾਹਿਬ ਨੇ ਦੱਸਿਆ ਕਿ ਇਸ ਘਟਨਾਂ ਦੇ ਆਧਾਰ ਤੇ ਉਨ੍ਹਾਂ ”ਅਣਜੰਮੇਂ” ਕਹਾਣੀ 1943 ਵਿੱਚ ਲਿਖੀ ਸੀ, ਜਦੋਂ ਕਿ ਸਰਕਾਰ ਨੇ ਤੇਜ਼ੀ ਨਾਲ ਵਧ ਰਹੀ ਆਬਾਦੀ ਦੀ ਸਮੱਸਿਆ ਬਾਰੇ ਹਾਲੇ ਕੁਝ ਵੀ ਨਹੀਂ ਸੋਚਿਆ ਸੀ।
ੲੲੲ
ਸੇਖੋਂ ਸਾਹਿਬ ਨੇ ਅੰਗਰੇਜ਼ੀ ਸਾਹਿਤ ਦੇ ਮਸ਼ਹੂਰ ਨਾਵਲਿਸਟ, ਡੀ.ਐਚ. ਲਾਰੇਂਸ, ਦੇ ਪ੍ਰਭਾਵ ਨੂੰ ਕਬੂਲ ਕਰਦਿਆ ਦੱਸਿਆ ਕਿ ਉਨ੍ਹਾਂ ਦੇ ਨਾਵਲ ”ਲਹੂ ਮਿੱਟੀ” ‘ਤੇ ਲਾਰੇਂਸ ਦਾ ਡੂੰਘਾ ਪ੍ਰਭਾਵ ਹੈ। ਇਸ ਨਾਵਲ ਬਾਰੇ ਗੱਲ ਕਰਦਿਆ ਉਨ੍ਹਾਂ ਕਿਹਾ ਕਿ ”ਕਿਸਾਨ ਦਾ ਖੂਨ ਸਿਰਫ਼ ਉਹਦੀਆਂ ਨਾੜਾਂ ਵਿਚ ਹੀ ਨਹੀ ਚੱਲਦਾ, ਸਗੋਂ ਧਰਤੀ ਵਿਚ ਵੀ ਉਹੀ ਖ਼ੂਨ ਚੱਕਰ ਲਾਉਂਦਾ ਹੈ।”
ਸੇਖੋਂ ਸਾਹਿਬ ਨੇ ਦੱਸਿਆ ਕਿ ਉਨ੍ਹਾਂ ਦੀ ਕਹਾਣੀ ਵਿਚ ਮੰਗਤੇ, ਵੇਸ਼ਵਾਵਾਂ ਅਤੇ ਗ਼ਰੀਬੀ ਵਿੱਚ ਜਕੜੇ ਲੋਕ ਨਹੀਂ ਮਿਲਣਗੇ। ਉਨ੍ਹਾਂ ਕਿਹਾ, ”ਕਿਰਤੀ ਹੀ ਯੋਧੇ ਬਨਣ ਉਪਰੰਤ ਕੁਝ ਹਾਸਿਲ ਕਰ ਸਕਦੇ ਹਨ।”
ਉਨ੍ਹਾਂ ਦਾ ਕਿਰਤੀਆਂ ਪ੍ਰਤੀ ਪਿਆਰ ਅਤੇ ਸਬੰਧ ਉਨ੍ਹਾਂ ਦੇ ਕਹਾਣੀ ਸੰਗ੍ਰਹਿ ”ਕਾਮੇ ਤੇ ਯੋਧੇ” ਵਿਚ ਪ੍ਰਤੱਖ ਰੂਪ ਵਿੱਚ ਉਭਰਦਾ ਹੈ। ਮੇਰੇ ਇੱਕ ਨਿੱਜੀ ਸਵਾਲ, ”ਪਿਆਰ ਦੇ ਪ੍ਰਭਾਵ ਬਾਰੇ”, ਪੁੱਛਣ ਤੇ ਉਨ੍ਹਾਂ ਕਿਹਾ :
”ਮੇਰੀਆਂ ਰਚਨਾਵਾਂ ਨੇ ਮੇਰੇ ਵਿੱਚ ਪਿਆਰ ਉਪਜਾਇਆ ਹੈ। ਪਰ ਮੇਰੇ ਪਿਆਰ ਨੇ ਮੇਰੀਆਂ ਰਚਨਾਵਾਂ ‘ਤੇ ਕੋਈ ਪ੍ਰਭਾਵ ਨਹੀਂ ਪਾਇਆ।”
ਉਨ੍ਹਾਂ ਗੱਲ ਜਾਰੀ ਰੱਖਦਿਆਂ ਕਿਹਾ ਕਿ ਉਨ੍ਹਾਂ ਦਾ ਪਹਿਲਾ ਪਿਆਰ ਹੈਲਮੀ ਨਾਂ ਦੀ ਅਮਰੀਕਨ ਔਰਤ ਨਾਲ ਹੋਇਆ ਸੀ ਜੋ ਕਿ ਇੱਕ ਭਾਰਤੀ ਨਾਲ ਵਿਆਹੀ ਹੋਈ ਸੀ।
”ਦਰਅਸਲ, ਉਸਨੇ ਮੇਰੇ ਨਾਲ ਪਿਆਰ ਪਾਇਆ। ਉਹ ਇਕ ਬੌਧਿਕ ਇਸਤਰੀ ਸੀ ਅਤੇ ਮੈਨੂੰ ਯਕੀਨ ਹੈਗਾ ਕਿ ਹੈਲਮੀ ਦੀ ਬੌਧਿਕਤਾ ਹੋਰ ਵਿਕਸਤ ਹੋ ਸਕਦੀ ਸੀ ਜੇਕਰ ਉਹ ਮੇਰੇ ਨਾਲ ਵਿਆਹੀ ਹੁੰਦੀ।”
ਉਨ੍ਹਾਂ ਦੱਸਿਆ ਕਿ ਉਹ ਇੱਕ ਹੋਰ ਔਰਤ ਨੂੰ ਪਿਆਰ ਕਰਦੇ ਹਨ। ਮੇਰੇ ਪੁੱਛਣ ਉਪਰੰਤ ਉਨ੍ਹਾਂ ਕਿਹਾ, ”ਹਾਂ:, ਇਹ ਦੋਵੇਂ ਪਾਸਿਉਂ ਸੀ। ਮੈਂ ਉਦੋਂ 33 ਸਾਲਾਂ ਦਾ ਸੀ ਤੇ ਮੈਂ ਅਜਿਹੇ ਮਸਲੇ ਵਿਚ ਉਲਝਣਾ ਨਹੀਂ ਸੀ ਚਾਹੁੰਦਾ।
ਉਸ ਨਾਲ ਮੇਰੇ ਕਾਮਕ ਸਬੰਧ ਨਹੀਂ ਸਨ। ਇੱਥੋਂ ਤੱਕ ਕਿ ਮੈਂ ਉਸ ਨੂੰ ਚੁੰਮਿਆ ਤੱਕ ਵੀ ਨਹੀਂ ਸੀ।”
ਮੇਰੇ ਇੱਕ ਹੋਰ ਸਵਾਲ ਪੁੱਛਣ ਉਪਰੰਤ, ਉਨ੍ਹਾਂ ਇਮਾਨਦਾਰੀ ਨਾਲ ਕਿਹਾ:
”ਮੈ 21 ਸਾਲਾਂ ਵਿਚ ਹੀ ਵਿਆਹਿਆ ਹੋਇਆ ਸੀ। ਮੇਰੀ ਉਹ ਪ੍ਰੇਮਿਕਾ ਸੁੰਦਰ ਤਾਂ ਬਹੁਤ ਸੀ ਪਰ ਬੋਧਿਕ ਪੱਧਰ ਤੇ ਮੈਨੂੰ ਜਚੀ ਨਹੀਂ। ਪਰ ਉਹ ਇਕ ਚੰਗੀ ਪਤਨੀ ਬਨਣ ਦੇ ਕਾਬਿਲ ਜ਼ਰੂਰ ਸੀ”,ਉਨ੍ਹਾਂ ਹਉਕਾ ਭਰਦਿਆਂ ਜਵਾਬ ਦਿੱਤਾ।
ਜਦੋਂ ਮੈਂ ਉਨ੍ਹਾਂ ਨੂੰ ਉਸ ਪ੍ਰੇਮਿਕਾ ਦੇ ਨਾਂ ਬਾਰੇ ਪੁਛਿਆ ਤਾਂ ਸੇਖੋਂ ਸਾਹਿਬ ਨੇ ਉਸਦਾ ਨਾਂ ਦੱਸਣੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ
”ਨਾਂ ਵਿਚ ਕੀ ਪਿਆ?”
ਮੇਰੇ ਇਕ ਸਵਾਲ ਦੇ ਉੱਤਰ ਵਿਚ ਸੇਖੋਂ ਸਾਹਿਬ ਨੇ ਕਿਹਾ ਕਿ ਉਹ ਵੀ ”ਮਸ਼ਹੂਰ ਹੋਣਾ ਚਾਹੁੰਦੇ ਸਨ ਅਤੇ ਸੱਤਾ ਦੀ ਲੋੜ ਮਹਿਸੂਸ ਕਰਦੇ ਸਨ।”
”ਸੱਤਾ ਕਿਸ ਲਈ?”
ਉਨ੍ਹਾਂ ਜਵਾਬ ਵਿਚ ਕਿਹਾ ਕਿ ਸੱਤਾ ਉਨ੍ਹਾਂ ਨੂੰ ਇਕ ਕਜਮਊਨਿਸਟ ਹੋਣ ਦੇ ਨਾਤੇ ਚਾਹੀਦੀ ਸੀ, ਜਦੋਂ ਕਿ ਆਦਮੀ ਸੱਤਾ ਸਿਰਫ਼ ਸੱਤਾ ਲਈ ਹੀ ਚਾਹੁੰਦਾ ਹੈ।”
ਉਨ੍ਹਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ, ”ਉਹ ਰਾਜਨੀਤੀ ਵਿਚ ਸਫ਼ਲ ਨਾ ਹੋ ਸਕੇ!”
ਸੇਖੋਂ ਸਾਹਿਬ ਆਪਣੀ ਆਤਮ ਕਥਾ ਦੇ ਟਾਈਪ ਕੀਤੇ ਹੋਏ ਖਰੜੇ ਦੀ ‘ਪਰੂਫਰੀਡਿਗ’ ਕਰ ਰਹੇ ਸਨ।
ਮੇਰੀ ਨਜ਼ਰ ਉਸ ਖਰੜੇ ਵਿੱਚ ਦਰਜ ਕੁਝ ਸਤਰਾਂ ਉੱਤੇ ਪਈ। ਉਹ ਸੱਤਰਾਂ ਕੁਝ ਇੰਝ ਸਨ, ”ਮੈਂ 14 ਸਾਲ ਦੀ ਉਮਰ ਵਿਚ ਸੈਕਸ਼ਪੀਅਰ ਦੇ ਨਾਟਕ, ”ਜੂਲੀਅਸ ਸੀਜ਼ਰ”,”ਐਜ਼ ਯੂ ਲਾਈਕ ਇਟ” ਪੜ੍ਹੇ, ਪਰ ਮੈਂ ਉਦੋਂ ਉਨ੍ਹਾਂ ਨੂੰ ਠੀਕ ਤਰ੍ਹਾਂ ਸਮਝ ਨਹੀਂ ਸਕਿਆ।”
ਆਤਮ-ਕਥਾ ਬਾਰੇ ਮੇਰੇ ਪੁਛਣ ਤੋਂ ਪਹਿਲਾਂ ਹੀ ਉਨ੍ਹਾਂ ਕਿਹਾ,
”ਆਤਮ -ਕਥਾ ਨੂੰ ਲਿਖਣਾ ਬਹੁਤ ਔਖਾ ਹੁੰਦਾ ਕਿਉਂਕਿ ਲਿਖਣ ਵੇਲੇ ਮਨ ਵਿਚ ਪੈਦਾ ਹੋਈਆਂ ਅਜੀਬ ਉਲਝਣਾਂ ਇੱਕ ਮਿੰਨਾ ਮਿੰਨਾ ਦਰਦ ਉਪਜਾ ਦਿੰਦੀਆਂ। ਜਿਸ ਨੂੰਲੇਖ਼ਕ ਕਹਿਣਾ ਵੀ ਚਾਹੁੰਦਾ ਅਤੇ ਲੁਕਾੳਣਾ ਵੀ ਚਾਹੁੰਦਾ।”
ਕੁਝ ਹੋਰ ਗਲਾਂ ਤੋਂ ਇਲਾਵਾ ਆਤਮ-ਕਥਾ ਵਿਚ ਉਨ੍ਹਾਂ ਦਾ ਰਾਜਨੀਤਕ ਘਟਨਾਵਾਂ ਬਾਰੇ ਪ੍ਰਤੀਕਰਮ ਵੀ ਸੀ।
ਮੈਂ ਹੁਣੇ ਹੁਣੇ ਅੰਮਿਤਾ ਪ੍ਰੀਤਮ ਦੀ ਆਤਮ-ਕਥਾ, ”ਰਸੀਦੀ ਟਿਕਟ”, ਪੜ੍ਹੀ ਸੀ। ਮ ੈਂਉਨ੍ਹਾਂ ਨੂੰ ਕਾਹਲੀ ਨਾਲ ਪੁੱਛਿਆ :
”ਅੰਮ੍ਰਿਤਾ ਪ੍ਰੀਤਮ ਦੀ ”ਰਸੀਦੀ ਟਿਕਟ” ਵਾਂਗ ਤੁਸੀਂ ਵੀ ਕਿਧਰੇ ਅਪਣੇ ਨਿੱਜੀ ਵਿਅਕਤੀਤਵ ਦੀ ਪ੍ਰਦਰਸ਼ਨੀ ਤਾਂ ਨਹੀ ਕਰੋਗੇ?”
ਉਨ੍ਹਾਂਂ ਕਿਹਾ, ”ਮੈਂ ਇਝੰ ਕਰਨ ਤੋਂ ਸੰਕੋਚ ਕਰਾਂਗਾ। ਸੱਚ ਜਾਨਿਓ ਮੈਂ ਇਸ ਪ੍ਰਤੀ ਬੜਾ ਸੁਚੇਤ ਹਾਂ।”
”ਤੁਸੀਂ ਇਸ ਦਾ ਸਿਰਲੇਖ ਕੀ ਰੱਖਿਆ?”
ਉਨ੍ਹਾਂ ਕਿਹਾ, ”ਤੁਸੀ ਹੀ ਦੱਸੋ।”
ਮੈਂ ਕੁਝ ਕੁ ਦੇਰ ਚੁੱਪ ਰਿਹਾ, ਕੁੱਝ ਨਾ ਕਿਹਾ।
ਫਿਰ ਉਨ੍ਹਾਂ ਦੱਸਿਆ ਕਿ ਉਹ ਵੱਖੋ ਵੱਖਰੇ ਸਿਰਲੇਖਾਂ ਬਾਰੇ ਸੋਚ ਰਹੇ ਹਨ। ਜਿਵੇਂ ”ਸਿਮ੍ਰਤੀਆਂ, ”ਮੇਰੇ ਸਮਾਚਾਰ” ਆਦਿ, ਆਦਿ।
ਪਰਿਵਾਰਕ ਜ਼ੁੰਮੇਵਾਰੀਆਂ ਕਾਰਨ ਲਿਖਤਾਂ ਵਿਚ ਪਈ ਰੁਕਾਵਟ ਬਾਰੇ ਮੇਰੇ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ,
”ਨਹੀਂ, ਇਹ ਮੇਰੇ ਲਈ ਉਤਸ਼ਾਹ ਦਾ ਸਰੋਤ ਹਨ? ਸਾਨੂੰ ਅਪਣੀਆਂ ਪਰਿਵਾਰਕ ਜ਼ੁਮੇਵਾਰੀਆਂ ਨੂੰ ਬੋਝ ਨਹੀਂ ਸਮਝਣਾ ਚਾਹੀਦਾ। ਸਗੋਂ ਇਨਾ੍ਹਂ ਨੂੰ ਬੜੀ ਸੂਝ ਨਾਲ ਨਿਭਾੳਣਾ ਚਾਹੀਦਾ। ਬੜੇ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾ ਦੇਣਾ ਚਾਹੀਦਾ। ਜੇਕਰ ਮੈਂ ਵਿਆਹਿਆ ਨਾ ਹੁੰਦਾ ਤਾਂ ਮੈਂ ਆਪਣੇ ਆਪ ਨੂੰ ਤਬਾਹ ਕਰ ਲਿਆ ਹੁੰਦਾ।”
ਸੇਖੋਂ ਸਾਹਿਬ ਨੇ ਵੇਟਰ ਤੋਂ ਕੁਝ ਖਾਣ ਲਈ ਮੰਗਵਾਇਆ ਸੀ। ਵੇਟਰ ਘੰਟੇ ਕੁ ਬਾਦ ਆਇਆ। ਜਦੋਂ ਉਹ ਕੱਪ ਪਲੇਟਾਂ ਟਿਕਾ ਰਿਹਾ ਸੀ ਤਾਂ ਸੇਖੋਂ ਸਾਹਿਬ ਨੇ ਉਸਨੂੰ ਏਨੰੀ ਦੇਰ ਲਗਾ ਦੇਣ ਲਈ ਡਾਂਟਿਆ ਨਹੀਂ ਸਗੋਂ ਉਸ ਵੇਟਰ ਦੇ ਪ੍ਰੀਵਾਰ ਦਾ ਹਾਲ ਚਾਲ ਪੱਛ ਰਹੇ ਸਨ। ਉਨ੍ਹਾਂ ਨੂੰ ਨੇੜੇ ਤੋ ਸਮਝਣ ਵਾਲੇ ਸਾਰੇ ਹੀ ਦੱਸਦੇ ਹਨ ਕਿ ਸੇਖੋਂ ਸਾਹਿਬ ਮਾਨਵ ਪਿਆਰ ਨਾਲ ਲਪੋ ਲਪ ਭਰੇ ਹੋਏ ਸਨ।
ਇੰਟਰਵਿਊ ਦੇ ਆਖ਼ਰ ਵਿਚ ਮੈਂ ਕਿਹਾ, ”ਤੁਸੀਂ ਤਾਂ ਸੱਚਮੁਚ ਹੀ ਇਕ ਸੰਤ ਹੋ।”
ਉਨ੍ਹਾਂ ਤੁਰੰਤ ਕਿਹਾ ਕਿ ਅਜਿਹੀ ਟਿਪੱਣੀ ਉਨ੍ਹਾਂ ਉੱਤੇ ਇੱਕ ਸੁੰਦਰ ਇਸਤਰੀ ਨੇ ਕੀਤੀ ਸੀ, ਜਿਸ ਨੂੰ ਕਿ ਉਨਾ੍ਹਂ ਨੇ ਜਵਾਬ ਦਿੱਤਾ ਸੀ :
”ਜੇਕਰ ਤੁਸੀਂ ਮੇਰੇ ਵਿਚ ਸੰਤਾਂ ਵਾਲੇ ਗੁਣ ਮਹਿਸੂਸ ਕਰਦੇ ਹੋ ਤਾਂ ਤੁਹਾਨੂੰ ਇਹ ਵੀ ਜਾਣ ਲੈਣਾ ਚਾਹੀਦਾ ਕਿ ਮੇਰੇ ਵਿਚ ਉਨ੍ਹਾਂ ਵਾਲੇ ਔਗੁਣ ਵੀ ਸ਼ਾਮਲ ਹਨ।”
ਸੇਖੋਂ ਸਾਹਿਬ ਨਾਲ ਬਿਤਾਏ ਹਰ ਪਲ ਵਿਚ ਮੈਂ ਉਨ੍ਹਾਂ ਨੂੰ ਚੋਖ਼ੀ ਪ੍ਰੇਰਨਾ ਦਾ ਸਰੋਤ ਮਹਿਸੂਸ ਕੀਤਾ। ਉਹ ਸੱਚਮੁਚ ਇੱਕ ਹਜ਼ਾਰ ਹਾਰਸ ਪਾਵਰ ਦੇ ਇੰਜਣ ਸਨ – ਉਹ ਇੰਜਣ, ਜਿਸਦਾ ਬੁਆਇਲਰ ਪੂਰੀ ਤਰ੍ਹਾਂ ਇਨਟੈਕਟ ਸੀ।

Check Also

ਫੈਡਰਲ ਚੋਣਾਂ : ਲੋਕ ਪੱਖੀ ਨੀਤੀਆਂ, ਬਹੁਮੱਤੀਆਂ ਹੀ ਕੀਤੀਆਂ

ਹਰਬੰਸ ਸਿੰਘ ਜੰਡਾਲੀ 416-804-1999 ਫੈਡਰਲ ਸਰਕਾਰ ਦੀਆਂ ਚੋਣਾਂ 20 ਸਤੰਬਰ ਨੂੰ ਹੋਣ ਜਾ ਰਹੀਆਂ ਹਨ। …