ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
ਤਰਨਤਾਰਨ/ਬਿਊਰੋ ਨਿਊਜ਼
ਤਰਨਤਾਰਨ ਜ਼ਿਲ੍ਹੇ ਦੇ ਕਸਬਾ ਖੇਮਕਰਨ ਦੇ ਸਰਹੱਦੀ ਇਲਾਕੇ ਵਿਚ ਪੁਲਿਸ ਨੂੰ ਅੱਜ ਵੱਡੀ ਸਫਲਤਾ ਮਿਲੀ ਹੈ। ਜਦੋਂ ਪੁਲਿਸ ਅਧਿਕਾਰੀ ਕੰਵਲਜੀਤ ਰਾਏ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਬੀ.ਐਸ.ਐਫ. ਦੀ ਸਹਾਇਤਾ ਨਾਲ ਸਰਹੱਦ ਦੇ ਪਿੰਡ ਕਲਸ ਦੀ ਡਰੇਨ ਨਜ਼ਦੀਕ ਇਕ ਪਾਕਿਸਤਾਨੀ ਡਰੋਨ ਬਰਾਮਦ ਕੀਤਾ, ਜਿਸ ਨਾਲ ਪੰਜ ਪੈਕਟ ਹੈਰੋਇਨ ਵੀ ਮਿਲੀ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਡਰੋਨ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਇਲਾਕੇ ਦੀ ਜਾਂਚ ਕੀਤੀ ਜਾ ਰਹੀ ਹੈ। ਧਿਆਨ ਰਹੇ ਕਿ ਅਜੇ ਦੋ ਦਿਨ ਪਹਿਲਾਂ ਹੀ ਇਸੇ ਇਲਾਕੇ ਚੋਂ ਡਰੋਨ ਅਤੇ ਪੌਣੇ 7 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਸੀ। ਇਸ ਤੋਂ ਪਹਿਲਾਂ ਬੀਐੱਸਐੱਫ ਨੇ ਅੰਮਿ੍ਰਤਸਰ ਦੇ ਸਰਹੱਦੀ ਖੇਤਰ ਵਿਚ ਪਾਕਿਸਤਾਨ ਵਲੋਂ ਆਏ ਡਰੋਨ ਨੂੰ ਹੇਠਾਂ ਸੁੱਟ ਲਿਆ ਸੀ। ਖਾਸ ਗੱਲ ਇਹ ਸੀ ਕਿ ਇਸ ਡਰੋਨ ਨੂੰ ਬੀਐਸਐਫ ਦੀਆਂ ਦੋ ਮਹਿਲਾ ਜਵਾਨਾਂ ਨੇ ਹੇਠਾਂ ਸੁੱਟਿਆ ਸੀ। ਇਹ ਪਹਿਲਾ ਮੌਕਾ ਸੀ ਜਦੋਂ ਮਹਿਲਾ ਜਵਾਨਾਂ ਨੇ ਡਰੋਨ ਨੂੰ ਹੇਠਾਂ ਸੁੱਟਣ ਵਿਚ ਸਫਲਤਾ ਹਾਸਲ ਕੀਤੀ ਸੀ ਅਤੇ ਇਨ੍ਹਾਂ ਮਹਿਲਾ ਜਵਾਨਾਂ ਦਾ ਸਨਮਾਨ ਵੀ ਕੀਤਾ ਗਿਆ ਸੀ। ਸੋ ਹੁਣ ਅਕਸਰ ਹੀ ਪੰਜਾਬ ਦੇ ਸਰਹੱਦੀ ਖੇਤਰ ਵਿਚ ਡਰੋਨ ਦੇਖਣ ਦੀਆਂ ਖਬਰਾਂ ਆ ਰਹੀਆਂ ਹਨ।