4.5 C
Toronto
Friday, November 14, 2025
spot_img
Homeਪੰਜਾਬਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਵਿਚ ਸੁੱਚਾ ਸਿੰਘ ਲੰਗਾਹ ਤਨਖਾਹੀਆ ਕਰਾਰ

ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਵਿਚ ਸੁੱਚਾ ਸਿੰਘ ਲੰਗਾਹ ਤਨਖਾਹੀਆ ਕਰਾਰ

ਬਗੈਰ ਪ੍ਰਵਾਨਗੀ ਸਰੂਪ ਛਾਪਣ ਤੇ ਲਗਾ-ਮਾਤਰਾਵਾਂ ਦੀਆਂ ਗਲਤੀਆਂ ਕਰਨ ‘ਤੇ ਅਮਰੀਕਾ ਵਾਸੀ ਥਮਿੰਦਰ ਸਿੰਘ ਨੂੰ ਪੰਥ ‘ਚੋਂ ਛੇਕਿਆ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ‘ਪਰ ਇਸਤਰੀ ਗਮਨ ਦੀ ਬਜਰ ਕੁਰਹਿਤ’ ਦੇ ਦੋਸ਼ ਹੇਠ ਤਨਖਾਹੀਆ ਕਰਾਰ ਦਿੰਦਿਆਂ 21 ਦਿਨ ਦੀ ਧਾਰਮਿਕ ਸਜ਼ਾ ਲਾਈ ਹੈ। ਇਸੇ ਤਰ੍ਹਾਂ ਬਿਨਾਂ ਪ੍ਰਵਾਨਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਛਾਪਣ ਅਤੇ ਸਰੂਪ ਵਿੱਚ ਲਗਾ-ਮਾਤਰਾਵਾਂ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਅਮਰੀਕਾ ਵਾਸੀ ਥਮਿੰਦਰ ਸਿੰਘ ਅਨੰਦ ਨੂੰ ਪੰਥ ਵਿੱਚੋਂ ਛੇਕਿਆ ਗਿਆ ਹੈ ਅਤੇ ਉਨ੍ਹਾਂ ਦੇ ਤਿੰਨ ਸਾਥੀ ਰਾਜਵੰਤ ਸਿੰਘ, ਭਜਨੀਤ ਸਿੰਘ ਅਤੇ ਗੁਰਦਰਸ਼ਨ ਸਿੰਘ ਨੂੰ ਕ੍ਰਮਵਾਰ 11 ਅਤੇ 7 ਦਿਨਾਂ ਦੀ ਧਾਰਮਿਕ ਤਨਖ਼ਾਹ ਲਾਈ ਗਈ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੁੱਚਾ ਸਿੰਘ ਲੰਗਾਹ ਨੂੰ 21 ਦਿਨ ਰੋਜ਼ਾਨਾ ਸ੍ਰੀ ਦਰਬਾਰ ਸਾਹਿਬ ਵਿਖੇ ਆ ਕੇ ਜਪੁਜੀ ਸਾਹਿਬ ਦਾ ਪਾਠ ਕਰਨ, ਇੱਕ ਘੰਟਾ ਕੀਰਤਨ ਸੁਣਨ ਅਤੇ ਇੱਕ ਘੰਟਾ ਰੋਜ਼ ਸੰਗਤ ਦੇ ਜੂਠੇ ਬਰਤਨ ਮਾਂਜਣ ਦੀ ਤਨਖਾਹ ਲਾਈ ਹੈ। ਇਸੇ ਦੌਰਾਨ ਇੱਕ ਦਿਨ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਵਾਰ੍ਹਾਂ ਦਾ ਗਾਇਨ ਕਰਨ ਵਾਲੇ ਸਮੂਹ ਢਾਡੀ ਜਥਿਆਂ ਨੂੰ ਪ੍ਰਤੀ ਜਥਾ 5100-5100 ਰੁਪਏ ਦੇਣ, ਘਰੋਂ ਤਿਆਰ ਕੀਤਾ ਲੰਗਰ ਛਕਾਉਣ ਅਤੇ ਉਨ੍ਹਾਂ ਦੇ ਜੂਠੇ ਬਰਤਨ ਮਾਂਜਣ ਦਾ ਫ਼ੈਸਲਾ ਵੀ ਸੁਣਾਇਆ ਹੈ। ਇਨ੍ਹਾਂ ਦਿਨਾਂ ਦੌਰਾਨ ਉਹ ਕੋਈ ਦਿਖਾਵਾ ਨਹੀਂ ਕਰਨਗੇ ਅਤੇ ਮੀਡੀਆ ਕੋਲ ਵੀ ਪ੍ਰਚਾਰ ਲਈ ਨਹੀਂ ਜਾਣਗੇ। ਇੱਕੀ ਦਿਨਾਂ ਦੀ ਤਨਖ਼ਾਹ ਪੂਰੀ ਕਰਨ ਮਗਰੋਂ ਉਹ 5100 ਰੁਪਏ ਗੋਲਕ ਵਿਚ ਪਾਉਣਗੇ ਅਤੇ ਕੜਾਹ ਪ੍ਰਸਾਦਿ ਦੀ ਦੇਗ ਕਰਵਾ ਕੇ ਖਿਮਾ ਯਾਚਨਾ ਦੀ ਅਰਦਾਸ ਕਰਵਾ ਸਕਣਗੇ। ਇਸ ਦੌਰਾਨ ਪੰਜ ਸਾਲ ਉਹ ਕਿਸੇ ਵੀ ਧਾਰਮਿਕ ਜਥੇਬੰਦੀ ਅਤੇ ਗੁਰਦੁਆਰਾ ਕਮੇਟੀ ਦਾ ਮੈਂਬਰ ਨਹੀਂ ਬਣ ਸਕੇਗਾ ਪਰ ਸਿਆਸੀ ਖੇਤਰ ਵਿਚ ਕੋਈ ਰੋਕ ਨਹੀਂ ਲਗਾਈ ਗਈ ਹੈ।
ਇਸ ਤੋਂ ਪਹਿਲਾਂ ਸੁੱਚਾ ਸਿੰਘ ਲੰਗਾਹ ਨੇ ਸੰਗਤ ਦੇ ਸਾਹਮਣੇ ਆਪਣੀ ਗ਼ਲਤੀ ਦੀ ਤਿੰਨ ਵਾਰ ਮੁਆਫ਼ੀ ਮੰਗੀ ਅਤੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜੋ ਵੀ ਤਨਖ਼ਾਹ ਲਾਈ ਜਾਵੇਗੀ, ਉਹ ਉਸ ਨੂੰ ਖਿੜ੍ਹੇ ਮੱਥੇ ਪ੍ਰਵਾਨ ਕਰੇਗਾ।
ਇਸ ਇਕੱਤਰਤਾ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਣੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਅਤੇ ਪੰਜ ਪਿਆਰਿਆਂ ‘ਚੋਂ ਭਾਈ ਸੁਖਦੇਵ ਸਿੰਘ ਸ਼ਾਮਲ ਸਨ।
ਸਿੱਖ ਕੌਮ ਆਪਣਾ ਕੌਮਾਂਤਰੀ ਐਜੂਕੇਸ਼ਨ ਬੋਰਡ ਬਣਾਏ : ਜਥੇਦਾਰ
ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਸਿੱਖ ਕੌਮ ਆਪਣਾ ਇਕ ਕੌਮਾਂਤਰੀ ਪੱਧਰ ਦਾ ਮਿਆਰੀ ਸਿੱਖ ਐਜੂਕੇਸ਼ਨ ਬੋਰਡ ਬਣਾਏ। ਇਸ ਮਕਸਦ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸਿੱਖ ਵਿਦਵਾਨਾਂ ਅਤੇ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਇਕ ਉੱਚ ਪੱਧਰੀ ਕਮੇਟੀ ਬਣਾਈ ਜਾਵੇ। ਪੰਜ ਸਿੰਘ ਸਾਹਿਬਾਨ ਨੇ ਹਰਿਆਣਾ ਵਿਚ ਵੱਖਰੀ ਗੁਰਦੁਆਰਾ ਕਮੇਟੀ ਬਣਾਉਣ ਨੂੰ ਸਿੱਖਾਂ ਦੀ ਸੁਪਰੀਮ ਸੰਸਥਾ ਸ਼੍ਰੋਮਣੀ ਕਮੇਟੀ ‘ਤੇ ਕੇਂਦਰ ਸਰਕਾਰ ਦਾ ਇਕ ਵੱਡਾ ਹਮਲਾ ਕਰਾਰ ਦਿੱਤਾ। ਉਨ੍ਹਾਂ ਸੁਝਾਅ ਦਿੱਤਾ ਕਿ ਸਿੱਖ ਪੰਥ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸੰਸਾਰ ਪੱਧਰ ‘ਤੇ ਇਕ ਸਿੱਖ ਬੈਂਕ ਬਣਾਉਣਾ ਚਾਹੀਦਾ ਹੈ।
ਲੰਗਾਹ ਨੇ ਭਾਂਡੇ ਮਾਂਜਣ ਦੀ ਸੇਵਾ ਕੀਤੀ
ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਲਾਈ ਗਈ ਤਨਖ਼ਾਹ ਤਹਿਤ ਆਪਣੀ ਸਜ਼ਾ ਪੂਰੀ ਕਰਨ ਲਈ ਇੱਥੇ ਸੇਵਾ ਕੀਤੀ ਹੈ। ਉਸ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਘਰ ਵਿੱਚ ਸੰਗਤਾਂ ਦੇ ਜੂਠੇ ਬਰਤਨ ਮਾਂਜੇ, ਪਰਿਕਰਮਾ ਵਿੱਚ ਬੈਠ ਕੇ ਕੀਰਤਨ ਸੁਣਿਆ ਅਤੇ ਜਪੁਜੀ ਸਾਹਿਬ ਦਾ ਪਾਠ ਕੀਤਾ।

RELATED ARTICLES
POPULAR POSTS