ਚੰਡੀਗੜ੍ਹ : ਚੰਡੀਗੜ੍ਹ ‘ਚ ਕਚਰੇ ਦੇ ਪਹਾੜਾਂ ਨੇੜੇ ਰਹਿਣ ਲਈ ਮਜਬੂਰ ਕਾਲੋਨੀ ਵਾਸੀਆਂ ਨੂੰ ਹੁਣ ਰਾਹਤ ਦੀ ਉਮੀਦ ਜਾਗੀ ਹੈ। ਸੈਕਟਰ 25 ਸਥਿਤ ਸਾਲਿਡ ਵੇਸਟ ਪ੍ਰੋਸੈਸਿੰਗ ਪਲਾਂਟ (ਅਪਗਰੇਡ) ਦਾ ਅੱਜ ਚੰਡੀਗੜ੍ਹ ਦੇ ਪ੍ਰਸ਼ਾਸਕ ਬੀ.ਐਲ. ਪੁਰੋਹਿਤ ਨੇ ਉਦਘਾਟਨ ਕੀਤਾ। ਹੁਣ 6 ਸਾਲਾਂ ਬਾਅਦ ਇਕ ਵਾਰ ਫਿਰ ਤੋਂ ਇੱਥੇ ਗਾਰਬੇਜ਼ ਦੀ ਪ੍ਰੋਸੈਸਿੰਗ ਹੋਵੇਗੀ। ਇਸ ਨਾਲ ਰੋਜ਼ਾਨਾ ਸ਼ਹਿਰ ਦਾ 200 ਟਨ ਕਚਰਾ ਪ੍ਰੋਸੈਸ ਹੋਵੇਗਾ। ਫਿਲਹਾਲ ਡੱਡੂ ਮਾਜਰਾ ਕਾਲੋਨੀ ਨੇੜੇ ਡੰਪਿੰਗ ਗਰਾਊਂਡ ਵਿਚ ਕਚਰਾ ਡੰਪ ਹੋ ਰਿਹਾ ਹੈ। ਇੱਥੇ ਲੋਕਾਂ ਨੂੰ ਸਾਹ ਲੈਣ ਵਿਚ ਤਕਲੀਫ ਹੋ ਰਹੀ ਹੈ ਅਤੇ ਚਮੜੀ ਸਬੰਧੀ ਰੋਗ ਵੀ ਹੋ ਰਹੇ ਹਨ। ਇਸ ਸਾਲਿਡ ਵੇਸਟ ਪ੍ਰੋਸੈਸਿੰਗ ਪਲਾਂਟ ਦੇ ਉਦਘਾਟਨ ਮੌਕੇ ਆਮ ਆਦਮੀ ਪਾਰਟੀ ਦੀ ਕੌਂਸਲਰ ਪੂਨਮ, ਨਿਗਮ ਕਮਿਸ਼ਨਰ ਅਨਿੰਦਿੱਤਾ ਮਿੱਤਰਾ, ਮੇਅਰ ਸਰਬਜੀਤ ਕੌਰ, ਪ੍ਰਸ਼ਾਸਕ ਦੇ ਸਲਾਹਕਾਰ ਧਰਮ ਪਾਲ ਅਤੇ ਸੰਸਦ ਮੈਂਬਰ ਕਿਰਨ ਖੇਰ ਵੀ ਮੌਜੂਦ ਰਹੇ। ਪ੍ਰਸ਼ਾਸਕ ਦੇ ਸਲਾਹਕਾਰ ਧਰਮ ਪਾਲ ਨੇ ਦਾਅਵਾ ਕੀਤਾ ਕਿ ਅਗਲੇ ਸਾਲ ਜਨਵਰੀ ਦੇ ਅਖੀਰ ਤੱਕ ਇਹ ਡੰਪ ਸਾਈਟ ਪੂਰੀ ਤਰ੍ਹਾਂ ਨਾਲ ਸਾਫ ਹੋ ਜਾਵੇਗੀ।

