Breaking News
Home / ਪੰਜਾਬ / ਸ਼੍ਰੋਮਣੀ ਅਕਾਲੀ ਦਲ ਵੱਲੋਂ ਸਲਾਹਕਾਰ ਬੋਰਡ ਅਤੇ ਕੋਰ ਕਮੇਟੀ ਦੇ ਗਠਨ ਦਾ ਐਲਾਨ

ਸ਼੍ਰੋਮਣੀ ਅਕਾਲੀ ਦਲ ਵੱਲੋਂ ਸਲਾਹਕਾਰ ਬੋਰਡ ਅਤੇ ਕੋਰ ਕਮੇਟੀ ਦੇ ਗਠਨ ਦਾ ਐਲਾਨ

ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਸਰਪ੍ਰਸਤ ਤੇ ਬ੍ਰਹਮਪੁਰਾ ਨੂੰ ਸਰਪ੍ਰਸਤ ਥਾਪਿਆ
ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਭੰਗ ਹੋਏ ਜਥੇਬੰਦਕ ਢਾਂਚੇ ਦੇ ਪੁਨਰਗਠਨ ਦੀ ਸ਼ੁਰੂਆਤ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਲ ਦੀ ਕੋਰ ਕਮੇਟੀ ਅਤੇ ਸਲਾਹਕਾਰ ਬੋਰਡ ਦੇ ਗਠਨ ਦਾ ਐਲਾਨ ਕਰ ਦਿੱਤਾ ਗਿਆ ਹੈ। ਸੂਬੇ ਦੀਆਂ ਵਿਧਾਨ ਸਭਾ ਚੋਣਾਂ ‘ਚ ਨਮੋਸ਼ੀ ਭਰੀ ਹਾਰ ਤੋਂ ਬਾਅਦ ਜਦੋਂ ਪਾਰਟੀ ਪ੍ਰਧਾਨ ਚੁਫੇਰਿਓਂ ਘਿਰ ਗਏ ਸਨ ਤਾਂ ਸਤੰਬਰ ਮਹੀਨੇ ‘ਚ ਜਥੇਬੰਦਕ ਢਾਂਚਾ ਭੰਗ ਕਰ ਦਿੱਤਾ ਗਿਆ ਸੀ। ਸੁਖਬੀਰ ਸਿੰਘ ਬਾਦਲ ਨੇ ਜਥੇਬੰਦਕ ਢਾਂਚੇ ਦੇ ਪੁਨਰਗਠਨ ਦਾ ਅਮਲ ਨਵੰਬਰ ਮਹੀਨੇ ਤੱਕ ਨੇਪਰੇ ਚਾੜ੍ਹਨ ਦਾ ਐਲਾਨ ਕੀਤਾ ਸੀ ਪਰ ਇਸ ਮਹੀਨੇ ਦੇ ਅੰਤਿਮ ਦਿਨ ਸ਼ੁਰੂਆਤ ਕੀਤੀ ਗਈ। ਪਾਰਟੀ ਵੱਲੋਂ ਕੀਤੀਆਂ ਗਈਆਂ ਤਾਜ਼ਾ ਨਿਯੁਕਤੀਆਂ ਵਿਚ ਬਾਦਲਾਂ ਦੇ ਵਫ਼ਾਦਾਰਾਂ ਨੂੰ ਤਰਜੀਹ ਦਿੱਤੀ ਗਈ ਹੈ। ਗੁਜ਼ਰੇ ਸਮੇਂ ਦੌਰਾਨ ਪਾਰਟੀ ਪ੍ਰਧਾਨ ਦੀ ਕਾਰਗੁਜ਼ਾਰੀ ‘ਤੇ ਉਂਗਲ ਚੁੱਕਣ ਵਾਲਿਆਂ ਨੂੰ ਇਨ੍ਹਾਂ ਕਮੇਟੀਆਂ ਵਿੱਚ ਕੋਈ ਥਾਂ ਨਹੀਂ ਦਿੱਤੀ ਗਈ। ਇਨ੍ਹਾਂ ਵਿੱਚ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦਾ ਨਾਮ ਸ਼ਾਮਲ ਹੈ। ਇਸੇ ਤਰ੍ਹਾਂ ਜਗਮੀਤ ਸਿੰਘ ਬਰਾੜ, ਜਿਨ੍ਹਾਂ ‘ਤੇ ਅਨੁਸ਼ਾਸਨੀ ਕਾਰਵਾਈ ਦੀ ਤਲਵਾਰ ਲਟਕ ਰਹੀ ਹੈ, ਨੂੰ ਕੋਰ ਕਮੇਟੀ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਰਵੀਕਰਨ ਕਾਹਲੋਂ ਤੇ ਹਰਚਰਨ ਸਿੰਘ ਬੈਂਸ ਨੂੰ ਵੀ ਕੋਈ ਥਾਂ ਨਹੀਂ ਮਿਲੀ ਹੈ।
ਨਵੀਆਂ ਨਿਯੁਕਤੀਆਂ ਮੁਤਾਬਕ ਪ੍ਰਕਾਸ਼ ਸਿੰਘ ਬਾਦਲ ਮੁੱਖ ਸਰਪ੍ਰਸਤ ਅਤੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਪਾਰਟੀ ਦੇ ਸਰਪ੍ਰਸਤ ਹੋਣਗੇ। ਪਾਰਟੀ ਪ੍ਰਧਾਨ ਦੇ ਸਲਾਹਕਾਰ ਬੋਰਡ ਵਿੱਚ ਸ਼ਾਮਲ ਆਗੂਆਂ ਵਿੱਚ ਚਰਨਜੀਤ ਸਿੰਘ ਅਟਵਾਲ, ਪ੍ਰੋ. ਕਿਰਪਾਲ ਸਿੰਘ ਬਡੂੰਗਰ, ਡਾ. ਉਪਿੰਦਰਜੀਤ ਕੌਰ, ਮਦਨ ਮੋਹਨ ਮਿੱਤਲ, ਬਲਦੇਵ ਸਿੰਘ ਮਾਨ, ਪ੍ਰਕਾਸ਼ ਚੰਦ ਗਰਗ, ਵੀਰ ਸਿੰਘ ਲੋਪੋਕੇ, ਵਰਿੰਦਰ ਸਿੰਘ ਬਾਜਵਾ ਅਤੇ ਜਰਨੈਲ ਸਿੰਘ ਵਾਹਿਦ ਦੇ ਨਾਂ ਸ਼ਾਮਲ ਹਨ। ਕੋਰ ਕਮੇਟੀ ਵਿੱਚ 12 ਪੁਰਾਣੇ ਅਤੇ 14 ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਯੂਥ ਵਿੰਗ ਅਤੇ ਇਸਤਰੀ ਅਕਾਲੀ ਦਲ ਦੇ ਪ੍ਰਧਾਨਾਂ ਨੂੰ ਪੱਕੇ ਤੌਰ ‘ਤੇ ਐਕਸ ਆਫੀਸ਼ੀਓ ਮੈਂਬਰਾਂ ਦੇ ਤੌਰ ‘ਤੇ ਸ਼ਾਮਲ ਕੀਤਾ ਗਿਆ ਹੈ। ਜਿਨ੍ਹਾਂ ਸੀਨੀਅਰ ਆਗੂਆਂ ਨੂੰ ਪਾਰਟੀ ਦੀ ਕੋਰ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ, ਉਨ੍ਹਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ, ਮਹੇਸ਼ਇੰਦਰ ਸਿੰਘ ਗਰੇਵਾਲ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਗੁਲਜਾਰ ਸਿੰਘ ਰਾਣੀਕੇ, ਸਿਕੰਦਰ ਸਿੰਘ ਮਲੂਕਾ, ਅਨਿਲ ਜੋਸ਼ੀ, ਜਨਮੇਜਾ ਸਿੰਘ ਸੇਖੋਂ, ਡਾ. ਦਲਜੀਤ ਸਿੰਘ ਚੀਮਾ, ਸ਼ਰਨਜੀਤ ਸਿੰਘ ਢਿੱਲੋਂ, ਬਿਕਰਮ ਸਿੰਘ ਮਜੀਠੀਆ, ਸੁਰਜੀਤ ਸਿੰਘ ਰੱਖੜਾ, ਹੀਰਾ ਸਿੰਘ ਗਾਬੜੀਆ, ਪ੍ਰਧਾਨ ਇਸਤਰੀ ਅਕਾਲੀ ਦਲ, ਐਨ.ਕੇ. ਸ਼ਰਮਾ, ਇਕਬਾਲ ਸਿੰਘ ਝੂੰਦਾ, ਸੁਖਵਿੰਦਰ ਸੁੱਖੀ, ਗੁਰਪ੍ਰਤਾਪ ਸਿੰਘ ਵਡਾਲਾ, ਪਵਨ ਕੁਮਾਰ ਟੀਨੂੰ, ਵਿਰਸਾ ਸਿੰਘ ਵਲਟੋਹਾ, ਗੁਰਬਚਨ ਸਿੰਘ ਬੱਬੇਹਾਲੀ, ਲਖਬੀਰ ਸਿੰਘ ਲੋਧੀਨੰਗਲ, ਸੁਨੀਤਾ ਚੌਧਰੀ ਤੇ ਪ੍ਰਧਾਨ ਯੂਥ ਵਿੰਗ (ਸ਼੍ਰੋਮਣੀ ਅਕਾਲੀ ਦਲ) ਦੇ ਨਾਂ ਸ਼ਾਮਲ ਹਨ। ਇਸੇ ਤਰ੍ਹਾਂ ਪਰਮਜੀਤ ਸਿੰਘ ਸਰਨਾ ਅਤੇ ਨਰੇਸ਼ ਗੁਜਰਾਲ ਨੂੰ ਪਾਰਟੀ ਦੀ ਕੋਰ ਕਮੇਟੀ ਦਾ ਸਪੈਸ਼ਲ ਇਨਵਾਈਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਇਯਾਲੀ, ਜਗਮੀਤ, ਕਾਹਲੋਂ ਅਤੇ ਬੈਂਸ ਨੂੰ ਝਟਕਾ
ਸ਼੍ਰੋਮਣੀ ਅਕਾਲੀ ਦਲ ਦੇ ਅੰਦਰੂਨੀ ਸੰਕਟ ਦੇ ਮੱਦੇਨਜ਼ਰ ਕੁੱਝ ਸੀਨੀਅਰ ਆਗੂਆਂ, ਜਿਨ੍ਹਾਂ ਪਿਛਲੇ ਦਿਨਾਂ ਦੌਰਾਨ ਪਾਰਟੀ ਪ੍ਰਧਾਨ ਜਾਂ ਪਾਰਟੀ ਖਿਲਾਫ਼ ਕੋਈ ਬਿਆਨਬਾਜ਼ੀ ਕੀਤੀ ਹੈ, ਨੂੰ ਅਹਿਮ ਨਿਯੁਕਤੀਆਂ ਤੋਂ ਲਾਂਭੇ ਕਰ ਦਿੱਤਾ ਗਿਆ ਹੈ। ਮਨਪ੍ਰੀਤ ਸਿੰਘ ਇਯਾਲੀ, ਜੋ ਕਿ ਦਾਖਾ ਤੋਂ ਵਿਧਾਇਕ ਹਨ ਨੂੰ ਅਹਿਮਤੀਅਤ ਨਹੀਂ ਦਿੱਤੀ ਗਈ। ਇਸੇ ਤਰ੍ਹਾਂ ਜਗਮੀਤ ਸਿੰਘ ਬਰਾੜ, ਜਿਸ ‘ਤੇ ਅਨੁਸ਼ਾਸਨੀ ਕਾਰਵਾਈ ਦੀ ਤਲਵਾਰ ਲਟਕ ਰਹੀ ਹੈ, ਨੂੰ ਕੋਰ ਕਮੇਟੀ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਰਵੀਕਰਨ ਸਿੰਘ ਕਾਹਲੋਂ ‘ਤੇ ਕੁੱਝ ਆਗੂਆਂ ਨਾਲ ਮੀਟਿੰਗ ਦੇ ਦੋਸ਼ ਲੱਗੇ ਸਨ, ਨੂੰ ਵੀ ਅਹਿਮਤੀਅਤ ਨਹੀਂ ਦਿੱਤੀ ਗਈ। ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਲੰਮਾ ਸਮਾਂ ਕਰੀਬੀ ਰਹੇ ਹਰਚਰਨ ਸਿੰਘ ਬੈਂਸ ਨੂੰ ਵੀ ਇਨ੍ਹਾਂ ਦੋਹਾਂ ਕਮੇਟੀਆਂ ਵਿੱਚ ਕੋਈ ਥਾਂ ਨਹੀਂ ਦਿੱਤੀ ਗਈ। ਬੈਂਸ ਵੱਲੋਂ ਕੁੱਝ ਦਿਨ ਪਹਿਲਾਂ ਹੀ ਫੇਸਬੁੱਕ ਪੋਸਟਾਂ ਰਾਹੀਂ ‘ਗੁਲਾਮੀ’ ਨੂੰ ਅਲਵਿਦਾ ਕਹਿਣ ਸਬੰਧੀ ਕੀਤੇ ਖੁਲਾਸਿਆਂ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨਾਲ ਬੰਦ ਕਮਰਾ ਮੁਲਾਕਾਤ ਵੀ ਕੀਤੀ ਸੀ। ਇਸ ਤੋਂ ਬਾਅਦ ਭਾਵੇਂ ਸਪੱਸ਼ਟੀਕਰਨ ਰਾਹੀਂ ਸਥਿਤੀ ਨੂੰ ਸਾਂਭਣ ਦਾ ਯਤਨ ਕੀਤਾ ਗਿਆ ਪਰ ਸਬੰਧ ਸੁਖਾਵੇਂ ਨਾ ਹੋ ਸਕੇ। ਸੂਤਰਾਂ ਦਾ ਦੱਸਣਾ ਹੈ ਕਿ ਹਰਚਰਨ ਸਿੰਘ ਬੈਂਸ ਦੀ ਪਾਰਟੀ ਵਿਚ ਕੋਈ ਸੱਦ-ਪੁੱਛ ਨਹੀਂ ਰਹੀ। ਇਸ ਕਰ ਕੇ ਉਹ ਨਾਰਾਜ਼ ਚੱਲੇ ਆ ਰਹੇ ਹਨ ਤੇ ਫੇਸਬੁੱਕ ਪੋਸਟਾਂ ਵੀ ਇਸੇ ਨਾਰਾਜ਼ਗੀ ਦਾ ਹਿੱਸਾ ਸਨ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …