8 ਵਿਅਕਤੀਆਂ ਦੀ ਮੌਤ, 30 ਜ਼ਖ਼ਮੀ
ਲਖੀਮਪੁਰ ਖੀਰੀ/ਬਿੳੂਰੋ ਨਿੳੂਜ਼
ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਅੱਜ ਬੁੱਧਵਾਰ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਟਰੱਕ ਅਤੇ ਇਕ ਨਿੱਜੀ ਕੰਪਨੀ ਦੀ ਬੱਸ ਦੀ ਏਰਾ ਪੁਲ ’ਤੇ ਆਹਮੋ-ਸਾਹਮਣੇ ਟੱਕਰ ਹੋ ਗਈ। ਇਹ ਟੱਕਰ ਏਨੀ ਭਿਆਨਕ ਸੀ ਕਿ ਬੱਸ ਦੇ ਪਰਖਚੇ ਉਡ ਗਏ। ਜਾਣਕਾਰੀ ਮਿਲੀ ਹੈ ਕਿ ਇਸ ਬੱਸ ਵਿਚ 65 ਵਿਅਕਤੀ ਸਵਾਰ ਸਨ ਅਤੇ ਇਨ੍ਹਾਂ ਵਿਚੋਂ 8 ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ 30 ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਦੱਸੇ ਜਾ ਰਹੇ ਹਨ। ਲਖੀਮਪੁਰ ਖੀਰੀ ਦੇ ਏਡੀਐਮ ਸੰਜੇ ਕੁਮਾਰ ਦੇ ਦੱਸਣ ਮੁਤਾਬਕ ਗੰਭੀਰ ਜ਼ਖ਼ਮੀਆਂ ਨੂੰ ਲਖਨੳੂ ਦੇ ਹਸਪਤਾਲ ਰੈਫਰ ਕੀਤਾ ਗਿਆ ਅਤੇ ਹੋਰ ਜ਼ਖ਼ਮੀਆਂ ਦਾ ਇਲਾਜ ਜ਼ਿਲ੍ਹਾ ਹਸਪਤਾਲ ਵਿਚ ਚੱਲ ਰਿਹਾ ਹੈ। ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਇਸ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਹਾਦਸੇ ਵਿਚ ਜ਼ਖ਼ਮੀ ਹੋਏ ਇਕ ਵਿਅਕਤੀ ਨੇ ਦੱਸਿਆ ਇਹ ਮੰਦਭਾਗੀ ਬੱਸ ਧੌਰਹਰਾ ਤੋਂ ਲਖਨੳੂ ਜਾ ਰਹੀ ਸੀ ਅਤੇ ਡਰਾਈਵਰ ਬਹੁਤ ਹੀ ਤੇਜ਼ ਰਫਤਾਰ ਨਾਲ ਬੱਸ ਚਲਾ ਰਿਹਾ ਸੀ। ਉਸ ਵਿਅਕਤੀ ਨੇ ਇਹ ਵੀ ਦੱਸਿਆ ਕਿ ਬੱਸ ਵਿਚ ਸਫਰ ਕਰ ਰਹੀਆਂ ਸਵਾਰੀਆਂ ਨੇ ਡਰਾਈਵਰ ਨੂੰ ਬੱਸ ਹੌਲੀ ਚਲਾਉਣ ਲਈ ਵੀ ਕਿਹਾ ਸੀ, ਪਰ ਉਸ ਡਰਾਈਵਰ ਨੇ ਸਵਾਰੀਆਂ ਦੀ ਗੱਲ ਨਹੀਂ ਮੰਨੀ ਅਤੇ ਬੱਸ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ।