Breaking News
Home / ਪੰਜਾਬ / ਵਿਦੇਸ਼ਾਂ ‘ਚੋਂ ਵੀ ਆ ਕੇ ਲੋਕ ਰਾਜਿੰਦਰਾ ਹਸਪਤਾਲ ‘ਚ ਕਰਵਾਉਣਗੇ ਇਲਾਜ: ਜੌੜੇਮਾਜਰਾ

ਵਿਦੇਸ਼ਾਂ ‘ਚੋਂ ਵੀ ਆ ਕੇ ਲੋਕ ਰਾਜਿੰਦਰਾ ਹਸਪਤਾਲ ‘ਚ ਕਰਵਾਉਣਗੇ ਇਲਾਜ: ਜੌੜੇਮਾਜਰਾ

ਕੌਮੀ ਅੱਖਾਂ ਦਾਨ ਪੰਦਰਵਾੜੇ ਤਹਿਤ ਸਿਹਤ ਮੰਤਰੀ ਵੱਲੋਂ ਅੱਖਾਂ ਦਾਨ ਕਰਨ ਦਾ ਪ੍ਰਣ
ਪਟਿਆਲਾ : 37ਵੇਂ ਕੌਮੀ ਅੱਖ ਦਾਨ ਪੰਦਰਵਾੜੇ ਮੌਕੇ ਪਟਿਆਲਾ ਸਥਿਤ ਸਰਕਾਰੀ ਡੈਂਟਲ ਕਾਲਜ ਦੇ ਆਡੀਟੋਰੀਅਮ ਵਿੱਚ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਵਿੱਚ ਕੈਬਨਿਟ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਜੌੜੇਮਾਜਰਾ ਨੇ ਅੱਖਾਂ ਦਾਨ ਕਰਨ ਦੀ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਲਈ ਖ਼ੁਦ ਵੀ ਅੱਖਾਂ ਦਾਨ ਕਰਨ ਦਾ ਪ੍ਰਣ ਲਿਆ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਵੀ ਅੱਖਾਂ ਦਾਨ ਕਰ ਕੇ ਰੌਸ਼ਨ ਸਮਾਜ ਸਿਰਜਣ ਵਿੱਚ ਸਹਾਈ ਬਣਨ। ਸਮਾਗਮ ਨੂੰ ਸੰਬੋਧਨ ਕਰਦਿਆਂ ਜੌੜੇਮਾਜਰਾ ਨੇ ਕਿਹਾ ਕਿ ਰਾਜਿੰਦਰਾ ਤੇ ਮਾਤਾ ਕੌਸ਼ੱਲਿਆ ਹਸਪਤਾਲ ਵਿੱਚ ਅਤਿ-ਆਧੁਨਿਕ ਸਹੂਲਤਾਂ ਮੁਹੱਈਆ ਕਰਵਾ ਕੇ ਇੱਥੇ ਪੀਜੀਆਈ ਦੀ ਤਰਜ਼ ‘ਤੇ ਇਲਾਜ ਯਕੀਨੀ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਵਿਦੇਸ਼ਾਂ ਵਿੱਚ ਰਹਿੰਦੇ ਲੋਕਾਂ ਲਈ ਵੀ ਰਾਜਿੰਦਰਾ ਹਸਪਤਾਲ ਵਿੱਚ ਇਲਾਜ ਕਰਵਾਉਣ ਦੀ ਸਹੂਲਤ ਦਿੰਦਿਆਂ ਵਿਸ਼ੇਸ਼ ਪੈਕੇਜ ਤਿਆਰ ਕੀਤੇ ਜਾਣਗੇ। ਸਿਹਤ ਮੰਤਰੀ ਨੇ ਕਿਹਾ ਕਿ ਰਾਜਿੰਦਰਾ ਹਸਪਤਾਲ ਨੂੰ ਕਰੈਟੋਪਲਾਸਟੀ ਸਰਜਰੀ ਦਾ ਕੇਂਦਰ ਬਣਾਉਣ ਲਈ ਪੂਰੀ ਵਾਹ ਲਾਈ ਜਾਵੇਗੀ। ਇਸ ਦੌਰਾਨ ਇੱਕ ਦਹਾਕੇ ਤੋਂ ਰਾਜਿੰਦਰਾ ਹਸਪਤਾਲ ਵਿੱਚ ਅੱਖਾਂ ਦੀਆਂ ਪੁਤਲੀਆਂ ਬਦਲਣ ਦੇ ਬੰਦ ਹੋਏ ਅਪਰੇਸ਼ਨ ਵੀ ਮੁੜ ਸ਼ੁਰੂ ਕਰਵਾਏ ਗਏ ਹਨ, ਜਿਥੇ ਕਰਵਾਏ ਗਏ ਮੁਫ਼ਤ ਕੋਰਨੀਆ ਟਰਾਂਸਪਲਾਂਟ ਨਾਲ ਕੁਝ ਮਰੀਜ਼ਾਂ ਨੂੰ ਮੁੜ ਅੱਖਾਂ ਦੀ ਰੌਸ਼ਨੀ ਪ੍ਰਾਪਤ ਹੋ ਸਕੀ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਇਲਾਜ ਪੱਖੋਂ ਪੰਜਾਬ ਨੂੰ ਅੱਵਲ ਸੂਬਾ ਬਣਾਉਣਾ ਹੀ ‘ਆਪ’ ਸਰਕਾਰ ਦਾ ਮੁੱਖ ਟੀਚਾ ਹੈ। ਇਸ ਤਹਿਤ ਸਸਤੀ ਮੈਡੀਕਲ ਦੀ ਪੜ੍ਹਾਈ ਮੁਹੱਈਆ ਕਰਵਾਉਣ ਲਈ 16 ਨਵੇਂ ਮੈਡੀਕਲ ਕਾਲਜ ਬਣਾਏ ਜਾ ਰਹੇ ਹਨ। ਇਸ ਤੋਂ ਪਹਿਲਾਂ ਅੱਖਾਂ ਦੇ ਮਾਹਿਰ ਅਤੇ ਵਿਧਾਇਕ ਡਾ. ਬਲਬੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਵੇਲੇ ਪਟਿਆਲਾ ਕਰੈਟੋਪਲਾਸਟੀ (ਅੱਖਾਂ ਦੀਆਂ ਪੁਤਲੀਆਂ ਬਦਲਣ) ਦਾ ਕੇਂਦਰ ਹੁੰਦਾ ਸੀ, ਪਰ ਪਿਛਲੀਆਂ ਸਰਕਾਰਾਂ ਵੱਲੋਂ ਇਸ ਸਬੰਧੀ ਧਿਆਨ ਨਾ ਦਿੱਤੇ ਜਾਣ ਕਾਰਨ ਹਾਲਾਤ ਵਿਗੜ ਗਏ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਅੱਖਾਂ ਦਾਨ ਕਰਨ ਦੀ ਮੁਹਿੰਮ ਲੋਕਾਂ ਤੱਕ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਿਸ਼ੇਸ਼ ਉਪਰਾਲੇ ਕਰੇਗਾ, ਤਾਂ ਕਿ ਕਿਸੇ ਕਾਰਨ ਅੱਖਾਂ ਦੀ ਰੌਸ਼ਨੀ ਗਵਾਉਣ ਵਾਲੇ ਮਰੀਜ਼ਾਂ ਨੂੰ ਮੁੜ ਰੌਸ਼ਨੀ ਮਿਲ ਸਕੇ।
ਅੱਠ ਜ਼ਿਲ੍ਹਿਆਂ ‘ਚ ਯੋਜਨਾ ਬੋਰਡ ਦੇ ਚੇਅਰਮੈਨ ਨਿਯੁਕਤ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਉਦੇਸ਼ ਹਿਤ ਸੂਬੇ ਦੇ 8 ਜ਼ਿਲ੍ਹਿਆਂ ਦੇ ਯੋਜਨਾ ਬੋਰਡ ਦੇ ਚੇਅਰਮੈਨ ਨਿਯੁਕਤ ਕੀਤੇ ਹਨ। ਇਸ ਗੱਲ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਟਵੀਟ ਰਾਹੀਂ ਕੀਤਾ ਹੈ। ਮੁੱਖ ਮੰਤਰੀ ਨੇ ਨਵੇਂ ਚੇਅਰਮੈਨਾਂ ਦਾ ‘ਰੰਗਲਾ ਪੰਜਾਬ’ ਟੀਮ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਦਾ ਲਾਭ ਹਰ ਘਰ ਤੱਕ ਪਹੁੰਚਾਉਣ ਲਈ ਹਰ ਕਿਸੇ ਨੂੰ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਉਣੀ ਪਵੇਗੀ। ਮੁੱਖ ਮੰਤਰੀ ਵੱਲੋਂ ਐਲਾਨੇ ਗਏ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨਾਂ ‘ਚ ਜੱਸੀ ਸੋਹੀਆਂ ਨੂੰ ਪਟਿਆਲਾ ਤੇ ਜਸਪ੍ਰੀਤ ਸਿੰਘ ਨੂੰ ਅੰਮ੍ਰਿਤਸਰ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਜ਼ਿਲ੍ਹਾ ਯੋਜਨਾ ਬੋਰਡ ਫਾਜ਼ਿਲਕਾ ਦਾ ਚੇਅਰਮੈਨ ਸੁਨੀਲ ਸੱਚਦੇਵਾ, ਜਲੰਧਰ ਦਾ ਅੰਮ੍ਰਿਤਪਾਲ ਸਿੰਘ, ਬਠਿੰਡਾ ਦਾ ਅੰਮ੍ਰਿਤਪਾਲ ਅਗੱਰਵਾਲ, ਸ੍ਰੀ ਮੁਕਤਸਰ ਸਾਹਿਬ ਦਾ ਸੁਖਜਿੰਦਰ, ਨਵਾਂ ਸ਼ਹਿਰ ਦਾ ਸਤਨਾਮ ਜਲਾਲਪੁਰ ਅਤੇ ਮਾਨਸਾ ਦਾ ਚੇਅਰਮੈਨ ਚਰਨਜੀਤ ਅੱਕਾਂਵਾਲੀ ਨੂੰ ਲਗਾਇਆ ਗਿਆ ਹੈ।

 

Check Also

ਮਨਪ੍ਰੀਤ ਸਿੰਘ ਬਾਦਲ ਵੀ ਕਰਨਗੇ ਘਰ ਵਾਪਸੀ!

ਸ਼ੋ੍ਰਮਣੀ ਅਕਾਲੀ ਦਲ ’ਚ ਹੋ ਸਕਦੇ ਹਨ ਸ਼ਾਮਲ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ …