ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਪੰਜ ਭਾਸ਼ਾਵਾਂ ਵਿਚ ਪੰਜਾਬੀ ਹੋਈ ਸ਼ੁਮਾਰ
ਮੈਲਬੋਰਨ/ਬਿਊਰੋ ਨਿਊਜ਼ : ਆਸਟਰੇਲੀਆ ਦੇ ਅੰਕੜਾ ਵਿਭਾਗ ਵੱਲੋਂ ਸਾਲ 2021 ’ਚ ਹੋਈ ਮਰਦਮਸ਼ੁਮਾਰੀ ਦੇ ਵੇਰਵੇ ਜਾਰੀ ਕੀਤੇ ਗਏ ਹਨ, ਜਿਨ੍ਹਾਂ ਅਨੁਸਾਰ ਆਸਟਰੇਲੀਆ ’ਚ ਮਾਂ ਬੋਲੀ ਪੰਜਾਬੀ ਦਾ ਮਾਣ ਕਾਫ਼ੀ ਵਧ ਗਿਆ ਹੈ। ਆਸਟਰੇਲੀਆ ਵਿਚ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਪੰਜ ਭਾਸ਼ਾਵਾਂ ਵਿਚ ਹੁਣ ਮਾਂ ਬੋਲੀ ਪੰਜਾਬੀ ਵੀ ਸ਼ੁਮਾਰ ਹੋ ਗਈ ਹੈ। ਸਾਲ 2016 ਤੋਂ ਲੈ ਕੇ ਸਾਲ 2021 ਤੱਕ ਆਸਟਰੇਲੀਆ ਵਿਚ ਪੰਜਾਬੀ ਬੋਲਣ ਵਾਲਿਆਂ ’ਚ 80 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਆਸਟਰੇਲੀਆ ’ਚ ਸਾਲ 2016 ਦੀ ਮਰਦਮਸ਼ੁਮਾਰੀ ਅਨੁਸਾਰ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 1 ਲੱਖ 32 ਹਜ਼ਾਰ 496 ਸੀ ਜੋ ਕਿ ਸਾਲ 2021 ’ਚ ਵਧ ਕੇ 2 ਲੱਖ 39 ਹਜ਼ਾਰ 33 ਹੋ ਗਈ। ਆਸਟਰੇਲੀਆ ਵਿਚ ਸਭ ਤੋਂ ਵੱਧ ਪੰਜਾਬੀ ਵਿਕਟੋਰੀਆ ਵਿਚ ਬੋਲੀ ਜਾਂਦੀ ਹੈ ਜਦਕਿ ਪੰਜਾਬੀ ਬੋਲਣ ਦੇ ਮਾਮਲੇ ਵਿਚ ਦੂਜਾ ਸਥਾਨ ਨਿਊ ਸਾਊਥ ਵੇਲਜ਼, ਤੀਜਾ ਸਥਾਨ ਕੁਈਨਜ਼ਲੈਂਡ, ਚੌਥਾ ਸਥਾਨ ਪੱਛਮੀ ਆਸਟਰੇਲੀਆ ਅਤੇ ਪੰਜਵਾਂ ਸਥਾਨ ਦੱਖਣੀ ਆਸਟਰੇਲੀਆ ਦਾ ਹੈ। ਆਸਟਰੇਲੀਆ ਵਿਚ ਅੰਗਰੇਜ਼ੀ ਤੋਂ ਇਲਾਵਾ ਬੋਲੀਆਂ ਜਾਣ ਵਾਲੀਆਂ ਪੰਜ ਭਾਸ਼ਾਵਾਂ ਵਿਚ ਮੈਂਡਰਿਨ, ਅਰਬੀ, ਵੀਅਤਨਾਮੀ, ਕੈਂਟੋਨੀਜ਼ ਅਤੇ ਪੰਜਾਬੀ ਸ਼ਾਮਲ ਹਨ।