ਅਦਾਲਤ ਨੇ 14 ਦਿਨ ਦੀ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜਿਆ
ਮੁਹਾਲੀ/ਬਿਊਰੋ ਨਿਊਜ਼
ਪੰਜਾਬ ਵਿਜੀਲੈਂਸ ਬਿਊਰੋ ਵਲੋਂ ਪਿਛਲੀ ਕਾਂਗਰਸ ਸਰਕਾਰ ਵਿੱਚ ਸਮਾਜ ਭਲਾਈ ਅਤੇ ਜੰਗਲਾਤ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਨੂੰ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਦੁਬਾਰਾ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਸਾਧੂ ਸਿੰਘ ਧਰਮਸੋਤ ਅਤੇ ਉਸਦੇ ਓਐਸਡੀ ਚਮਕੌਰ ਸਿੰਘ ਤੇ ਮੀਡੀਆ ਸਲਾਹਕਾਰ ਕਮਲਜੀਤ ਸਿੰਘ ਕਮਲ ਸਣੇ ਡੀਐਫਓ ਗੁਰਅਮਨ ਪ੍ਰੀਤ ਸਿੰਘ ਬੈਂਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਵਿਜੀਲੈਂਸ ਨੇ ਇਨ੍ਹਾਂ ਕੋਲੋਂ ਹੋਰ ਪੁੱਛਗਿੱਛ ਲਈ ਪੁਲਿਸ ਰਿਮਾਂਡ ਮੰਗਿਆ ਸੀ। ਉਧਰ, ਵਿਜੀਲੈਂਸ ਦੇ ਸੂਤਰਾਂ ਦੀ ਜਾਣਕਾਰੀ ਅਨੁਸਾਰ ਕਾਂਗਰਸ ਸਰਕਾਰ ਸਮੇਂ ਪੈਸੇ ਦੇ ਕੇ ਮਨਪਸੰਦ ਸਟੇਸ਼ਨਾਂ ’ਤੇ ਬਦਲੀਆਂ ਕਰਵਾਉਣ ਅਤੇ ਰਿਸ਼ਵਤਖੋਰੀ ਦੇ ਕਥਿਤ ਗੋਰਖਧੰਦੇ ਵਿੱਚ ਸ਼ਾਮਲ ਡੀਐਫਓਜ਼ ਅਤੇ ਸਬੰਧਤ ਹੋਰ ਉੱਚ ਅਧਿਕਾਰੀਆਂ ਉੱਤੇ ਵੀ ਗਾਜ ਡਿੱਗ ਸਕਦੀ ਹੈ। ਜਾਂਚ ਟੀਮ ਨੇ ਡੇਢ ਦਰਜਨ ਤੋਂ ਵੱਧ ਡੀਐਫਓਜ ਨੂੰ ਪੁੱਛਗਿੱਛ ਲਈ ਵਿਜੀਲੈਂਸ ਭਵਨ ਮੁਹਾਲੀ ਤਲਬ ਕੀਤਾ ਹੈ। ਸੀਨੀਅਰ ਅਫਸਰਾਂ ਵੱਲੋਂ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਧਰਮਸੋਤ ਅਤੇ ਉਸ ਦੇ ਦਲਾਲਾਂ ਦੀ ਗਿ੍ਰਫਤਾਰੀ ਤੋਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੀ ਨੀਂਦ ਉੱਡ ਗਈ ਹੈ।