ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਉੱਘੇ ਡਾਕਟਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਕੋਵਿਡ-19 ਸਬੰਧੀ ਮਾਸਕ ਦੀ ਲਾਜ਼ਮੀ ਸ਼ਰਤ ਨੂੰ ਇਸ ਵੀਕੈਂਡ ਖਤਮ ਕਰ ਦਿੱਤਾ ਜਾਵੇਗਾ। ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾ. ਕੀਰਨ ਮੂਰ ਨੇ ਜਾਰੀ ਕੀਤੇ ਬਿਆਨ ਵਿੱਚ ਆਖਿਆ ਕਿ 11 ਜੂਨ, 2022 ਤੋਂ ਰਾਤੀਂ 12:00 ਵਜੇ ਮਾਸਕ ਸਬੰਧੀ ਨਿਯਮ ਖਤਮ ਕਰ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ ਓਨਟਾਰੀਓ ਵਿੱਚ ਕੋਵਿਡ-19 ਦੇ ਹਾਲਾਤ ਵਿੱਚ ਹੋ ਰਹੇ ਸੁਧਾਰ ਤੇ ਵੈਕਸੀਨੇਸ਼ਨ ਦੀ ਬਿਹਤਰ ਦਰ ਕਾਰਨ ਹੁਣ ਪਬਲਿਕ ਟਰਾਂਜਿਟ ਸਮੇਤ ਹੋਰਨਾਂ ਥਾਂਵਾਂ ਉੱਤੇ ਮਾਸਕ ਲਾਉਣ ਦੀ ਲੋੜ ਮਹਿਸੂਸ ਨਹੀਂ ਕੀਤੀ ਜਾ ਰਹੀ।
ਇੱਥੇ ਦੱਸਣਾ ਬਣਦਾ ਹੈ ਕਿ ਲਾਂਗ ਟਰਮ ਕੇਅਰ ਤੇ ਰਿਟਾਇਰਮੈਂਟ ਹੋਮਜ਼ ਵਿੱਚ ਮਾਸਕ ਪਾਉਣੇ ਜਾਰੀ ਰੱਖੇ ਜਾਣਗੇ। ਇਸ ਦੌਰਾਨ ਟੋਰਾਂਟੋ ਦੇ ਕਈ ਵੱਡੇ ਹਸਪਤਾਲਾਂ ਨੇ ਆਖਿਆ ਹੈ ਕਿ ਇਸ ਨਿਯਮ ਨੂੰ ਖਤਮ ਕੀਤੇ ਜਾਣ ਦੇ ਬਾਵਜੂਦ ਉਹ ਮਾਸਕ ਲਾਉਣ ਦੀ ਨੀਤੀ ਵਿੱਚ ਕੋਈ ਤਬਦੀਲੀ ਨਹੀਂ ਕਰਨਗੇ।