ਕਿਹਾ : ਤੁਸੀਂ ਸਾਨੂੰ ਵਾਤਾਵਰਨ ਬਚਾਉਣ ਲਈ ਸੁਝਾਅ ਦਿਓ, ਲਾਗੂ ਅਸੀਂ ਕਰਾਂਗੇ
ਸੀਚੇਵਾਲ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਅੱਜ ਸੰਤ ਬਾਬਾ ਅਵਤਾਰ ਸਿੰਘ ਦੀ 34ਵੀਂ ਬਰਸੀ ਮੌਕੇ ਸ਼ਿਰਕਤ ਕਰਨ ਲਈ ਸੀਚੇਵਾਲ ਪੁੱਜੇ। ਬਾਬਾ ਅਵਤਾਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਉਪਰੰਤ ਉਨ੍ਹਾਂ ਆਪਣੇ ਸੰਬੋਧਨ ’ਚ ਕਿਹਾ ਕਿ ਮੈਨੂੰ ਇਥੇ ਆ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਇਥੇ ਵਾਤਾਵਰਣ ਪ੍ਰੇਮੀ ਲੋਕ ਰਹਿੰਦੇ ਹਨ ਅਤੇ ਇਥੇ ਕੁਦਰਤ ਨੂੰ ਬਚਾਇਆ ਗਿਆ ਹੈ। ਇਥੇ ਪਾਣੀ ਨੂੰ ਪਿਤਾ ਦਾ ਦਰਜਾ ਅਤੇ ਹਵਾ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਕਿਹਾ ਕਿ ਤੁਸੀਂ ਵਾਤਾਵਰਨ ਨੂੰ ਬਚਾਉਣ ਸਬੰਧੀ ਸਾਨੂੰ ਸੁਝਾਅ ਦਿਓ ਅਤੇ ਲਾਗੂ ਉਨ੍ਹਾਂ ਨੂੰ ਅਸੀਂ ਕਰਾਂਗੇ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਝੋਨੇ ਤੋਂ ਬਦਲਵੀਆਂ ਫਸਲਾਂ ਵੀ ਕਿਸਾਨਾਂ ਨੂੰ ਦੇਈ ਅਤੇ ਉਨ੍ਹਾਂ ’ਤੇ ਐਮ ਐਸ ਪੀ ਵੀ। ਅਸੀਂ ਮੂੰਗੀ ਤੋਂ ਸ਼ੁਰੂਆਤ ਕੀਤੀ ਹੈ ਅਤੇ ਅਗਲੀ ਵਾਰ ਤੋਂ ਅਸੀਂ ਬਾਜਰਾ, ਮੱਕੀ, ਸੂਰਜਮੁਖੀ, ਦਾਲਾਂ ਅਤੇ ਸਰ੍ਹੋਂ ਵੀ ਐਮਐਸਪੀ ’ਤੇ ਚੁੱਕਾਂਗੇ। ਮਾਨ ਨੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਕਿਹਾ, ਜਿਸ ਚਲਦਿਆਂ ਕਿਸਾਨਾਂ ਵੱਲੋਂ 20 ਲੱਖ ਏਕੜ ’ਤੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ। ਉਨ੍ਹਾਂ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੁਸੀਂ ਮੇਰੇ ’ਤੇ ਯਕੀਨ ਰੱਖਿਓ, ਤੁਹਾਨੂੰ ਵਿਦੇਸ਼ਾਂ ’ਚ ਜਾਣ ਦੀ ਲੋੜ ਨਹੀਂ ਪਵੇਗੀ, ਬਲਕਿ ਇਥੇ ਹੀ ਰੁਜ਼ਗਾਰ ਪੈਦਾ ਕਰਾਂਗੇ ਅਤੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਵਾਂਗੇ।