ਕੈਨੇਡਾ ਵੱਲੋਂ ਬ੍ਰਿਟਿਸ਼ ਡਰੱਗ ਨਿਰਮਾਤਾ ਐਸਟ੍ਰਾਜ਼ੈਨੇਕਾ ਦੀ ਐਂਟੀਬਾਡੀ ਆਧਾਰਤ ਥੈਰੇਪੀ ਨੂੰ ਮਨਜੂ਼ਰੀ ਦੇ ਦਿੱਤੀ ਗਈ ਹੈ। ਕੋਵਿਡ-19 ਖਿਲਾਫ ਸਰਕਾਰ ਨੂੰ ਹੁਣ ਇੱਕ ਹੋਰ ਹਥਿਆਰ ਮਿਲ ਗਿਆ ਹੈ।
ਹੈਲਥ ਕੈਨੇਡਾ ਵੱਲੋਂ ਐਵੂਸ਼ੀਲਡ ਨੂੰ 12 ਸਾਲ ਤੇ ਇਸ ਤੋਂ ਵੱਡੀ ਉਮਰ ਦੇ ਉਨ੍ਹਾਂ ਵਿਅਕਤੀਆਂ ਲਈ ਮਨਜ਼ੂਰੀ ਦਿੱਤੀ ਗਈ ਜਿਹੜੇ ਇਮਿਊਨ ਕੰਪਰੋਮਾਈਜ਼ਡ ਹਨ।ਇਹ ਉਨ੍ਹਾਂ ਲੋਕਾਂ ਨੂੰ ਵੀ ਲਾਈ ਜਾ ਸਕੇਗੀ ਜਿਨ੍ਹਾਂ ਦਾ ਕੋਵਿਡ-19 ਪ੍ਰਤੀ ਇਮਿਊਨ ਰਿਸਪਾਂਸ ਢੁਕਵਾਂ ਨਹੀਂ ਜਾਂ ਫਿਰ ਜਿਨ੍ਹਾਂ ਨੂੰ ਕੋਵਿਡ-19 ਵੈਕਸੀਨੇਸ਼ਨ ਦੀ ਸਿਫਾਰਿਸ਼ ਨਹੀਂ ਕੀਤੀ ਗਈ।
ਐਵੂਸ਼ੀਲਡ ਵਿੱਚ ਲੈਬ ਵਿੱਚ ਤਿਆਰ ਐਂਟੀਬਾਡੀਜ਼ ਮੌਜੂਦ ਰਹਿੰਦੀਆਂ ਹਨ ਜਿਹੜੀਆਂ ਕਈ ਮਹੀਨਿਆਂ ਲਈ ਸ਼ਰੀਰ ਵਿੱਚ ਪਈਆਂ ਰਹਿੰਦੀਆਂ ਹਨ ਤੇ ਵਾਇਰਸ ਹੋਣ ਦੀ ਸੂਰਤ ਵਿੱਚ ਸ਼ਰੀਰ ਨੂੰ ਬਚਾਉਂਦੀਆਂ ਹਨ।ਇਸ ਥੈਰੇਪੀ ਨੂੰ ਅਮਰੀਕਾ ਵਿੱਚ ਪਹਿਲਾਂ ਹੀ ਮਾਨਤਾ ਦਿੱਤੀ ਜਾ ਚੁੱਕੀ ਹੈ ਤੇ ਯੂਰਪੀਅਨ ਮੈਡੀਸਿਨਜ਼ ਏਜੰਸੀ ਵੱਲੋਂ ਵੀ ਇਸ ਦੀ ਵਰਤੋਂ ਦੀ ਸਿਫਾਰਿਸ਼ ਕੀਤੀ ਗਈ ਹੈ।