ਇਲਾਜ ’ਚ ਤੇਜੀ ਲਿਆਉਣ ਲਈ ਪੰਜਾਬ ਸਿਹਤ ਵਿਭਾਗ ਨੇ ਸਮਝੌਤੇ ’ਤੇ ਕੀਤੇ ਹਸਤਾਖਰ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਰਾਜ ’ਚ ਬਰੈਸਟ ਕੈਂਸਰ ਦੀ ਸਕਰੀਨਿੰਗ ਅਤੇ ਇਲਾਜ਼ ਵਿਚ ਤੇਜ਼ੀ ਲਿਆਉਣ ਲਈ ਇਕ ਸਮਝੌਤੇ ’ਤੇ ਹਸਤਾਖਰ ਕੀਤੇ ਹਨ। ਇਸ ਸਮਝੌਤੇ ’ਤੇ ਹਸਤਾਖਰ ਕਰਨ ਦੇ ਨਾਲ ਹੀ ਬਰੈਸਟ ਕੈਂਸਰ ਦੀ ਪਹਿਚਾਣ ਲਈ ਪੋ੍ਰਜੈਕਟ ਸ਼ੁਰੂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਇਸ ਸਬੰਧੀ ਜਾਣਕਾਰੀ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਵਿਜੇ ਸਿੰਗਲਾ ਨੇ ਦਿੱਤੀ। ਪੰਜਾਬ ਬਰੈਸਟ ਕੈਂਸਰ ਏ ਆਈ ਡਿਜੀਟਲ ਪ੍ਰੋਜੈਕਟ ਨਾਮੀ ਇਸ ਭਾਈਵਾਲੀ ਨੂੰ ਪਿੰਕ ਪ੍ਰੋਜੈਕਟ ਵੀ ਕਿਹਾ ਜਾਂਦਾ ਹੈ। ਇਸ ਤਕਨੀਕ ਰਾਹੀਂ ਵੱਖ-ਵੱਖ ਸਿਹਤ ਕੇਂਦਰ ਵਿਚ ਬਰੈਸਟ ਕੈਂਸਰ ਦੀ ਪਹਿਚਾਣ ਕਰਕੇ ਸਮੇਂ ਸਿਰ ਇਲਾਜ਼ ਸ਼ੁਰੂ ਕੀਤਾ ਜਾ ਸਕੇਗਾ। ਸਿਹਤ ਮੰਤਰੀ ਨੇ ਦੱਸਿਆ ਕਿ ਅਸੀਂ ਇਕ ਸਾਲ ਅੰਦਰ 15 ਹਜ਼ਾਰ ਸ਼ੱਕੀ ਬਰੈਸਟ ਕੈਂਸਰ ਮਰੀਜ਼ਾਂ ਦੀ ਸਕਰੀਨਿੰਗ ਕਰਨ ਦਾ ਟੀਚਾ ਮਿੱਥਿਆ ਹੈ। ਜਿਸ ਨੂੰ ਪੰਜਾਬ ਸਿਹਤ ਵਿਭਾਗ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਯਕੀਨੀ ਬਣਾਇਆ ਜਾਵੇਗਾ। ਧਿਆਨ ਰਹੇ ਕਿ ਹਰ ਸਾਲ 90 ਹਜ਼ਾਰ ਤੋਂ ਵੱਧ ਭਾਰਤੀ ਔਰਤਾਂ ਦੀ ਬਰੈਸਟ ਕੈਂਸਰ ਨਾਲ ਮੌਤ ਹੋ ਜਾਂਦੀ। ਪੰਜਾਬ ਸਰਕਾਰ ਅਤੇ ਰੋਸ਼ ਇੰਡੀਆ ਨਾਲ ਸਮਝੌਤੇ ਤੋਂ ਬਾਅਦ ਬਰੈਸਟ ਕੈਂਸਰ ਦੇ ਮਰੀਜ਼ਾਂ ਨੂੰ ਵੱਡੀ ਰਾਹਤ ਮਿਲੇਗੀ।