Breaking News
Home / ਪੰਜਾਬ / ਬਿਕਰਮ ਮਜੀਠੀਆ ਦੀ ਨਿਆਂਇਕ ਹਿਰਾਸਤ 22 ਮਾਰਚ ਤੱਕ ਵਧਾਈ

ਬਿਕਰਮ ਮਜੀਠੀਆ ਦੀ ਨਿਆਂਇਕ ਹਿਰਾਸਤ 22 ਮਾਰਚ ਤੱਕ ਵਧਾਈ

ਨਸ਼ਾ ਤਸਕਰੀ ਦੇ ਮਾਮਲੇ ‘ਚ ਪਟਿਆਲਾ ਦੀ ਜੇਲ੍ਹ ‘ਚ ਬੰਦ ਹੈ ਮਜੀਠੀਆ
ਮੁਹਾਲੀ/ਬਿਊਰੋ ਨਿਊਜ਼ : ਨਸ਼ਾ ਤਸਕਰੀ ਦੇ ਮਾਮਲੇ ਵਿੱਚ ਨਾਮਜ਼ਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮੁਹਾਲੀ ਅਦਾਲਤ ਨੇ 22 ਮਾਰਚ ਤੱਕ ਨਿਆਂਇਕ ਹਿਰਾਸਤ ਤਹਿਤ ਮੁੜ ਪਟਿਆਲਾ ਜੇਲ੍ਹ ਭੇਜ ਦਿੱਤਾ ਹੈ। ਮਜੀਠੀਆ ਪਹਿਲਾਂ ਦਿੱਤਾ ਜੁਡੀਸ਼ਲ ਰਿਮਾਂਡ ਖਤਮ ਹੋਣ ਮਗਰੋਂ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਹੋਏ।
ਮਜੀਠੀਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਕਾਨੂੰਨੀ ਪ੍ਰਕਿਰਿਆ ਨੂੰ ਸਮਰਪਿਤ ਹਨ ਤੇ ਸਰਕਾਰ ਉਨ੍ਹਾਂ ਦਾ ਹੌਸਲਾ ਨਹੀਂ ਤੋੜ ਸਕਦੀ। ਮਜੀਠੀਆ ਨੂੰ ਪੇਸ਼ ਕਰਨ ਮੌਕੇ ਜ਼ਿਲ੍ਹਾ ਪੁਲਿਸ ਵੱਲੋਂ ਅਦਾਲਤ ਕੰਪਲੈਕਸ ਦੇ ਅੰਦਰ ਅਤੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ, ਜਿਸ ਕਾਰਨ ਮੀਡੀਆ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਕੋਰਟ ਰੂਮ ਦੇ ਬਾਹਰ ਇਕੱਠੇ ਹੋਏ ਮਜੀਠੀਆ ਦੇ ਸਮਰਥਕਾਂ ਨੇ ਪੁਲਿਸ ਦੀ ਹਾਜ਼ਰੀ ਵਿੱਚ ਜੈਕਾਰੇ ਛੱਡੇ ਅਤੇ ਨਾਅਰੇ ਲਗਾਏ। ਅਕਾਲੀ ਆਗੂ ਨੇ ਜੱਜ ਸਾਹਮਣੇ ਪੇਸ਼ੀ ‘ਤੇ ਹਾਜ਼ਰ ਹੋਣ ਸਬੰਧੀ ਦਸਤਾਵੇਜ਼ਾਂ ਉੱਤੇ ਦਸਤਖ਼ਤ ਕਰਨ ਉਪਰੰਤ ਆਪਣੇ ਵਕੀਲਾਂ ਰਾਹੀਂ ਨਵੇਂ ਸਿਰਿਓਂ ਅਰਜ਼ੀ ਦਾਇਰ ਕਰਕੇ ਉਨ੍ਹਾਂ ਵਿਰੁੱਧ ਦਰਜ ਅਪਰਾਧਿਕ ਮਾਮਲੇ ਸਬੰਧੀ ਪੁਲਿਸ ਦੀ ਹੁਣ ਤੱਕ ਦੀ ਕਾਰਵਾਈ (ਜ਼ਿਮਨੀ ਰਿਪੋਰਟ) ਸੀਲ ਕਰਨ ਅਤੇ ਉਸ ਦੀ ਕਾਪੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਖ਼ਦਸ਼ਾ ਪ੍ਰਗਟ ਕੀਤਾ ਕਿ ਜਦ ਤੋਂ ਉਨ੍ਹਾਂ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ, ਉਸ ਸਬੰਧੀ ਹੁਣ ਤੱਕ ਕੋਈ ਰਿਕਵਰੀ ਨਹੀਂ ਹੋਈ। ਸਰਕਾਰ ਦੇ ਆਖੇ ਲੱਗ ਕੇ ਪੁਲਿਸ ਉਨ੍ਹਾਂ ਦੇ ਪੈਰਾਂ ਵਿੱਚ ਕਾਨੂੰਨ ਦੀਆਂ ਬੇੜੀਆਂ ਪਾਉਣ ਲਈ ਰਿਕਾਰਡ ਨਾਲ ਛੇੜਛਾੜ ਕਰ ਸਕਦੀ ਹੈ।
ਅਦਾਲਤ ਨੇ ਪੇਸ਼ੀ ਦੌਰਾਨ ਹਾਜ਼ਰ ਪੰਜਾਬ ਪੁਲਿਸ ਦੇ ਏਆਈਜੀ ਅਤੇ ਸਿੱਟ ਮੁਖੀ ਬਲਰਾਜ ਸਿੰਘ ਸਿੱਧੂ ਦਾ ਪੱਖ ਜਾਣਨ ਮਗਰੋਂ ਮਜੀਠੀਆ ਦੀ ਅਰਜ਼ੀ ਮਨਜ਼ੂਰ ਕਰ ਲਈ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਮੁਹਾਲੀ ਦੇ ਫੇਜ਼-4 ਸਥਿਤ ਪੰਜਾਬ ਪੁਲਿਸ ਦੇ ਸਟੇਟ ਕ੍ਰਾਈਮ ਵਿੰਗ ਥਾਣੇ ਵਿੱਚ ਬਿਕਰਮ ਮਜੀਠੀਆ ਵਿਰੁੱਧ ਨਸ਼ਾ ਤਸਕਰੀ ਮਾਮਲੇ ਵਿੱਚ ਅਪਰਾਧਿਕ ਪਰਚਾ ਦਰਜ ਕੀਤਾ ਗਿਆ ਸੀ। ਇਸ ਮੌਕੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਡਾ. ਦਲਜੀਤ ਸਿੰਘ ਚੀਮਾ, ਹੀਰਾ ਸਿੰਘ ਗਾਬੜੀਆ ਅਤੇ ਐੱਨ.ਕੇ. ਸ਼ਰਮਾ ਹਾਜ਼ਰ ਸਨ।
ਮਜੀਠੀਆ ਨੇ ਆਪਣੀਆਂ ਮੁੱਛਾਂ ਨੂੰ ਦਿੱਤਾ ਤਾਅ
ਅਕਾਲੀ ਆਗੂ ਨੂੰ ਅਦਾਲਤ ਵਿੱਚ ਪੇਸ਼ ਕਰਨ ਮੌਕੇ ਪੁਲਿਸ ਵੱਲੋਂ ਵੀਆਈਪੀ ਟਰੀਟਮੈਂਟ ਦਿੱਤਾ ਗਿਆ। ਮਜੀਠੀਆ ਨੂੰ ਹੋਰਨਾਂ ਕੈਦੀਆਂ ਵਾਂਗ ਪੰਜਾਬ ਪੁਲਿਸ ਦੀ ਬੱਸ ਵਿੱਚ ਨਹੀਂ ਲਿਆਂਦਾ ਗਿਆ ਬਲਕਿ ਉਹ ਇਨੋਵਾ ਕਾਰ ਵਿੱਚ ਸਵਾਰ ਹੋ ਕੇ ਅਦਾਲਤ ‘ਚ ਪਹੁੰਚੇ। ਉਨ੍ਹਾਂ ਦੀ ਗੱਡੀ ਦੇ ਅੱਗੇ ਅਤੇ ਪਿੱਛੇ ਪੁਲਿਸ ਕਰਮਚਾਰੀ ਵੱਖਰੇ ਵਾਹਨਾਂ ਵਿੱਚ ਚੱਲ ਰਹੇ ਸੀ। ਅਦਾਲਤੀ ਪੇਸ਼ੀ ਦੌਰਾਨ ਵੀ ਪੁਲਿਸ ਇਸ ਕਦਰ ਮਜੀਠੀਆ ਦੇ ਅੱਗੇ ਪਿੱਛੇ ਘੁੰਮ ਰਹੀ ਸੀ ਕਿ ਜਿਵੇਂ ਉਹ ਕਿਸੇ ਸਮਾਰੋਹ ਵਿੱਚ ਮਹਿਮਾਨ ਬਣ ਕੇ ਆਏ ਹੋਣ। ਪੁਲਿਸ ਦੀ ਮੌਜੂਦਗੀ ਵਿੱਚ ਮਜੀਠੀਆ ਨੇ ਆਪਣੀ ਮੁੱਛਾਂ ਨੂੰ ਤਾਅ ਵੀ ਦਿੱਤਾ ਅਤੇ ਕਿਹਾ ਕਿ ਹੁਣ ਚਰਨਜੀਤ ਸਿੰਘ ਚੰਨੀ ਦੀ ਵਾਰੀ ਆਊ।

 

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …