ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ : ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਪ੍ਰਧਾਨ ਕਰਤਾਰ ਸਿੰਘ ਚਾਹਲ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਦੀ ਕਲੱਬ ਦੇ 46 ਮੈਂਬਰਾਂ ਜਿਨ੍ਹਾਂ ਵਿੱਚ ਅੱਧਿਆਂ ਤੋਂ ਵੱਧ ਔਰਤ ਮੈਂਬਰ ਸਨ, ਨੇ ਬੀਤੇ ਐਤਵਾਰ ਟੋਰਾਂਟੋ ਚਿੜੀਆਘਰ ਵੇਖਣ ਦਾ ਪ੍ਰੋਗਰਾਮ ਬਣਾਇਆ। ਮੈਂਬਰਾਂ ਨੂੰ ਪਹਿਲਾਂ ਤੋਂ ਦਿੱਤੇ ਹੋਏ ਪ੍ਰੋਗਰਾਮ ਅਨੁਸਾਰ ਉਹ ਨੌਂ ਵਜੇ ਫ਼ਾਦਰ ਟੌਬਿਨ ਪਾਰਕ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਸਾਢੇ ਨੌਂ ਵਜੇ ਬੱਸ ਵਿੱਚ ਸਵਾਰ ਹੋ ਕੇ ਟੋਰਾਂਟੋ ਵੱਲ ਨੂੰ ਚੱਲ ਪਏ। ਘੰਟੇ ਕੁ ਵਿੱਚ ਹੀ ਚਿੜੀਆਘਰ ਦੇ ਸਾਹਮਣੇ ਪਹੁੰਚ ਗਏ ਅਤੇ ਉੱਥੇ ਇੱਕ ਪਾਰਕ ਵਿੱਚ ਬੈਠ ਕੇ ਸਾਰਿਆਂ ਨੇ ਆਪਣੇ ਨਾਲ ਲਿਆਂਦੇ ਹੋਏ ਸਨੈਕਸ ਅਤੇ ਚਾਹ-ਪਾਣੀ ਛਕਿਆ।
ਏਨੇ ਚਿਰ ਨੂੰ ਤਿੰਨ-ਚਾਰ ਪ੍ਰਬੰਧਕ ਦਫ਼ਤਰ ਦੇ ਅੰਦਰ ਜਾ ਕੇ ਦਫ਼ਤਰੀ ਅਮਲੇ ਨੂੰ ਲੋੜੀਂਦੀ ਸੂਚਨਾ ਦੇ ਆਏ। ਚਿੜੀਆਘਰ ਦੇ ਇੱਕ ਗਾਈਡ ਨੇ ਮੈਂਬਰਾਂ ਨੂੰ ਚਿੜੀਆਘਰ ਦੇ ਬਾਰੇ ਮੁੱਢਲੀ ਜਾਣਕਾਰੀ ਦਿੱਤੀ ਅਤੇ ਫਿਰ ਸਾਰੇ ਉੱਥੇ ਚੱਲਣ ਵਾਲੀ ‘ਸਪੈਸ਼ਲ ਰੇਲ-ਗੱਡੀ’ ਦੀਆਂ ‘ਬੋਗੀਆਂ’ ਵਿੱਚ ਸਵਾਰ ਹੋ ਗਏ ਜੋ ਹੌਲੀ-ਹੌਲੀ ਚੱਲਦੀ ਹੋਈ ਚਿੜੀਆਘਰ ਦੇ ਵੱਖ-ਵੱਖ ਹਿੱਸਿਆਂ ਵਿੱਚ ਹੁੰਦੀ ਹੋਈ ‘ਸਵਾਰੀਆਂ’ ਨੂੰ ਉੱਥੇ ਜਾਨਵਰਾਂ ਅਤੇ ਪੰਛੀਆਂ ਦੇ ਦਰਸ਼ਨ ਕਰਵਾ ਕੇ ਚਾਰ ਘੰਟਿਆਂ ਬਾਅਦ ਵਾਪਸ ਲਿਆਈ। ਇੱਥੇ ‘ਚੀਨੀ-ਪਾਂਡੇ’ ਸਾਰਿਆਂ ਲਈ ਸੱਭ ਤੋਂ ਵੱਧ ਖਿੱਚ ਦਾ ਕਰਨ ਬਣੇ। ਇਨ੍ਹਾਂ ਤੋਂ ਇਲਾਵਾ ਕਈ ਕਿਸਮ ਦੇ ਸ਼ੇਰ ਜਿਨ੍ਹਾਂ ਵਿੱਚ ‘ਵਾਈਟ ਸਫ਼ਾਰੀ ਲਾਇਨਜ਼’ ਵੀ ਸ਼ਾਮਲ ਸਨ, ਜਿਰਾਫ਼, ਬਾਰਾਂਸਿੰਗੇ, ਯਾਕ, ਗੈਂਡੇ ਤੇ ਕਈ ਹੋਰ ਜਾਨਵਰ ਅਤੇ ਤਰ੍ਹਾਂ-ਤਰ੍ਹਾਂ ਦੇ ਪੰਛੀ ਵੀ ਆਪਣੀਆਂ ਵੱਖ-ਵੱਖ ਦਿਲਚਸਪ ਅਦਾਵਾ ਨਾਲ ਆਉਣ ਵਾਲਿਆਂ ਨੂੰ ਹੈਰਾਨ ਕਰ ਰਹੇ ਸਨ।
ਚਿੜੀਆਘਰ ਦੀ ਮੈਨੇਜਮੈਂਟ ਵੱਲੋਂ ਦਾਖ਼ਲਾ ਫੀਸ ਜੋ ਆਮ ਹਾਲਤਾਂ ਵਿੱਚ 28 ਡਾਲਰ ਹੁੰਦੀ ਹੈ, ਇਸ ਦਿਨ ਸੀਨੀਅਰ ਸਿਟੀਜ਼ਨਾਂ ਲਈ ‘ਫ਼ਰੀ’ ਸੀ, ਇੱਥੋਂ ਤੱਕ ਕਿ ਉਨ੍ਹਾਂ ਕੋਲੋਂ ‘ਰੇਲ-ਗੱਡੀ’ ਦਾ ਕਿਰਾਇਆ 8 ਡਾਲਰ ਵੀ ਨਹੀਂ ਲਿਆ ਜਾ ਰਿਹਾ ਸੀ। ਇਸ ਲਈ ਬਹੁਤ ਸਾਰੀਆਂ ਸੀਨੀਅਰਜ਼ ਕਲੱਬਾਂ ਦੇ ਮੈਂਬਰ ਇਸ ਦਾ ਪੂਰਾ ਫ਼ਾਇਦਾ ਉਠਾਉਣ ਲਈ ਉੱਥੇ ਪਹੁੰਚੇ ਹੋਣ ਕਾਰਨ ਲੋਕਾਂ ਦਾ ਰਸ਼ ਕਾਫ਼ੀ ਸੀ ਪਰ ਫਿਰ ਵੀ ਮੈਨੇਜਮੈਂਟ ਦੇ ਸੁਚੱਜੇ ਪ੍ਰਬੰਧ ਕਾਰਨ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਹੀਂ ਆਈ। ਸ਼ਾਮ ਨੂੰ ਸਾਢੇ ਕੁ ਪੰਜ ਵਜੇ ਕਾਫ਼ੀ ਅਤੇ ਕੁੱਕੀਆਂ ਆਦਿ ਲੈ ਕੇ ਉੱਥੋਂ ਵਾਪਸੀ ਦੀ ਤਿਆਰੀ ਕਰ ਲਈ ਅਤੇ ਸੱਤ ਕੁ ਵਜੇ ਵਾਪਸ ਆ ਗਏ। ਚਿੜੀਆਘਰ ਦੇ ਟੂਰ ਦਾ ਪ੍ਰਬੰਧ ਕਲੱਬ ਦੇ ਮੈਂਬਰਾਂ ਹਰੀ ਸਿੰਘ ਗਿੱਲ, ਗੁਰਮੇਲ ਸਿੰਘ ਸਿੱਧੂ, ਸਵਰਨ ਕੌਰ ਧਾਲੀਵਾਲ ਅਤੇ ਭਜਨ ਕੌਰ ਡਡਵਾਲ ਦੀ ਸਹਾਇਤਾ ਨਾਲ ਬੜੇ ਵਧੀਆ ਢੰਗ ਨਾਲ ਨੇਪਰੇ ਚੜ੍ਹਿਆ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …