ਸਟੇਜ ’ਤੇ ਹੀ ਭਾਵੁਕ ਹੋ ਗਈ ਮੁੱਖ ਮੰਤਰੀ ਦੀ ਪਤਨੀ
ਸ੍ਰੀ ਚਮਕੌਰ ਸਾਹਿਬ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸ੍ਰੀ ਚਮਕੌਰ ਸਾਹਿਬ ਵਿਖੇ ਆਸ਼ਾ ਵਰਕਰਾਂ ਅਤੇ ਮਿਡ ਡੇ ਮੀਲ ਵਰਕਰਾਂ ਦਾ ਮਾਣ ਭੱਤਾ ਵਧਾ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਆਸ਼ਾ ਵਰਕਰਾਂ ਲਈ ਮੈਟਰਨਿਟੀ ਲੀਵ ਦਾ ਵੀ ਐਲਾਨ ਕੀਤਾ। ਇਸ ਦੌਰਾਨ ਮੁੱਖ ਮੰਤਰੀ ਚੰਨੀ ਦੀ ਸਰਕਾਰੀ ਡਾਕਟਰ ਪਤਨੀ ਵੀ ਸਟੇਜ ’ਤੇ ਪਹੁੰਚੀ। ਚੰਨੀ ਨੇ ਆਪਣੀ ਪਤਨੀ ਦੀ ਤਾਰੀਫ ਕੀਤੀ ਕਿ ਉਨ੍ਹਾਂ ਨੇ ਹੀ ਆਸ਼ਾ ਵਰਕਰਾਂ ਦੀ ਭਲਾਈ ਬਾਰੇ ਗੱਲ ਕੀਤੀ ਹੈ ਤਾਂ ਇਹ ਸੁਣ ਕੇ ਚੰਨੀ ਦੀ ਪਤਨੀ ਭਾਵੁਕ ਵੀ ਹੋ ਗਈ।
ਇਸ ਮੌਕੇ ਚੰਨੀ ਨੇ ਕਿਹਾ ਕਿ ਪੰਜਾਬ ਵਿਚ ਕੰਮ ਕਰ ਰਹੀਆਂ 22 ਹਜ਼ਾਰ ਦੇ ਕਰੀਬ ਆਸ਼ਾ ਵਰਕਰਾਂ ਨੂੰ ਹੁਣ 2500 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਮਿਲੇਗਾ। ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ ਨੂੰ 5 ਲੱਖ ਰੁਪਏ ਤੱਕ ਦੀ ਕੈਸ਼ਲੈਸ਼ ਹੈਲਥ ਇੰਸੋਰੈਂਸ ਵੀ ਉਪਲਬਧ ਕਰਵਾਈ ਜਾਵੇਗੀ। ਸੀਐਮ ਚੰਨੀ ਨੇ ਕਿਹਾ ਕਿ ਪੰਜਾਬ ਦੇ ਮਿਡ ਡੇ ਮੀਲ ਵਰਕਰਾਂ ਨੂੰ ਮਹੀਨੇ ਦਾ 2200 ਰੁਪਏ ਮਾਣ ਭੱਤਾ ਮਿਲਦਾ ਸੀ, ਜਿਸ ਵਿਚ 1600 ਰੁਪਏ ਪੰਜਾਬ ਅਤੇ 600 ਰੁਪਏ ਕੇਂਦਰ ਸਰਕਾਰ ਦਿੰਦੀ ਸੀ ਅਤੇ ਇਹ ਪੂਰਾ ਸਾਲ ਨਹੀਂ ਬਲਕਿ 10 ਮਹੀਨੇ ਹੀ ਮਿਲਦਾ ਸੀ। ਚੰਨੀ ਨੇ ਕਿਹਾ ਕਿ ਇਹ ਮਾਣ ਭੱਤਾ ਵਧਾ ਕੇ ਹੁਣ 3 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ ਅਤੇ ਇਹ ਹੁਣ 10 ਮਹੀਨੇ ਦੀ ਬਜਾਏ ਪੂਰਾ ਸਾਲ ਯਾਨੀਕਿ 12 ਮਹੀਨੇ ਮਿਲੇਗਾ।