Breaking News
Home / ਪੰਜਾਬ / ਪਾਕਿਸਤਾਨ ‘ਚ ਸਿੱਖ ਭਾਵਨਾਵਾਂ ਨਾਲ ਹੋਇਆ ਖਿਲਵਾੜ

ਪਾਕਿਸਤਾਨ ‘ਚ ਸਿੱਖ ਭਾਵਨਾਵਾਂ ਨਾਲ ਹੋਇਆ ਖਿਲਵਾੜ

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ‘ਚ ਸਿਗਰਟ ਦੇ ਰੈਪਰ ਤੋਂ ਬਣੇ ਡੁੰਨਿਆਂ ‘ਚ ਦਿੱਤਾ ਜਾ ਰਿਹਾ ਹੈ ਪ੍ਰਸ਼ਾਦ
ਚੰਡੀਗੜ੍ਹ/ਬਿਊਰੋ ਨਿਊਜ਼
ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ‘ਚ ਸਿੱਖ ਭਾਵਨਾਵਾਂ ਨਾਲ ਇਕ ਵਾਰ ਫਿਰ ਖਿਲਵਾੜ ਕਰਨ ਦੀ ਗੱਲ ਸਾਹਮਣੇ ਆਈ ਹੈ। ਗੁਰਦੁਆਰਾ ਸਾਹਿਬ ਵਿਚ ਪਹੁੰਚਣ ਵਾਲੀਆਂ ਸੰਗਤਾਂ ਨੂੰ ਸਿਗਰਟ ਦੇ ਰੈਪਰ ਤੋਂ ਤਿਆਰ ਕੀਤੇ ਡੁੰਨਿਆਂ ਵਿਚ ਕੜਾਹ ਪ੍ਰਸ਼ਾਦ ਦਿੱਤਾ ਜਾ ਰਿਹਾ ਹੈ। ਇਹੀ ਨਹੀਂ ਇਸ ਡੁੰਨੇ ਦੇ ਇਕ ਪਾਸੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਅਤੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੀ ਤਸਵੀਰ ਵੀ ਛਾਪੀ ਗਈ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਨਾਲ ਸਿੱਖ ਸੰਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਵੀ ਬਹੁਤ ਠੇਸ ਪਹੁੰਚੀ ਹੈ। ਇਸ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ‘ਚ ਬਿਨਾ ਸਿਰ ਢਕੇ ਪਾਕਿਸਤਾਨੀ ਮਾਡਲ ਦੇ ਫੋਟੋ ਸ਼ੂਟ ਦਾ ਮਾਮਲਾ ਸਾਹਮਣੇ ਆਇਆ ਸੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਇਸ ਨਾਲ ਸਿੱਖਾਂ ਦੇ ਮਨਾਂ ਨੂੰ ਬਹੁਤ ਪੀੜਾ ਹੋਈ ਹੈ ਕਿਉਂਕਿ ਸਿਗਰਟ ਦੇ ਰੈਪਰਾਂ ਤੋਂ ਬਣੇ ਡੁੰਨਿਆਂ ਵਿਚ ਪ੍ਰਸ਼ਾਦ ਦਿੱਤਾ ਜਾ ਰਿਹਾ ਹੈ। ਮਨਜਿੰਦਰ ਸਿਰਸਾ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਿਹਾ ਕਿ ਪਾਕਿਸਤਾਨ ‘ਚ ਬੇਸ਼ੱਕ ਸਿੱਖ ਘੱਟ ਗਿਣਤੀ ‘ਚ ਰਹਿੰਦੇ ਹਨ ਇਸ ਲਈ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਨੇ ਕਿਹਾ ਕਿ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਲੋਕਾਂ ਨੂੰ ਫੜ ਕੇ ਤੁਰੰਤ ਜੇਲ੍ਹ ਭੇਜਿਆ ਜਾਵੇ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਲਾਹੌਰ ਦੀ ਮਾਡਲ ਨੇ ਗੁਰਦੁਆਰਾ ਸ੍ਰੀ ਕਰਤਾਪੁਰ ਸਾਹਿਬ ‘ਚ ਫੋਟੋ ਸ਼ੂਟ ਕਰਵਾ ਕੇ ਵਿਵਾਦਾਂ ਵਿਚ ਆ ਚੁੱਕੀ ਹੈ, ਇਸ ਮਾਡਲ ਨੇ ਸਿਰ ਤੱਕ ਨਹੀਂ ਸੀ ਢਕਿਆ। ਹਾਲਾਂਕਿ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮਾਡਲ ਨੇ ਆਪਣੇ ਵੱਲੋਂ ਕੀਤੀ ਗਈ ਗਲਤੀ ਲਈ ਮੁਆਫ਼ੀ ਮੰਗ ਲਈ ਸੀ। ਦੂਜੇ ਪਾਸੇ ਪਾਕਿਸਤਾਨ ਸਰਕਾਰ ਨੇ ਇਸ ਸਬੰਧੀ ਸਖਤ ਨੋਟਿਸ ਲੈਣ ਦਾ ਫੈਸਲਾ ਕੀਤਾ ਹੈ ਅਤੇ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਅਜਿਹੀਆਂ ਹਰਕਤਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

 

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ

ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …