ਡਾ. ਰਣਜੀਤ ਸਿੰਘ
ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਪ੍ਰਕਾਸ਼ ਪੁਰਬ ਇਸੇ ਵਰ੍ਹੇ ਮਨਾਇਆ ਜਾ ਰਿਹਾ ਹੈ। ਸਾਰੇ ਸੰਸਾਰ ਵਿਚ ਵੱਡੇ ਸਮਾਗਮ ਉਲੀਕੇ ਗਏ ਹਨ ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਮਨੁੱਖੀ ਹੱਕਾਂ ਦੀ ਰਾਖੀ ਲਈ ਦਿੱਤੀ ਸੀ ਤੇ ਉਹ ਸੰਸਾਰ ਦੀ ਚਾਦਰ ਬਣੇ ਸਨ। ਉਨ੍ਹਾਂ ਦੇ ਪ੍ਰਕਾਸ਼ ਪੁਰਬ ਨੂੰ ਸਹੀ ਅਰਥਾਂ ਵਿਚ ਮਨਾਉਣ ਲਈ ਇਸ ਵਰ੍ਹੇ ਨੂੰ ਮਨੁੱਖੀ ਅਧਿਕਾਰ ਵਰ੍ਹੇ ਦੇ ਰੂਪ ਵਿਚ ਮਨਾਉਣਾ ਚਾਹੀਦਾ ਹੈ। ਆਪਣੇ ਧਰਮ ਖਾਤਿਰ ਤਾਂ ਕੁਰਬਾਨੀਆਂ ਦਿੱਤੀਆਂ ਜਾਂਦੀਆਂ ਹਨ ਪਰ ਗੁਰੂ ਸਾਹਿਬ ਨੇ ਲੋਕਾਈ ਦੇ ਜਬਰੀ ਧਰਮ ਤਬਦੀਲ ਕਰਨ ਦੀ ਲਹਿਰ ਨੂੰ ਠੱਲ ਪਾਉਣ ਲਈ ਆਪਣੀ ਕੁਰਬਾਨੀ ਦਿੱਤੀ।
ਕਸ਼ਮੀਰ ਦੀ ਸੁੰਦਰ ਵਾਦੀ ਵਿਚ ਦੇਸ਼ ਦੇ ਵਿਦਵਾਨ ਪੰਡਤਾਂ ਦੀ ਬਹੁਗਿਣਤੀ ਸੀ, ਜਿਹੜੇ ਉਸ ਸੁਹਾਵਣੇ ਅਤੇ ਸ਼ਾਂਤ ਮਾਹੌਲ ਵਿਚ ਗਿਆਨ ਧਿਆਨ ਦਾ ਕਾਰਜ ਕਰਦੇ ਸਨ। ਔਰੰਗਜ਼ੇਬ ਨੇ ਇਨ੍ਹਾਂ ਪੰਡਤਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣ ਦਾ ਫ਼ੈਸਲਾ ਕੀਤਾ। ਪਰਜਾ ਦੇ ਇਸ ਵਰਗ ਦੇ ਧਰਮ ਪਰਿਵਰਤਨ ਨਾਲ ਦੂਜੇ ਲੋਕਾਂ ਨੂੰ ਮੁਸਲਮਾਨ ਬਣਾਉਣਾ ਸੌਖਾ ਹੋ ਜਾਣਾ ਸੀ।
ਸ਼ਾਹੀ ਜ਼ੁਲਮ ਦੇ ਸਤਾਏ ਹੋਏ ਇਨ੍ਹਾਂ ਪੰਡਤਾਂ ਨੂੰ ਗੁਰੂ ਤੇਗ ਬਹਾਦਰ ਜੀ ਹੀ ਇਸ ਔਖ ਦੀ ਘੜੀ ਵਿਚ ਆਸ ਦੀ ਕਿਸਨ ਨਜ਼ਰ ਆਏ। ਗੁਰੂ ਜੀ ਜਦੋਂ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਰਹੇ ਸਨ ਤਾਂ ਆਪ ਜੀ ਦੇ ਸਪੁੱਤਰ ਮਹਾਨ ਇਨਕਲਾਬੀ ਨੌ ਸਾਲ ਦੇ ਬਾਲਕ ਗੋਬਿੰਦ ਰਾਏ ਵੀ ਕੋਲ ਖੜ੍ਹੇ ਸਨ। ਮਨੁੱਖਤਾ ਵਿਰੁੱਧ ਹੋ ਰਹੇ ਜ਼ੁਲਮ ਦੀ ਦਾਸਤਾਨ ਨੇ ਗੁਰੂ ਜੀ ਨੂੰ ਗੰਭੀਰ ਅਤੇ ਉਦਾਸ ਬਣਾ ਦਿੱਤਾ। ਬਾਲ ਗੋਬਿੰਦ ਦੇ ਪੁੱਛਣ ‘ਤੇ ਉਨ੍ਹਾਂ ਸਾਰਾ ਬਿਰਤਾਂਤ ਸੁਣਾਇਆ। ਬਾਲਕ ਨੇ ਇਸ ਜ਼ੁਲਮ ਦੇ ਅੰਤ ਬਾਰੇ ਪੁੱਛਿਆ ਤਾਂ ਗੁਰੂ ਜੀ ਦਾ ਉਤਰ ਸੀ ਕਿ ਕਿਸੇ ਮਹਾਨ ਆਤਮਾ ਦੀ ਕੁਰਬਾਨੀ ਰਾਹੀਂ ਜਾਗੀ ਲੋਕ ਚੇਤਨਾ ਅਤੇ ਜਨ ਸ਼ਕਤੀ ਹੀ ਇਸ ਦਾ ਮੁਕਾਬਲਾ ਕਰ ਸਕਦੀ ਹੈ।
ਬਾਲ ਗੋਬਿੰਦ ਜਿਨ੍ਹਾਂ ਪਿੱਛੋਂ ਜਾ ਕੇ ਸੰਸਾਰ ਵਿਚ ਸਰਬ ਸਾਂਝੀਵਾਲਤਾ ਅਤੇ ਖ਼ਾਲਸਾ ਰਾਜ ਦੇ ਸੰਕਲਪ ਨੂੰ ਅਮਲੀ ਰੂਪ ਬਖ਼ਸ਼ਿਆ, ਅਖਿਆ, ‘ਪਿਤਾ ਜੀ ਤੁਹਾਡੇ ਤੋਂ ਮਹਾਨ ਆਤਮਾ ਹੋਰ ਕਿਹੜੀ ਹੋ ਸਕਦੀ ਹੈ?’ ਆਪਣੇ ਬਾਲ ਪੁੱਤਰ ਦੇ ਇਹ ਬੋਲ ਸੁਣ ਕੇ ਗੁਰੂ ਜੀ ਦੇ ਚਿਹਰੇ ਤੋਂ ਉਦਾਸੀ ਦੂਰ ਹੋ ਗਈ ਤੇ ਰੱਬੀ ਨੂਰ ਡੁਲਕ੍ਹਣ ਲਗ ਪਿਆ। ਉਨ੍ਹਾਂ ਫਰਿਆਦੀ ਪੰਡਤਾਂ ਨੂੰ ਆਖਿਆ, ‘ਔਰੰਗਜ਼ੇਬ ਨੂੰ ਆਖ ਦੇਵੋ ਕਿ ਜੇਕਰ ਸਾਡਾ ਗੁਰੂ ਮੁਸਲਮਾਨ ਬਣ ਜਾਵੇ ਤਾਂ ਅਸੀਂ ਸਾਰੇ ਇਸਲਾਮ ਧਾਰਨ ਕਰ ਲਵਾਂਗੇ।’
ਦਿੱਲੀ ਤੋਂ ਪਹਿਲਾਂ ਆਗਰੇ ਪੁੱਜਣ ਉਤੇਂ ਗੁਰੂ ਜੀ ਨੂੰ ਉਨ੍ਹਾਂ ਦੇ ਸਿੱਖਾਂ ਸਮੇਤ ਕੈਦ ਕਰ ਲਿਆ ਤੇ ਦਿੱਲੀ ਵਿਚ ਚਾਂਦਨੀ ਚੌਂਕ ਦੀ ਕੋਤਵਾਲੀ ਵਿਚ ਕੈਦ ਕਰ ਦਿੱਤਾ ਗਿਆ। ਔਰੰਗਜ਼ੇਬ ਨੇ ਗੁਰੂ ਜੀ ਅੱਗੇ ਤਿੰਨ ਸ਼ਰਤਾਂ ਰੱਖੀਆਂ, ‘ਇਸਲਾਮ ਕਬੂਲ ਕਰੋ, ਸੰਸਾਰ ਦੇ ਸਾਰੇ ਸੁੱਖ ਤੁਹਾਡੇ ਕਦਮਾਂ ਉਤੇ ਹੋਣਗੇ। ਆਪਣੇ ਰੱਬੀ ਰੂਪ ਹੋਣ ਦੇ ਸਬੂਤ ਵਜੋਂ ਕੋਈ ਕਰਾਮਾਤ ਵਿਖਾਵੋ ਜਾਂ ਫਿਰ ਮੌਤ ਨੂੰ ਕਬੂਲ ਕਰੋ।’ ਗੁਰੂ ਜੀ ਨੇ ਦ੍ਰਿੜ੍ਹਤਾ ਨਾਲ ਉੱਤਰ ਦਿੱਤਾ, ‘ਧਰਮ ਹਰ ਇਨਸਾਨ ਦਾ ਮੁੱਢਲਾ ਅਧਿਕਾਰ ਹੈ। ਇਸ ਵਿਚ ਜ਼ਬਰਦਸਤੀ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਸਾਨੂੰ ਤੇਰੀ ਇਹ ਸ਼ਰਤ ਮਨਜ਼ੂਰ ਨਹੀਂ ਹੈ। ਜਿਥੋਂ ਤਾਈਂ ਦੁਨਿਆਵੀ ਦੌਲਤਾਂ ਦਾ ਸੰਬੰਧ ਹੈ ਮੇਰੇ ਪੱਲੇ ਸੱਚ ਦੀ ਦੌਲਤ ਹੈ। ਰੱਬ ਮੇਰੇ ਨਾਲ ਹੈ। ਇਸ ਤੋਂ ਵੱਡੀ ਹੋਰ ਕਿਹੜੀ ਦੌਲਤ ਹੋ ਸਕਦੀ ਹੈ? ਮੈਂ ਰੱਬ ਦਾ ਭਗਤ ਹਾਂ। ਕਰਾਮਾਤ ਉਸ ਦੇ ਕੰਮ ਵਿਚ ਦਖ਼ਲਅੰਦਾਜ਼ੀ ਹੈ, ਜਿਹੜੀ ਸ੍ਰੀ ਗੁਰੂ ਨਾਨਕ ਤੋਂ ਲੈ ਕੇ ਹੁਣ ਤੀਕ ਕਿਸੇ ਗੁਰੂ ਨੇ ਨਹੀਂ ਕੀਤੀ ਤੇ ਮੈਂ ਵੀ ਨਹੀਂ ਕਰਾਂਗਾ। ਤੇਰੀ ਤੀਜੀ ਸ਼ਰਤ ਮੈਨੂੰ ਪਰਵਾਨ ਹੈ, ਮੈਂ ਸ਼ਹੀਦ ਹੋਣ ਲਈ ਤਿਆਰ ਹਾਂ। ਗੁਰੂ ਜੀ ਨੂੰ ਚਾਂਦਨੀ ਚੌਕ ਵਿਖੇ ਸ਼ਹੀਦ ਕਰ ਦਿੱਤਾ ਗਿਆ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਦੋਂ ਸ਼ਹਾਦਤ ਹੋਈ ਤਾਂ ਉਨ੍ਹਾਂ ਦੇ ਸਪੁੱਤਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੇਵਲ ਨੌ ਵਰ੍ਹਿਆਂ ਦੇ ਸਨ। ਉਨ੍ਹਾਂ ਨੇ ਨਿਮਾਣੇ ਤੇ ਨਿਤਾਣੇ ਸਮਝੇ ਜਾਂਦੇ ਲੋਕਾਂ ਦੇ ਮਨਾਂ ਵਿਚੋਂ ਮੌਤ ਦੇ ਭੈਅ ਨੂੰ ਦੂਰ ਕੀਤਾ ਤੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ। ਉਨ੍ਹਾਂ ਮੁੱਢ ਕਦੀਮ ਤੋਂ ਪਈਆਂ ਜਾਤਪਾਤ ਦੀਆਂ ਵੰਡੀਆਂ ਨੂੰ ਖ਼ਤਮ ਕਰ ਦਿੱਤਾ।
ਅਮੀਰ ਗ਼ਰੀਬ ਦੇ ਪਾੜੇ ਨੂੰ ਤੋੜਿਆ, ਧਰਮ ਦੇ ਨਾਂਅ ਦੀਆਂ ਵੰਡੀਆਂ ਨੂੰ ਮੁਕਾਇਆ ਤੇ ਇਕ ਅਜਿਹੇ ਇਨਸਾਨ ਦੀ ਸਿਰਜਣਾ ਕੀਤੀ ਜਿਹੜਾ ਸਚਮੁੱਚ ਖ਼ਾਲਸਾ ਸੀ। ਉਹ ਸੰਤ ਸਿਪਾਹੀ ਸੀ। ਉੱਚੇ ਤੇ ਸੁੱਚੇ ਜੀਵਨ ਜੀਊਣ ਵਾਲੇ ਖ਼ਾਲਸੇ ਨੇ ਕੇਵਲ ਆਪਣੇ ਹੱਕਾਂ ਦੀ ਰਾਖੀ ਨਹੀਂ ਕੀਤੀ ਸਗੋਂ ਹਮੇਸ਼ਾ ਮਜ਼ਲੂਮਾਂ ਦੇ ਹੱਕਾਂ ਦੀ ਰਾਖੀ ਕੀਤੀ। ਹੁਣ ਵੀ ਕੋਰੋਨਾ ਮਹਾਂਮਾਰੀ ਦੌਰਾਨ ਤਾਲਾਬੰਦੀ ਸਮੇਂ ਜਦੋਂ ਗ਼ਰੀਬ ਲੋਕ ਭੁੱਖ ਨਾਲ ਮਰ ਰਹੇ ਸਨ ਤਾਂ ਖ਼ਾਲਸੇ ਨੇ ਹੀ ਸਾਰੇ ਸੰਸਾਰ ਵਿਚ ਅੱਗੇ ਹੋ ਕੇ ਇਨ੍ਹਾਂ ਦੀ ਬਾਂਹ ਫੜੀ। ਦਸਮੇਸ਼ ਪਿਤਾ ਉਤੇ ਸ਼ਾਹੀ ਫ਼ੌਜਾਂ ਨੇ 14 ਹਮਲੇ ਕੀਤੇ ਤੇ ਹਰ ਵਾਰ ਹਾਰ ਦਾ ਮੂੰਹ ਵੇਖਣਾ ਪਿਆ। ਪੋਹ ਦਾ ਮਹੀਨਾ ਸਿੱਖ ਇਤਿਹਾਸ ਵਿਚ ਕੁਰਬਾਨੀਆਂ ਦਾ ਮਹੀਨਾ ਹੈ। ਦਸਮੇਸ਼ ਪਿਤਾ ਆਪਣੇ ਚਾਲੀ ਸਿੱਖਾਂ ਨਾਲ ਚਮਕੌਰ ਦੀ ਗੜ੍ਹੀ ਵਿਚ ਸਨ। ਮੌਕੇ ਦੀ ਹਕੂਮਤ ਨੇ ਆਪਣੀਆਂ ਸਾਰੀਆਂ ਕਸਮਾਂ ਤੇ ਵਾਹਿਦੇ ਤੋੜ 10 ਲੱਖ ਫ਼ੌਜ ਨਾਲ ਗੜ੍ਹੀ ਨੂੰ ਘੇਰਾ ਪਾ ਲਿਆ। ਜ਼ੁਲਮ ਦਾ ਮੁਕਾਬਲਾ ਕਰਨ ਲਈ ਪੰਜ-ਪੰਜ ਸਿੰਘਾਂ ਦੇ ਜਥੇ ਬਣਾਏ ਗਏ ਜਿਨ੍ਹਾਂ ਗੜ੍ਹੀ ਤੋਂ ਬਾਹਰ ਜਾ ਕੇ ਜ਼ੁਲਮ ਦਾ ਮੁਕਾਬਲਾ ਕਰਦਿਆ ਸ਼ਹਾਦਤ ਦਾ ਜਾਮ ਪੀਣਾ ਸੀ। ਗੁਰੂ ਜੀ ਨਾਲ ਉਨ੍ਹਾਂ ਦੇ ਦੋ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਜੀ ਤੇ ਜੁਝਾਰ ਸਿੰਘ ਸਨ ਜਿਨ੍ਹਾਂ ਦੀ ਉਮਰ ਮਸਾਂ 15 ਤੇ 17 ਸਾਲ ਸੀ। ਸਿੰਘਾਂ ਨੇ ਗੁਰੂ ਜੀ ਨੂੰ ਆਖਿਆ ਕਿ ਤੁਸੀਂ ਸਾਹਿਬਜ਼ਾਦਿਆਂ ਨੂੰ ਲੈ ਕੇ ਨਿਕਲ ਜਾਵੋ ਅਸੀਂ ਫ਼ੌਜ ਦਾ ਮੁਕਾਬਲਾ ਕਰਦੇ ਹਾਂ।
ਗੁਰੂ ਜੀ ਦਾ ਉਤਰ ਸੀ ਤੁਸੀਂ ਸਾਰੇ ਹੀ ਮੇਰੇ ਸਾਹਿਬਜ਼ਾਦੇ ਹੋ। ਗੁਰੂ ਜੀ ਨੇ ਦੋ ਜੱਥਿਆਂ ਦੇ ਮੁਖੀ ਆਪਣੇ ਪੁੱਤਰਾਂ ਨੂੰ ਬਣਾਇਆ। ਵਾਰੀ ਆਉਣ ‘ਤੇ ਗੁਰੂ ਜੀ ਨੇ ਪਹਿਲਾਂ ਵੱਡੇ ਪੁੱਤਰ ਤੇ ਪਿਛੋਂ ਛੋਟੇ ਪੁੱਤਰ ਨੂੰ ਹੱਥੀਂ ਤਿਆਰ ਕਰ ਕੇ ਜੰਗ ਦੇ ਮੈਦਾਨ ਵਿਚ ਭੇਜਿਆ। ਆਪ ਗੜ੍ਹੀ ਦੀ ਕੰਧ ਉਤੇ ਖੜ੍ਹੇ ਹੋ ਕੇ ਬਹਾਦਰੀ ਨਾਲ ਲੜਦੇ ਹੋਏ ਪੁੱਤਰਾਂ ਨੂੰ ਵੇਖਦੇ ਰਹੇ। ਆਖਰ ਦੋਵਾਂ ਸਾਹਿਬਜ਼ਾਦਿਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਗੁਰੂ ਸਾਹਿਬ ਨੇ ਅਫ਼ਸੋਸ ਕਰਨ ਦੀ ਥਾਂ ਪਰਮਾਤਮਾ ਦਾ ਸ਼ੁਕਰ ਕੀਤਾ ਕਿ ਉਹ ਮਨੁੱਖੀ ਹੱਕਾਂ ਦੀ ਰਾਖੀ ਕਰਦੇ ਹੋਏ ਲੋਕਾਈ ਖਾਤਰ ਕੁਰਬਾਨ ਹੋਏ ਹਨ। ਅਜਿਹੀ ਲੜਾਈ ਸੰਸਾਰ ਵਿਚ ਪਹਿਲਾਂ ਕਦੇ ਨਹੀਂ ਹੋਈ ਤੇ ਸ਼ਾਇਦ ਕਦੇ ਹੋਵੇਗੀ ਵੀ ਨਹੀਂ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਹਿਲ ਤੇ ਦਸਮੇਸ਼ ਪਿਤਾ ਦੇ ਮਾਤਾ ਜੀ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਇਕ ਵਿਸ਼ਵਾਸਪਾਤਰ ਨੇ ਧੋਖੇ ਨਾਲ ਸੂਬਾ ਸਰਹਿੰਦ ਕੋਲ ਗ੍ਰਿਫ਼ਤਾਰ ਕਰਵਾ ਦਿੱਤਾ। ਛੋਟੇ ਸਾਹਿਬਜ਼ਾਦਿਆਂ ਦੀ ਉਮਰ ਮਸਾਂ 5 ਤੇ 7 ਸਾਲ ਸੀ। ਉਨ੍ਹਾਂ ਨੂੰ ਸੂਬਾ ਸਰਹਿੰਦ ਵਜ਼ੀਰ ਖਾਨ ਨੇ ਇਸਲਾਮ ਕਬੂਲ ਕਰਨ ਲਈ ਲਾਲਚ ਦਿੱਤੇ, ਡਰਾਇਆ, ਧਮਕਾਇਆ ਤੇ ਤਸੀਹੇ ਦਿੱਤੇ ਪਰ ਸਾਹਿਬਜ਼ਾਦੇ ਆਪਣੇ ਆਕੀਦ ਉਤੇ ਅੜੇ ਰਹੇ। ਉਨ੍ਹਾਂ ਆਖਿਆ, ‘ਆਪਣੇ ਅਸੂਲਾਂ ਤੇ ਅਣਖ ਨੂੰ ਮਾਰ ਕੇ ਜੀਊਣ ਨਾਲੋਂ ਅਸੀਂ ਮੌਤ ਕਬੂਲ ਕਰਨ ਲਈ ਤਿਆਰ ਹਾਂ’। ਸੂਬੇ ਨੇ ਬੱਚਿਆਂ ਨੂੰ ਜੀਊਂਦਿਆਂ ਹੀ ਦੀਵਾਰ ਵਿਚ ਚਿਣਾ ਕੇ ਸ਼ਹੀਦ ਕਰ ਦਿੱਤਾ। ਅਜਿਹੀ ਸ਼ਹਾਦਤ ਵੀ ਸੰਸਾਰ ਵਿਚ ਕਦੇ ਨਹੀਂ ਹੋਈ। ਮਾਤਾ ਜੀ ਨੂੰ ਆਖਿਆ ਜਾਂਦਾ ਹੈ ਕਿ ਜਿਸ ਬੁਰਜ ਵਿਚ ਉਨ੍ਹਾਂ ਨੂੰ ਕੈਦ ਕੀਤਾ ਗਿਆ ਸੀ ਉਸ ਉਤੋਂ ਹੀ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ ਗਿਆ ਜਿਸ ਨਾਲ ਉਹ ਸ਼ਹੀਦ ਹੋ ਗਏ। ਇੰਝ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਹਿਲ ਅਤੇ ਚਾਰ ਪੋਤਰਿਆਂ ਨੇ ਸ਼ਹਾਦਤ ਦਾ ਜਾਮ ਪੀਤਾ।
ਦਸਮੇਸ਼ ਪਿਤਾ ਜੀ ਜਦੋਂ ਨੰਦੇੜ ਸਨ ਤਾਂ ਸੂਬਾ ਸਰਹੰਦ ਵਲੋਂ ਭੇਜੇ ਗਏ ਦੋ ਵਿਅਕਤੀਆਂ ਨੇ ਵਿਸ਼ਵਾਸਘਾਤ ਕਰ ਕੇ ਗੁਰੂ ਜੀ ਨੂੰ ਛੁਰਾ ਮਾਰ ਕੇ ਜ਼ਖ਼ਮੀ ਕਰ ਦਿੱਤਾ। ਇਨ੍ਹਾਂ ਜ਼ਖ਼ਮਾਂ ਕਰਕੇ ਹੀ ਗੁਰੂ ਜੀ ਜੋਤੀ ਜੋਤਿ ਸਮਾ ਗਏ। ਇੰਝ ਗੁਰੂ ਤੇਗ ਬਹਾਦਰ ਸਾਹਿਬ ਨੇ ਕੇਵਲ ਆਪਣੀ ਹੀ ਕਰਬਾਨੀ ਨਹੀਂ ਦਿੱਤੀ ਸਗੋਂ ਆਪਣਾ ਸਾਰਾ ਸਰਬੰਸ ਹੀ ਲੋਕ ਹੱਕਾਂ ਦੀ ਰਾਖੀ ਲਈ ਵਾਰ ਦਿੱਤਾ। ਇਸ ਵਰ੍ਹੇ ਨੂੰ ਕੇਵਲ ਭਾਰਤ ਵਿਚ ਹੀ ਨਹੀਂ ਸਗੋਂ ਸਾਰੇ ਸੰਸਾਰ ਵਿਚ ਲੋਕ ਅਧਿਕਾਰ ਵਰ੍ਹੇ ਦੇ ਰੂਪ ਵਿਚ ਮਨਾਉਣਾ ਚਾਹੀਦਾ ਹੈ। ਇਸ ਨਾਲ ਕੇਵਲ ਸਿੱਖ ਅਤੇ ਭਾਰਤੀ ਹੀ ਆਪਣੇ ਮਹਾਨ ਵਿਰਸੇ ਤੋਂ ਜਾਣੂ ਨਹੀਂ ਹੋਣਗੇ ਸਗੋਂ ਸਾਰੇ ਸੰਸਾਰ ਨੂੰ ਇਸ ਗੌਰਵਮਈ ਇਤਿਹਾਸ ਬਾਰੇ ਜਾਣਕਾਰੀ ਮਿਲੇਗੀ। ਸਿੱਖ ਕੌਮ ਦਾ ਇਹ ਫ਼ਰਜ਼ ਬਣਦਾ ਹੈ ਕਿ ਸਮਾਗਮਾਂ ਨੂੰ ਕੇਵਲ ਗੁਰੂ ਘਰਾਂ ਅਤੇ ਆਪਣੇ ਤੱਕ ਹੀ ਨਾ ਸੀਮਤ ਰੱਖਿਆ ਜਾਵੇ ਸਗੋਂ ਇਸ ਮਹਾਨ ਤੇ ਸੁਨਿਹਰੀ ਇਤਿਹਾਸ ਤੋਂ ਸੰਸਾਰ ਦੀ ਸਾਰੀ ਲੋਕਾਈ ਨੂੰ ਜਾਣੂ ਕਰਵਾਇਆ ਜਾਵੇ।
(‘ਅਜੀਤ’ ਵਿਚੋਂ ਧੰਨਵਾਦ ਸਹਿਤ)
Check Also
68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼
ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …