ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ ਤੇ ਨਾਲ ਹੀ ਇਹ ਵੀ ਕਿਹਾ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਤਾਂ ਉਹ ਭਾਜਪਾ ਨਾਲ ਚੋਣ ਗਠਜੋੜ ਕਰ ਲੈਣਗੇ। ਇਸ ਤੋਂ ਬਾਅਦ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਬਣਾਉਣ ਦੇ ਐਲਾਨ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪਾਕਿਸਤਾਨ ਜਾਂ ਚੀਨ ਤੋਂ ਨਹੀਂ ਬਲਕਿ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਗੱਦਾਰੀ ਤੋਂ ਖ਼ਤਰਾ ਹੈ। ਰੰਧਾਵਾ ਨੇ ਕਿਹਾ ਕਿ ਕੈਪਟਨ ਅੱਜ ਕਿਸਾਨਾਂ ਦਾ ਮਸਲਾ ਹੱਲ ਕਰਨ ਦੀ ਗੱਲ ਕਰ ਰਹੇ ਹਨ ਪਰ ਉਨ੍ਹਾਂ ਬਤੌਰ ਮੁੱਖ ਮੰਤਰੀ ਇਹ ਮਸਲਾ ਕੇਂਦਰ ਸਰਕਾਰ ਕੋਲ ਨਹੀਂ ਚੁੱਕਿਆ। ਉਨ੍ਹਾਂ ਕਿਹਾ ਕਿ ਕੈਪਟਨ ਦੀ ਬਾਦਲਾਂ ਨਾਲ ਮਿਲੀਭੁਗਤ ਸੀ ਅਤੇ ਉਹ ਬਾਦਲਾਂ ਦਾ ਬਚਾਅ ਕਰਦੇ ਰਹੇ ਹਨ। ਰੰਧਾਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਸੇ ਲਈ ਬੇਅਦਬੀ ਮਾਮਲੇ, ਟਰਾਂਸਪੋਰਟ ਮਾਫੀਆ ਤੇ ਨਸ਼ਿਆਂ ਦੇ ਮਾਮਲੇ ’ਚ ਕਾਰਵਾਈ ਨਹੀਂ ਕੀਤੀ। ਡਿਪਟੀ ਸੀਐਮ ਨੇ ਕਿਹਾ ਕਿ ਕੈਪਟਨ ਨੇ ਨਵੀਂ ਪਾਰਟੀ ਬਣਾਉਣ ਦੀ ਜਿਹੜੀ ਗੱਲ ਕੀਤੀ ਹੈ, ਉਹ ਕਾਂਗਰਸ ਪਾਰਟੀ ਦੇ ਪਿੱਠ ਵਿਚ ਛੁਰਾ ਮਾਰਨ ਵਰਗੀ ਗੱਲ ਹੈ।