Breaking News
Home / ਪੰਜਾਬ / ਅਟਾਰੀ ਸਰਹੱਦ ‘ਤੇ ਜਵਾਨਾਂ ਦੇ ਗੁੱਟਾਂ ‘ਤੇ ਬੰਨ੍ਹੀਆਂ ਰੱਖੜੀਆਂ

ਅਟਾਰੀ ਸਰਹੱਦ ‘ਤੇ ਜਵਾਨਾਂ ਦੇ ਗੁੱਟਾਂ ‘ਤੇ ਬੰਨ੍ਹੀਆਂ ਰੱਖੜੀਆਂ

ਕੱਚੇ ਧਾਗੇ ਬੰਨ੍ਹ ਕੇ ਹੀ ਬਣਾਏ ਜਾਂਦੇ ਹਨ ਪੱਕੇ ਰਿਸ਼ਤੇ : ਲਕਸ਼ਮੀ ਕਾਂਤਾ ਚਾਵਲਾ
ਅਟਾਰੀ/ਬਿਊਰੋ ਨਿਊਜ਼ : ਭੈਣ-ਭਰਾ ਦੇ ਪਿਆਰ ਦੇ ਪ੍ਰਤੀਕ ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਅਟਾਰੀ ਸਰਹੱਦ ‘ਤੇ ਸਾਬਕਾ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਤੇ ਉਨ੍ਹਾਂ ਨਾਲ ਪੁੱਜੀਆਂ ਲੜਕੀਆਂ ਤੇ ਹੋਰ ਭੈਣਾਂ ਵੱਲੋਂ ਸੀਮਾ ਸੁਰੱਖਿਆ ਬਲ ਅਧਿਕਾਰੀਆਂ ਅਤੇ ਜਵਾਨਾਂ ਨੂੰ ਰੱਖੜੀਆਂ ਬੰਨ੍ਹੀਆਂ ਗਈਆਂ। ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਸਾਬਕਾ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨਾਲ ਅੰਮ੍ਰਿਤਸਰ ਤੋਂ ਆਈਆਂ ਵੱਖ-ਵੱਖ ਮਹਿਲਾਵਾਂ ਤੇ ਲੜਕੀਆਂ ਨੇ ਸੀਮਾ ਸੁਰੱਖਿਆ ਬਲ ਦੇ ਕਮਾਂਡੈਂਟ ਅਨੰਤ ਰਾਮ, ਸਹਾਇਕ ਕਮਾਂਡੈਂਟ ਸੰਜੇ ਸਮੇਤ ਜਵਾਨਾਂ ਨੂੰ ਰੱਖੜੀਆਂ ਬੰਨ੍ਹੀਆਂ। ਇਸ ਮੌਕੇ ਲਕਸ਼ਮੀ ਕਾਂਤਾ ਚਾਵਲਾ ਨੇ ਕਿਹਾ ਕਿ ਰੱਖੜੀ ਜਿੱਥੇ ਭੈਣ-ਭਰਾ ਦੇ ਪਿਆਰ ਦਾ ਪਵਿੱਤਰ ਰਿਸ਼ਤਾ ਹੈ, ਉੱਥੇ ਮੇਰੇ ਲਈ ਇਹ ਰਾਸ਼ਟਰੀ ਤਿਉਹਾਰ ਹੈ। ਉਨ੍ਹਾਂ ਕਿਹਾ ਕਿ ਦੇਸ਼, ਸਮਾਜ ਤੇ ਧਰਮ ਦੀ ਰੱਖਿਆ ਹੀ ‘ਰਕਸ਼ਾ ਬੰਧਨ’ ਹੈ। ਉਨ੍ਹਾਂ ਕਿਹਾ ਕਿ ਕੱਚੇ ਧਾਗੇ ਬੰਨ੍ਹ ਕੇ ਹੀ ਪੱਕੇ ਰਿਸ਼ਤੇ ਬਣਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਰੱਖੜੀ ਘਰਾਂ ‘ਚ ਭੈਣ-ਭਰਾ ਦਾ ਬੰਧਨ ਹੈ। ਉਨ੍ਹਾਂ ਕਿਹਾ ਕਿ ਇਸ ਰਸਮ ਦਾ ਆਰੰਭ ਉਦੋਂ ਹੋਇਆ ਜਦੋਂ ਦੇਸ਼ ਦੇ ਸਿਪਾਹੀ ਦੁਸ਼ਮਨ ਨਾਲ ਲੜਨ ਲਈ ਲੜਾਈ ਦੇ ਮੈਦਾਨ ‘ਚ ਜਾਂਦੇ ਸਨ ਤੇ ਭੈਣਾਂ ਉਨ੍ਹਾਂ ਦੇ ਗੁੱਟਾਂ ਤੇ ਧਾਗਾ ਬੰਨ੍ਹਦੀਆਂ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨਾਲ ਰੱਖੜੀ ਦਾ ਰਿਸ਼ਤਾ 58 ਸਾਲ ਪੁਰਾਣਾ ਹੈ।
ਲਕਸ਼ਮੀ ਕਾਂਤਾ ਚਾਵਲਾ ਨੇ ਕਿਹਾ ਕਿ ਉਨ੍ਹਾਂ ਨੇ 1968 ‘ਚ ਹੁਸੈਨੀਵਾਲਾ ਤੋਂ ਭਿੱਖੀਵਿੰਡ, ਖੇਮਕਰਨ, ਅਟਾਰੀ ਸਰਹੱਦ, ਅਜਨਾਲਾ ਤੇ ਡੇਹਰਾ ਬਾਬਾ ਨਾਨਕ ਤੱਕ ਸਰਹੱਦ ‘ਤੇ ਪਹਿਰਾ ਦੇਣ ਵਾਲੇ ਦੇਸ਼ ਦੇ ਰਖਵਾਲੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਰੱਖੜੀਆਂ ਬੰਨ੍ਹਣ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਕਿਹਾ ਕਿ ਰੱਖੜੀ ਕੱਚੇ ਧਾਗੇ ਦਾ ਬੰਧਨ ਤੇ ਪਿਆਰ ਦਾ ਰਿਸ਼ਤਾ ਹੈ। ਉਨ੍ਹਾਂ ਕਿਹਾ ਕਿ ਸਰਹੱਦ ‘ਤੇ ਤਾਇਨਾਤ ਜਵਾਨਾਂ ਨੂੰ ਰੱਖੜੀਆਂ ਬੰਨ੍ਹ ਕੇ ਮਾਣ ਮਹਿਸੂਸ ਹੋ ਰਿਹਾ ਹੈ। ਇਸ ਮੌਕੇ ਉਨ੍ਹਾਂ ਸਰਹੱਦ ‘ਤੇ ਤਾਇਨਾਤ ਜਵਾਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

 

Check Also

ਕਾਂਗਰਸ ਪਾਰਟੀ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ

ਰਾਣਾ ਕੰਵਰਪਾਲ ਸਿੰਘ ਬਣੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਨਵੀਂ ਦਿੱਲੀ/ਬਿਊਰੋ ਨਿਊਜ਼ : ਲੋਕ ਸਭਾ …