Breaking News
Home / ਪੰਜਾਬ / ਕਰੋਨਾ ਕਾਰਨ ਅਨਾਥ ਹੋਏ ਬੱਚਿਆਂ ਨੂੰ ਅਪਣਾਏਗੀ ਸ਼੍ਰੋਮਣੀ ਕਮੇਟੀ

ਕਰੋਨਾ ਕਾਰਨ ਅਨਾਥ ਹੋਏ ਬੱਚਿਆਂ ਨੂੰ ਅਪਣਾਏਗੀ ਸ਼੍ਰੋਮਣੀ ਕਮੇਟੀ

ਕਿਸਾਨਾਂ ਦੇ ਬੱਚਿਆਂ ਨੂੰ ਮੁਫ਼ਤ ਪੜ੍ਹਾਈ ਕਰਵਾਉਣ ਦਾ ਫ਼ੈਸਲਾ
ਅੰਮ੍ਰਿਤਸਰ : ਜੂਨ 1984 ਘੱਲੂਘਾਰਾ ਦਿਵਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਰੋਨਾ ਕਾਰਨ ਅਨਾਥ ਅਤੇ ਲਾਵਾਰਸ ਹੋਏ ਬੱਚਿਆਂ ਨੂੰ ਕਮੇਟੀ ਵੱਲੋਂ ਅਪਣਾਉਣ ਦਾ ਐਲਾਨ ਕੀਤਾ। ਉਨ੍ਹਾਂ ਦੀ ਪੜ੍ਹਾਈ ਅਤੇ ਸੰਭਾਲ ਦਾ ਖਰਚਾ ਸਿੱਖ ਸੰਸਥਾ ਵੱਲੋਂ ਕੀਤਾ ਜਾਵੇਗਾ। ਇਸੇ ਤਰ੍ਹਾਂ ਕਿਸਾਨ ਸੰਘਰਸ਼ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਵੀ ਸ਼੍ਰੋਮਣੀ ਕਮੇਟੀ ਕਰੇਗੀ।
ਘੱਲੂਘਾਰਾ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਖੁਲਾਸਾ ਕੀਤਾ ਕਿ ਜੂਨ 1984 ਘੱਲੂਘਾਰੇ ਸਮੇਂ ਫੌਜ ਵੱਲੋਂ ਚਲਾਈ ਗਈ ਗੋਲੀ ਕਾਰਨ ਹਰਿਮੰਦਰ ਸਾਹਿਬ ਵਿਖੇ ਪਹਿਲੀ ਮੰਜ਼ਿਲ ‘ਤੇ ਵੱਡ ਆਕਾਰੀ ਹੱਥ ਲਿਖਤ ਪਾਵਨ ਸਰੂਪ ਨੁਕਸਾਨਿਆ ਗਿਆ ਸੀ। ਇਸ ਦੀ ਤਾਬਿਆ ਬੈਠਾ ਗ੍ਰੰਥੀ ਸਿੰਘ ਵੀ ਜ਼ਖ਼ਮੀ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਉਹ ਉਸ ਵੇਲੇ ਹੋਏ ਨੁਕਸਾਨ ਸਬੰਧੀ ਜਾਰੀ ਕੀਤੇ ਵ੍ਹਾਈਟ ਪੇਪਰ ਦਾ ਅਧਿਐਨ ਕਰ ਰਹੇ ਹਨ ਅਤੇ ਜਲਦੀ ਹੀ ਇਹ ਮੁੜ ਪ੍ਰਕਾਸ਼ਤ ਕੀਤਾ ਜਾਵੇਗਾ। ਸੰਗਤ ਦੀ ਮੰਗ ਮੁਤਾਬਕ ਨੁਕਸਾਨੇ ਗਏ ਪਾਵਨ ਸਰੂਪ ਦੇ ਦਰਸ਼ਨ ਅਗਾਂਹ ਵੀ ਕਰਵਾਏ ਜਾਣਗੇ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੇ ਹਰਿਮੰਦਰ ਸਾਹਿਬ ‘ਤੇ ਲੱਗੇ ਸੋਨੇ ਦੇ ਪੱਤਰੇ, ਜੋ ਫ਼ੌਜ ਦੀਆਂ ਗੋਲੀਆਂ ਨਾਲ ਨੁਕਸਾਨੇ ਗਏ ਗਏ ਸਨ, ਨੂੰ ਵੀ ਸੰਗਤ ਦੇ ਦਰਸ਼ਨਾਂ ਲਈ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਅਕਾਲ ਤਖ਼ਤ ਸਾਹਿਬ ਦੇ ਹੇਠਾਂ ਗੁਰੂ ਸਾਹਿਬ ਵੇਲੇ ਦਾ ਬਣਿਆ ਖੂਹ ਖੋਲ੍ਹਣ ਦੇ ਨਾਲ ਨਾਲ ਸ਼ਹੀਦ ਗੈਲਰੀ ਵੀ ਜਲਦੀ ਸੰਗਤ ਅਰਪਣ ਕੀਤੀ ਜਾਵੇਗੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਜੂਨ ’84 ਦੇ ਘੱਲੂਘਾਰੇ ਨੂੰ ਸਿੱਖ ਕੌਮ ਕਦੇ ਭੁਲਾ ਨਹੀਂ ਸਕਦੀ। ਇਹ ਜ਼ਖ਼ਮ ਹਰ ਸਾਲ ਰਿਸਦੇ ਰਹਿਣਗੇ। ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀਆਂ ਦੀ ਕਰੋਨਾ ਕਾਰਨ ਮੌਤ ਹੋ ਗਈ ਹੈ, ਉਨ੍ਹਾਂ ਦੇ ਬੱਚਿਆਂ ਦੀ ਵਿੱਦਿਆ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਜਾਵੇਗਾ।

 

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …