ਮਨੁੱਖੀ ਅਧਿਕਾਰ ਸੰਗਠਨ ਨੇ ਨਿਆਇਕ ਜਾਂਚ ਦੀ ਕੀਤੀ ਮੰਗ
ਅੰਮ੍ਰਿਤਸਰ/ਬਿਊਰੋ ਨਿਊਜ਼ : ਦਿੱਲੀ ਟਰੈਕਟਰ ਪਰੇਡ ਦੌਰਾਨ ਜਾਨ ਗੁਆਉਣ ਵਾਲੇ ਨੌਜਵਾਨ ਨਵਰੀਤ ਸਿੰਘ ਅਤੇ ਕਿਸਾਨ ਕੈਂਪ ‘ਤੇ ਹਮਲੇ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਰਣਜੀਤ ਸਿੰਘ ਸਮੇਤ ਹੋਰ ਕੇਸਾਂ ਵਿਚ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਵਕੀਲਾਂ ਵੱਲੋਂ ਲੋੜੀਂਦੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ, ਜਿਸ ਮਗਰੋਂ ਲੋੜ ਮੁਤਾਬਕ ਕੇਸ ਦਾਇਰ ਕੀਤੇ ਜਾਣਗੇ। ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਨਵਰੀਤ ਸਿੰਘ, ਰਣਜੀਤ ਸਿੰਘ ਅਤੇ ਨੌਦੀਪ ਕੌਰ ਦੇ ਮਾਮਲੇ ਵਿੱਚ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਕਿਸਾਨ ਅੰਦੋਲਨ ਦੌਰਾਨ ਦਿੱਲੀ ਟਰੈਕਟਰ ਪਰੇਡ ਤੇ ਉਸ ਤੋਂ ਬਾਅਦ ਵਾਪਰੀਆਂ ਘਟਨਾਵਾਂ ਸਬੰਧੀ 122 ਵਿਅਕਤੀ ਗ੍ਰਿਫ਼ਤਾਰ ਕਰਨ ਸਮੇਤ ਦਿੱਲੀ ਪੁਲਿਸ ਵੱਲੋਂ ਵੱਖ-ਵੱਖ ਥਾਣਿਆਂ ਵਿੱਚ 44 ਕੇਸ ਦਰਜ ਕੀਤੇ ਗਏ ਹਨ।
ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੀ ਅਗਵਾਈ ਹੇਠ ਕੁਝ ਦਿਨ ਦਿੱਲੀ ਰਹਿ ਕੇ ਆਏ ਮੁੱਖ ਜਾਂਚਕਰਤਾ ਵਕੀਲ ਸਰਬਜੀਤ ਸਿੰਘ ਨੇ ਆਖਿਆ ਕਿ ਇਹ ਤਿੰਨੋਂ ਮਾਮਲੇ ਉਚੇਚੇ ਧਿਆਨ ਦੀ ਮੰਗ ਕਰਦੇ ਹਨ।
ਨਵਰੀਤ ਸਿੰਘ ਦੀ ਮੌਤ ਗੋਲੀ ਲੱਗਣ ਕਾਰਨ ਹੋਈ, ਜਦੋਂਕਿ ਦਿੱਲੀ ਪੁਲਿਸ ਦਾ ਦਾਅਵਾ ਹੈ ਕਿ ਉਸ ਨੇ ਗੋਲੀ ਨਹੀਂ ਚਲਾਈ। ਕਿਸਾਨ ਕੈਂਪ ‘ਤੇ ਹਮਲੇ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਰਣਜੀਤ ਸਿੰਘ ਦੀ ਪੁਲਿਸ ਵੱਲੋਂ ਲੋਕਾਂ ਵਿਚਾਲੇ ਕੁੱਟਮਾਰ ਕੀਤੀ ਗਈ ਹੈ, ਜਦੋਂਕਿ ਹਮਲੇ ਦੌਰਾਨ ਉਸ ਨੇ ਆਪਣੀ ਜਾਨ ਬਚਾਉਣ ਵਾਸਤੇ ਕਿਰਪਾਨ ਕੱਢੀ ਸੀ।
ਕੁੰਡਲੀ ਮੋਰਚੇ ਦੌਰਾਨ ਨੌਦੀਪ ਕੌਰ ਨੂੰ 12 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਸ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਤਿੰਨੋਂ ਮਾਮਲੇ ਉੱਚ ਪੱਧਰੀ ਜਾਂਚ ਦੀ ਮੰਗ ਕਰਦੇ ਹਨ।
ਮਨੁੱਖੀ ਅਧਿਕਾਰਾਂ ਸਬੰਧੀ ਵਕੀਲ ਅਤੇ ਕਿਸਾਨਾਂ ਵੱਲੋਂ ਬਣਾਈ ਵਕੀਲਾਂ ਦੀ ਕਮੇਟੀ ਦੇ ਮੈਂਬਰ ਐਡਵੋਕੇਟ ਨਵਕਿਰਨ ਸਿੰਘ ਨੇ ਆਖਿਆ ਕਿ ਵਕੀਲਾਂ ਦੀ ਕਮੇਟੀ ਵੱਲੋਂ ਹਿੰਸਕ ਘਟਨਾਵਾਂ ਸਬੰਧੀ ਸਾਰੇ ਮਾਮਲਿਆਂ ਵਿੱਚ ਸਬੂਤ ਇਕੱਠੇ ਕੀਤੇ ਜਾ ਰਹੇ ਹਨ, ਜਿਨ੍ਹਾਂ ਕੇਸਾਂ ਵਿੱਚ ਪੁਖਤਾ ਸਬੂਤ ਮਿਲੇ ਹਨ, ਉਨ੍ਹਾਂ ਸਬੰਧੀ ਅਦਾਲਤ ਵਿੱਚ ਸਿੱਧੀ ਸ਼ਿਕਾਇਤ ਦਰਜ ਕੀਤੀ ਜਾਵੇਗੀ ਅਤੇ ਜਿਨ੍ਹਾਂ ਮਾਮਲਿਆਂ ਵਿੱਚ ਸਬੂਤਾਂ ਦੀ ਘਾਟ ਹੈ, ਉਨ੍ਹਾਂ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਵਰੀਤ ਸਿੰਘ ਅਤੇ ਰਣਜੀਤ ਸਿੰਘ ਦੇ ਮਾਮਲੇ ਵਿੱਚ ਪੁਖਤਾ ਸਬੂਤ ਮਿਲੇ ਹਨ।
ਨਵਰੀਤ ਸਿੰਘ ਦੀ ਗਰਦਨ ਵਿੱਚ ਗੋਲੀ ਲੱਗੀ ਸੀ, ਜੋ ਦੂਸਰੇ ਪਾਸਿਉਂ ਬਾਹਰ ਨਿਕਲ ਗਈ ਅਤੇ ਉਸ ਦੀ ਮੌਤ ਹੋ ਗਈ।
ਰਣਜੀਤ ਸਿੰਘ ਦੇ ਮਾਮਲੇ ਵਿੱਚ ਵੀ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿੰਘੂ ਬਾਰਡਰ ‘ਤੇ ਬਣਾਏ ਗਏ ਕੈਂਪ ਵਿੱਚ ਲਾਪਤਾ ਵਿਅਕਤੀਆਂ ਦੇ ਪਰਿਵਾਰ ਲਗਾਤਾਰ ਪੁੱਜ ਰਹੇ ਹਨ ਅਤੇ ਇਨ੍ਹਾਂ ਸਾਰੇ ਮਾਮਲਿਆਂ ਵਿੱਚ ਕਾਰਵਾਈ ਜਾਰੀ ਹੈ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …