ਭੁੱਖੇ ਪੇਟ ਰੋਟੀ ਨੂੰ ਤਰਸਦੇ ਲੱਖਾਂ ਹੀ ਅਜਿਹੇ ਬੇਘਰ ਗ਼ਰੀਬ ਹਨ ਜਿਹੜੇ ਖੁੱਲ੍ਹੇ ਅਸਮਾਨ ਥੱਲੇ ਸੜਕਾਂ ‘ਤੇ ਸੌਂ ਕੇ ਸਮਾਂ ਗੁਜ਼ਾਰਦੇ ਹਨ। ਬਿਮਾਰ ਹੋ ਜਾਣ ਦੀ ਸੂਰਤ ਵਿੱਚ ਕੋਈ ਪੈਸਾ ਕੋਲ ਨਾ ਹੋਣ ਕਰਕੇ ਰੋਂਦੇ-ਕੁਰਲਾਂਦੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਜਾਂਦੇ ਹਨ। ਅਜਿਹੀ ਹੀ ਹਾਲਤ ਸੀ ਇਸ ਔਰਤ ਪੂਜਾ ਦੀ ਜੋ ਕਿ ਲੁਧਿਆਣਾ ਸ਼ਹਿਰ ਵਿੱਚ ਢੰਡਾਰੀ ਦੇ ਇਲਾਕੇ ਵਿੱਚ ਸੜਕਾਂ ‘ਤੇ ਸੌਂ ਕੇ ਜ਼ਿੰਦਗੀ ਗੁਜ਼ਾਰਦੀ ਸੀ ਅਤੇ ਭੀਖ ਮੰਗ ਕੇ ਪੇਟ ਭਰਦੀ ਸੀ। ਪਰ ਹਾਲਤ ਉਦੋਂ ਹੋਰ ਜ਼ਿਆਦਾ ਬਦਤਰ ਹੋ ਗਈ ਜਦੋਂ ਪੈਰ ਫਿਸਲ ਜਾਣ ਕਰਕੇ ਇਸ ਦੀ ਖੱਬੀ ਲੱਤ ਟੁੱਟ ਗਈ। ਕਿਸੇ ਟੈਂਪੂ ਵਾਲੇ ਨੇ ਤਰਸ ਖਾ ਕੇ ਇਸ ਨੂੰ ਸਿਵਲ ਹਸਪਤਾਲ ਦੇ ਸਾਹਮਣੇ ਪਾਰਕ ਵਿੱਚ ਛੱਡ ਦਿੱਤਾ। ਉੱਥੇ ਸੇਵਾ ਕਰ ਰਹੇ ਏਕ ਨੂਰ ਸੇਵਾ ਸੰਸਥਾ ਦੇ ਵਲੰਟੀਅਰਾਂ ਨੇ ਇਸ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਅਤੇ ਇਸ ਦੀ ਲੱਤ ਦਾ ਅਪਰੇਸ਼ਨ ਕਰਵਾ ਕੇ ਪਲੱਸਤਰ ਲਗਵਾ ਕੇ ਇਸ ਨੂੰ ਗੁਰੂ ਅਮਰ ਦਾਸ ਅਪਾਹਜ ਆਸ਼ਰਮ, ਸਰਾਭਾ ‘ਚ ਭੇਜ ਦਿੱਤਾ। ਪੂਜਾ ਦੇ ਦੱਸਣ ਮੁਤਾਬਕ ਇਸ ਦਾ ਕੋਈ ਪਰਿਵਾਰ ਨਹੀਂ ਹੈ। ਆਸ਼ਰਮ ਵਿੱਚ ਆ ਕੇ ਇਸਨੂੰ ਨਵਾਂ ਜੀਵਨ ਮਿਲਿਆ ਹੈ। ਹੁਣ ਉਸ ਨੂੰ ਮੰਜਾ ਬਿਸਤਰਾ, ਭੋਜਨ, ਮੈਡੀਕਲ ਸਹਾਇਤਾ ਅਤੇ ਹਰ ਜ਼ਰੂਰੀ ਵਸਤੂ ਮੁਫ਼ਤ ਮਿਲਦੀ ਹੈ। ਆਸ਼ਰਮ ਦੇ ਸੰਸਥਾਪਕ ਡਾ. ਨੌਰੰਗ ਸਿੰਘ ਮਾਂਗਟ ਅਤੇ ਪ੍ਰਧਾਨ ਚਰਨ ਸਿੰਘ ਜੋਧਾਂ ਨੇ ਆਸ ਪ੍ਰਗਟਾਈ ਹੈ ਕਿ ਪਲੱਸਤਰ ਖੁੱਲ੍ਹਣ ਤੋਂ ਬਾਅਦ ਪੂਜਾ ਤੁਰਨ ਫਿਰਨ ਦੇ ਯੋਗ ਹੋ ਜਾਵੇਗੀ। ਉਹਨਾਂ ਨੇ ਦੱਸਿਆ ਕਿ ਇਸ ਆਸ਼ਰਮ ਵਿੱਚ ਡੇਢ ਸੌ ਦੇ ਕਰੀਬ ਅਪਾਹਜ, ਨੇਤਰਹੀਣ, ਦਿਮਾਗੀ ਸੰਤੁਲਨ ਗੁਆ ਚੁੱਕੇ, ਅਧਰੰਗ, ਸ਼ੂਗਰ, ਏਡਜ਼, ਕਾਲਾ ਪੀਲੀਆ, ਟੀ.ਬੀ. ਆਦਿ ਨਾਲ ਪੀੜਤ ਮਰੀਜ਼ ਰਹਿੰਦੇ ਹਨ। ਇਹ ਸਾਰੇ ਹੀ ਲਾਵਾਰਸ, ਬੇਘਰ ਅਤੇ ਬੇਸਹਾਰਾ ਹਨ। ਇਹਨਾਂ ਮਰੀਜ਼ਾਂ ਦੀ ਸੇਵਾ-ਸੰਭਾਲ ਮੁਫ਼ਤ ਕੀਤੀ ਜਾਂਦੀ ਹੈ। ਆਸ਼ਰਮ ਦਾ ਲੱਖਾਂ ਰੁਪਏ ਮਹੀਨੇ ਦਾ ਖ਼ਰਚਾ ਸੰਗਤਾਂ ਦੇ ਸਹਿਯੋਗ ਨਾਲ ਹੀ ਚਲਦਾ ਹੈ।
ਹੋਰ ਜਾਣਕਾਰੀ ਲਈ
ਡਾ. ਮਾਂਗਟ ਦਾ ਸੰਪਰਕ ਹੈ;
ਕੈਨੇਡਾ: 403-401-8787, ਇੰਡੀਆ: 95018-42506
Check Also
ਐਨ ਆਰ ਆਈ ਫੈਮਿਲੀ ਮੈਡੀਕਲ ਕੇਅਰ ਪਲਾਨ
ਅੱਜ ਦੇ ਸਮੇਂ ਵਿਚ ਬਹੁਤ ਸਾਰੇ ਪੰਜਾਬ ਦੇ ਵਸਨੀਕ ਆਪਣੇ ਦੇਸ਼ ਤੋਂ ਬਾਹਰ ਕੰਮ ਕਾਰ …