Breaking News
Home / ਰੈਗੂਲਰ ਕਾਲਮ / ਮੈਂ ਟਰੈਕਟਰ ਬੋਲਦਾਂ

ਮੈਂ ਟਰੈਕਟਰ ਬੋਲਦਾਂ

ਐਡਵੋਕੇਟ ਗਗਨਦੀਪ ਸਿੰਘ ਗੁਰਾਇਆ
ਸਤਿ ਸ੍ਰੀ ਅਕਾਲ ਸਰਦਾਰਾ, ਮੈਂ ਟਰੈਕਟਰ ਬੋਲਦਾਂ। ਤੇਰਾ ਮੂੰਹ ਬੋਲਿਆ ਪੁੱਤ। ਤੇਰੇ ਦੁੱਖ ਸੁੱਖ ਦਾ ਸਾਥੀ। ਆਪਣੇ ਰਿਸ਼ਤੇ ਦੀਆਂ ਬਾਤਾਂ ਤਾਂ ਪੂਰੀ ਦੁਨੀਆਂ ਪਾਉਂਦੀ ਏ। ਆਪਣੇ ਸੰਘਰਸ਼ ਦੀ ਦਾਸਤਾਨ ਬੜੀ ਲੰਮੇਰੀ ਏ। ਮੇਰੇ ਵੱਡੇ-ਵਡੇਰਿਆਂ ਨੇ ਤੇਰੇ ਬਜ਼ੁਰਗਾਂ ਨਾਲ ਸਾਥ ਨਿਭਾਇਆ। ਰੇਤਲੇ ਟਿੱਬੇ ਪੱਧਰੇ ਕਰਕੇ ਵਾਹੀ ਦੇ ਯੋਗ ਬਣਾਏ। ਆਪਾਂ ਦੋਵਾਂ ਨੇ ਰਲ ਕੇ ਧਰਤੀ ਮਾਂ ‘ਚੋਂ ਹੱਡ ਭੰਨ੍ਹਵੀਂ ਮਿਹਨਤ ਕਰਕੇ ਸੋਨਾ ਪੈਦਾ ਕੀਤਾ ਤੇ ਪੂਰੀ ਦੁਨੀਆਂ ਦਾ ਢਿੱਡ ਭਰਿਆ। ਸਰਦਾਰਾ, ਤੂੰ ਆਪਣੇ ਟੱਬਰ ਨੂੰ ਭੁੱਖਾ ਰੱਖ ਕੇ ਲੋਕਾਂ ਦੇ ਪੁੱਤਰ ਰਜਾਏ। ਤੂੰ ਸਰਕਾਰਾਂ ਦਾ ਆਖਾ ਮੰਨ ਕੇ ਯੂ ਪੀ ਤੇ ਗੁਜਰਾਤ ਵਰਗੇ ਸੂਬਿਆਂ ਦੀ ਭੋਇੰ ਜ਼ਰਖੇਜ਼ ਕਰਨ ਵਾਸਤੇ ਮੈਨੂੰ ਨਾਲ ਹੀ ਲੈ ਗਿਆ ਤੇ ਆਪਾਂ ਕੀਤੀ ਵੀ। ਪਰ ਸਰਕਾਰਾਂ ਨੇ ਮਿੱਥ ਕੇ ਸਾਡਾ ਉਜਾੜਾ ਕੀਤਾ। ਦੱਬ ਕੇ ਵਾਹ ਤੇ ਰੱਜ ਕੇ ਖਾਹ ਦੇ ਨਾਅਰੇ ਨੂੰ ਆਪਾਂ ਸੱਚ ਕਰਕੇ ਵਿਖਾਇਆ। ਜਦੋਂ ਜੈ ਜਵਾਨ ਤੇ ਜੈ ਕਿਸਾਨ ਦਾ ਨਾਅਰਾ ਦਿੱਤਾ ਤਾਂ ਮੇਰਾ ਚਾਅ ਸੰਭਾਲਿਆ ਨਹੀਂ ਸੀ ਜਾਂਦਾ। ਖੇਤਾਂ ਦੇ ਵਿੱਚ ਮਿੱਟੀ ਨਾਲ ਮਿੱਟੀ ਹੋਇਆ, ਕੱਦੂ ਕਰਦਿਆਂ ਆਪਣੇ ਕੋਲੋਂ ਇੱਕ ਦੂਜੇ ਦੇ ਚਿਹਰੇ ਨਹੀਂ ਸੀ ਪਛਾਣੇ ਜਾਂਦੇ। ਮੈਨੂੰ ਸ਼ਿੰਗਾਰ ਕੇ ਜਦੋਂ ਤੂੰ ਮੱਸਿਆ, ਸੰਗਰਾਂਦੇਂ, ਗੁਰਧਾਮਾਂ ਦੀ ਯਾਤਰਾ ਜਾਂ ਮੇਲਿਆਂ ‘ਤੇ ਲੈ ਕੇ ਜਾਂਦਾ ਸੈਂ ਤਾਂ ਲੋਕੀਂ ਖਲੋ-ਖਲੋ ਕੇ ਵਹਿੰਦੇ ਸਨ। ਮੇਰੇ ਪੱਲੇ ਨਾਲ ਬੱਧੀ ਟਰਾਲੀ ਨਾਲ ਤਾਂ ਜਿਵੇਂ ਸਾਡਾ ਮੀਆਂ-ਬੀਵੀ ਵਾਲਾ ਰਿਸ਼ਤਾ ਹੋਵੇ। ਉਸ ਦੇ ਮੇਰੇ ਨਾਲ ਪੱਕੇ ਲੇਖ ਧੁਰ ਤੋਂ ਹੀ ਲਿਖੇ ਗਏ। ਵਿਚਾਰੀ ਕਰਮਾਂਵਾਲੀ ਨੇ ਜਿਵੇਂ ਸਾਰੀ ਉਮਰ ਮੇਰੇ ਨਾਲ ਨਿਭਾਉਣ ਦੀਆਂ ਕਸਮਾਂ ਖਾਧੀਆਂ ਹੋਣ। ਸਾਰੀ ਸੰਗਤ ਨੂੰ ਆਪਣੇ ਵਿੱਚ ਬਿਠਾ ਕੇ ਰਤਾ ਵੀ ਮਾਣ ਨ੍ਹੀਂ ਕੀਤਾ ਜਿਊਣ ਜੋਗੀ ਨੇ। ਕਦੇ ਉਹਦੇ ਵਿਚ ਫ਼ਸਲ ਲੱਦੀ, ਕਦੇ ਖਾਦ ਤੇ ਕਦੇ ਰੂੜੀ। ਪਰ ਉਹ ਨਾ ਕਦੇ ਅੱਕੀ, ਨਾ ਥੱਕੀ। ਸੰਗਤਾਂ ਲਈ ਤਾਂ ਉਹ ਦੂਜਾ ਘਰ ਹੀ ਬਣ ਜਾਂਦੀ। ਮੇਲਿਆਂ ਦਾ ਘੰਟਿਆਂ ਬੱਧੀ ਸਫਰ ਵੀ ਮਹਿਸੂਸ ਨਹੀਂ ਹੋਇਆ। ਕਾਰਲ ਮਾਰਕਸ ਨੇ ਆਖਿਆ ਸੀ ਕਿ ਟਰੈਕਟਰਾਂ ਦੇ ਪਿੱਛੇ ਜਦੋਂ ਟਰਾਲੀਆਂ ਦਾ ਕਾਫ਼ਲਾ ਤੁਰਦਾ ਹੈ ਤਾਂ ਉਹ ਇੱਕ ਫੌਲਾਦੀ ਤਾਕਤ ਬਣ ਜਾਂਦੀ ਹੈ। ਜਦੋਂ ਮੇਰੀ ਹਿੱਕ ‘ਤੇ ਢਾਡੀਆਂ ਦੀਆਂ ਬੀਰ ਰਸੀ ਵਾਰਾਂ ਤੇ ਚੜ੍ਹਦੀਕਲਾ ਦੇ ਗੀਤ ਗੂੰਜਦੇ ਤਾਂ ਚੁਫੇਰੇ ਦਾ ਮਾਹੌਲ ਵੀ ਅਣਖੀ ਹੋ ਜਾਂਦਾ। ਕਦੇ ਪੈਲੀ ਵਾਹੁਣ ਲੱਗਿਆਂ ਤੇਰੀ ਹੇਕ ਨਾਲ ਮੇਰੇ ਡੈੱਕ ਤੇ ਵੱਜਦੇ ਕਿੱਸੇ ਤੇ ਕਲੀਆਂ ਇਕਸੁਰ ਹੋਣੇ ਤਾਂ ਫਿਜ਼ਾ ਵਿੱਚ ਮਾਨੋ ਸ਼ਹਿਦ ਹੀ ਘੁਲ ਜਾਣਾ। ਖੇਤੀ ਦੇ ਸੰਦਾਂ ਨਾਲ ਮੇਰਾ ਰਿਸ਼ਤਾ, ਜਿਵੇਂ ਵੱਡੇ ਲਾਣੇ ਵਾਲੇ ਲੰਬੜਦਾਰ ਦਾ ਆਪਣੇ ਟੱਬਰ ਦੇ ਜੀਆਂ ਨਾਲ। ਮੈਨੂੰ ਅੱਜ ਵੀ ਯਾਦ ਆਉਂਦੈ ਪਿੰਡ ਦੀ ਕਿਸੇ ਧੀ ਧਿਆਣੀ ਦੇ ਵਿਆਹ ‘ਤੇ ਟਰਾਲੀ ਵਿੱਚ ਪਿੰਡੋਂ ਮੰਜੇ-ਬਿਸਤਰੇ ਇਕੱਠੇ ਕਰਨੇ, ਸ਼ਹਿਰੋਂ ਹਲਵਾਈ ਜਾਂ ਸ਼ਾਮਿਆਨੇ ਲੱਦ ਕੇ ਲਿਆਉਣੇ। ਪੇਂਡੂ ਖੇਡ ਮੇਲਿਆਂ ਵਿੱਚ ਤਵੀਆਂ ਦੇ ਮੁਕਾਬਲੇ ਜਾਂ ਟਰਾਲੀਆਂ ਨੂੰ ਬੈਕ ਲਾਉਣ ਦੇ ਮੁਕਾਬਲੇ। ਪੈਲੀ ਤੋਂ ਮੰਡੀ ਫ਼ਸਲ ਲੈ ਕੇ ਜਾਣ ਦੀ ਟੌਹਰ ਹੀ ਵੱਖਰੀ ਹੁੰਦੀ ਸੀ। ਧਨੀ ਰਾਮ ਚਾਤ੍ਰਿਕ ਨੇ ਇਸ ਟੌਹਰ ਨੂੰ ਵੇਖ ਕੇ ਹੀ ਗੀਤ ਲਿਖਿਆ ਸੀ ‘ਮਾਰਦਾ ਦਮਾਮੇ ਜੱਟ ਮੇਲੇ ਆ ਗਿਆ’।
ਪਰ ਸਰਦਾਰਾ, ਮਿੱਟੀ ਨਾਲ ਮਿੱਟੀ ਹੋ ਕੇ ਪਾਲ਼ੇ ਤੇਰੇ ਧੀਆਂ ਪੁੱਤਰਾਂ ਦੀ ਕਿਸੇ ਬਾਤ ਨਾ ਪੁੱਛੀ। ਦੁਖੀ ਹੋ ਕੇ ਉਨ੍ਹਾਂ ਨੂੰ ਵਿਦੇਸ਼ਾਂ ਦਾ ਰਾਹ ਫੜਨਾ ਪਿਆ। ਸਰਦਾਰਾ, ਅੱਜ ਮੇਰੇ ਤੋਂ ਤੇਰਾ ਦੁੱਖ ਜਰਿਆ ਨਹੀਂ ਜਾਂਦਾ। ਸੱਚ ਜਾਣੀ, ਮੈਂ ਤੇਰੇ ਅੱਖ ਚੋਂ ਹੰਝੂ ਨਹੀਂ ਵੇਖ ਸਕਦਾ। ਮੈਂ ਤੇਰੇ ਤੋਂ ਬਿਨਾਂ ਅਧੂਰਾ ਹਾਂ। ਅੱਜ ਗੁਰਾਂ ਦੇ ਨਾਂ ‘ਤੇ ਵੱਸਦੇ ਪੰਜਾਬ ਨੂੰ ਉਜਾੜਨ ਲਈ ਹਰ ਸਰਕਾਰ ਦਾ ਜ਼ੋਰ ਲੱਗਾ ਹੋਇਆ। ਪੰਜਾਬ ਦੇ ਵਸਦਿਆਂ ਨੂੰ ਨਿੱਤ ਮੁਹਿੰਮਾਂ ਨੇ। ਪਰ ਇਹ ਮੁਹਿੰਮ ਤੇਰੀ ਤੇ ਪੰਜਾਬ ਦੀ ਹੋਂਦ ਦੀ ਐ। ਤੂੰ ਪ੍ਰਵਾਹ ਨਾ ਕਰੀਂ ਹਰ ਲੜਾਈ ਵਿੱਚ ਜੇਤੂ ਹਮੇਸ਼ਾਂ ਪੰਜਾਬ ਸਿਹੁੰ ਹੀ ਰਿਹਾ। ਕਿਸਾਨੀ ਗੁਰੂ ਨਾਨਕ ਸਾਹਿਬ ਦੀ ਵਿਰਾਸਤ ਐ ਤੇ ਬਾਬਾ ਇਹਦੀ ਲਾਜ ਆਪੇ ਰੱਖੂ। ਤੂੰ ਮੈਂ ਤਾਂ ਬੱਸ ਹੀਲਾ ਵਸੀਲਾ ਹੀ ਹਾਂ। ਪਰ ਇੱਕ ਗੱਲ ਏ ਜਿਨ੍ਹਾਂ ਦੀਆਂ ਜੜ੍ਹਾਂ ਪਤਾਲ ਵਿਚ ਲੱਗੀਆਂ ਹੋਣ, ਉਹ ਮਾੜੀਆਂ ਮੋਟੀਆਂ ਹਨ੍ਹੇਰੀਆਂ ਤੋਂ ਨਹੀਂ ਡਰਦੇ। ਜਿਨ੍ਹਾਂ ਨੇ ਬ੍ਰਹਿਮੰਡ ‘ਤੇ ਰਾਜ ਕਰਨੈ, ਉਹ ਜ਼ਮੀਨਾਂ ਦੀ ਵੀ ਪ੍ਰਵਾਹ ਨਹੀਂ ਕਰਦੇ। ਤੂੰ ਤਾਂ ਕੱਲਾ ਹੀ ਸਵਾ ਲੱਖ ਹੈਂ। ਚੇਤੇ ਕਰ ਆਪਣਾ ਪੰਜ ਸੌ ਵਰ੍ਹਿਆਂ ਦਾ ਇਤਿਹਾਸ। ਬਾਬਾ ਬੰਦਾ ਸਿੰਘ ਬਹਾਦਰ ਦਾ ਮੁਜ਼ਾਹਰਿਆਂ ਨੂੰ ਮਾਲਕ ਬਣਾਉਣਾ, ਗੁਰੂ ਨਾਨਕ ਸਾਹਿਬ ਦਾ ਬਾਬਰ ਨੂੰ ਜਾਬਰ ਕਹਿ ਕੇ ਵੰਗਾਰਨਾ, ਗੁਰੂ ਅਰਜਨ ਸਾਹਿਬ ਤੇ ਗੁਰੂ ਤੇਗ ਬਹਾਦਰ ਜੀ ਵੱਲੋਂ ਜਬਰ ਤੇ ਜ਼ੁਲਮ ਦਾ ਸਬਰ ਨਾਲ ਮੁਕਾਬਲਾ, ਗੁਰੂ ਹਰਗੋਬਿੰਦ ਸਾਹਿਬ ਵੱਲੋਂ ਮੀਰੀ ਪੀਰੀ ਪਹਿਨ ਕੇ ਅਕਾਲ ਤਖ਼ਤ ਤੋਂ ਦਿੱਲੀ ਦੇ ਤਖ਼ਤ ਨੂੰ ਦਿੱਤੀ ਹੋਈ ਵੰਗਾਰ, ‘ਹਮ ਰਾਖ਼ਤ ਪਾਤਸ਼ਾਹੀ ਦਾਅਵਾ’ ਤੇ ‘ਇਹੁ ਹੋਆ ਹਲੀਮੀ ਰਾਜ ਜੀਓ’ ਦਾ ਸੰਕਲਪ। ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਨਿਰਾਲਾ ਖ਼ਾਲਸਾ ਪੰਥ ਸਾਜ ਕੇ ਕਿਲਿਆਂ ਦਾ ਨਿਰਮਾਣ ਤੇ ਬੰਦੇ ਨੂੰ ਥਾਪੜਾ ਦੇ ਕੇ ਨਗਾਰਾ ਤੀਰ ਤੇ ਨਿਸ਼ਾਨ ਨਾਲ ਨਿਵਾਜ ਕੇ ਪੰਜਾਬ ਵੱਲ ਤੋਰਨਾ ਤੇ ਆਜ਼ਾਦ ਸਿੱਖ ਰਾਜ ਸਥਾਪਿਤ ਕਰਨਾ। ਬਾਬਾ ਬਘੇਲ ਸਿੰਘ ਸਰਦਾਰ ਜੱਸਾ ਸਿੰਘ ਤੇ ਹੋਰ ਕੌਮੀ ਮਰਜੀਵੜਿਆਂ ਵੱਲੋਂ ਦਿੱਲੀ ਫ਼ਤਿਹ ਕਰਨਾ। ਗਜ਼ਨੀ ਦੇ ਬਾਜ਼ਾਰ ਚੋਂ ਇਨ੍ਹਾਂ ਦੀਆਂ ਇੱਜ਼ਤਾਂ ਬਚਾਉਣੀਆਂ। ਸ਼ੇਰੇ ਪੰਜਾਬ ਦਾ ਦੁਨੀਆਂ ਦੇ ਨਕਸ਼ੇ ਤੇ ਨਿਵੇਕਲੀ ਮਿਸਾਲ ‘ਸਰਕਾਰੇ ਖ਼ਾਲਸਾ’ ਦੇ ਰੂਪ ਵਿਚ ਸਿੱਖ ਰਾਜ ਦੀ ਸਥਾਪਤੀ। ਸਰਕਾਰਾਂ ਦੀਆਂ ਕੋਝੀਆਂ ਚਾਲਾਂ ਵੱਲੋਂ ਆਜ਼ਾਦੀ ਦੇ ਨਾਂ ‘ਤੇ ਮਹਾਂ ਪੰਜਾਬ ਦੀ ਵੰਡ ਤੇ ਮਗਰੋਂ ਸਾਂਝੇ ਪੰਜਾਬ ਦਾ ਟੁਕੜੇ ਟੁਕੜੇ ਕਰਨਾ। ਕਦੇ ਧਰਮ ਯੁੱਧ ਮੋਰਚਾ, ਕਦੇ ਬੋਲੀ ਦੀ ਲੜਾਈ, ਕਦੇ ਪਾਣੀਆਂ ਦਾ ਮਸਲਾ ਤੇ ਹੁਣ ਆਹ ਆਪਣੀਆਂ ਜ਼ਮੀਨਾਂ ਨੂੰ ਖੋਹਣ ਦੀ ਤਿਆਰੀ। ਤੇਰਾ ਇਤਿਹਾਸ ਪੈਰ ਪੈਰ ‘ਤੇ ਤੇਰੀ ਅਗਵਾਈ ਕਰਦੈ। ਕਿਸੇ ਸਿਆਣੇ ਮਹਾਂਪੁਰਖ ਦੇ ਬੋਲ ਸਨ ਕਿ ‘ਸਰੀਰ ਦਾ ਮਰ ਜਾਣਾ ਮੌਤ ਨਹੀਂ ਹੁੰਦਾ, ਜ਼ਮੀਰ ਦਾ ਮਰ ਜਾਣਾ ਹੀ ਅਸਲ ਚ ਮੌਤ ਹੁੰਦੈ’। ਤੇ ਤੂੰ ਤਾਂ ਜੱਗ ਤੇ ਜਾਣਿਆ ਹੀ ਜ਼ਮੀਰ ਕਰਕੇ ਜਾਂਦੈ। ਕਿਉਂਕਿ ਹੁਣ ਸਵਾਲ ਫ਼ਸਲਾਂ ਦਾ ਨਹੀਂ, ਆਉਣ ਵਾਲੀਆਂ ਨਸਲਾਂ ਦਾ ਏ। ਕਣਕਾਂ ਦਾ ਨਹੀਂ ਅਣਖਾਂਦਾ ਏ। ਕਦੇ ਤੇਰੇ ਵੱਡਿਆਂ ਨੇ ‘ਪਗੜੀ ਸੰਭਾਲ ਜੱਟਾ’ ਲਹਿਰ ਚਲਾਈ ਸੀ ਤੇ ਇਹ ਕਿਸਾਨ ਮੋਰਚਾ ਵੀ ਸਦੀ ਦੇ ਮਹਾਂ ਅੰਦੋਲਨ ਦੇ ਰੂਪ ਵਿੱਚ ਜਾਣਿਆ ਜਾਵੇਗਾ। ਮੈਂ ਤੇ ਮੇਰੇ ਲੱਖਾਂ ਭਰਾਵਾਂ ਨੇ ਦਿੱਲੀ ਨੂੰ ਘੇਰਾ ਪਾਇਆ ਹੋਇਆ ਤੇ ਏਨੇ ਟਰੈਕਟਰ ਟਰਾਲੀਆਂ ਦੇ ਮੂੰਹ ਮੋੜਨੇ ਦਿੱਲੀ ਦੇ ਵੱਸੋਂ ਬਾਹਰ ਦੀਆਂ ਬਾਤਾਂ ਨੇ। ਸੱਚ ਜਾਣੀ, ਜਦੋਂ ਤੂੰ ਸ਼ੰਭੂ ਦੇ ਬਾਰਡਰ ‘ਤੇ ਮੇਰੇ ਬੰਪਰਾਂ ਨਾਲ ਵੱਡੇ-ਵੱਡੇ ਬੈਰੀਕੇਡਾਂ ਨੂੰ ਟੱਕਰ ਮਾਰ ਕੇ ਢਹਿ ਢੇਰੀ ਕਰਦਾ ਸੈਂ ਤਾਂ ਮੈਨੂੰ ਭੋਰਾ ਵੀ ਦੁੱਖ ਨਹੀਂ ਲੱਗਾ। ਭਾਵੇਂ ਕਿ ਮੇਰੇ ਮੱਥੇ ਤੇ ਕਿੰਨੇ ਹੀ ਚਿੱਬ ਪੈ ਗਏ ਸਨ। ਪਾਣੀ ਦੀਆਂ ਬੁਛਾਰਾਂ, ਮਿੱਟੀ ਦੇ ਭਰੇ ਟਰਾਲੇ, ਅੱਥਰੂ ਗੈਸ ਦੇ ਗੋਲੇ ਤੇ ਪੁੱਟੇ ਹੋਏ ਰਸਤੇ ਸਾਡਾ ਰਾਹ ਨਹੀਂ ਰੋਕ ਸਕੇ ਤੇ ਵੇਖ ਲੈ ਅੱਜ ਆਪਾਂ ਦਿੱਲੀ ਘੇਰੀ ਹੋਈ ਐ।
ਸੱਚ ਜਾਣੀ ਸਰਦਾਰਾ, ਮੈਨੂੰ ਉਦੋਂ ਬੜਾ ਦੁੱਖ ਲੱਗਦਾ ਜਦ ਤੂੰ ਹਾਲਾਤਾਂ ਤੋਂ ਤੰਗ ਹੋ ਕੇ ਸਪਰੇਅ ਪੀ ਕੇ ਜਾਂ ਆਪਣੀ ਖੂਹ ਵਾਲੀ ਟਾਹਲੀ ਨਾਲ ਗਲ ਪਰਨਾ ਪਾ ਕੇ ਖੁਦਕੁਸ਼ੀ ਕਰਨ ਦੀ ਸੋਚਦਾਂ ਤਾਂ ਮੇਰਾ ਜਿਵੇਂ ਗੱਚ ਹੀ ਭਰ ਆਉਂਦਾ। ਸੱਜਣਾ, ਆਪਾਂ ਤਾਂ ਰੁੱਖੀ ਸੁੱਕੀ ਖਾ ਕੇ ਜੈਕਾਰੇ ਛੱਡਣ ਵਾਲੀ ਕੌਮ ਹਾਂ। ਇਹ ਸਰਕਾਰਾਂ ਤੈਨੂੰ ਕਦੇ ਅਤਿਵਾਦੀ, ਵੱਖਵਾਦੀ ਤੇ ਕਦੇ ਨਕਸਲਾਈਟ ਦੱਸਦੀਆਂ ਨੇ ਪਰ ਤੇਰੀ ਸੇਵਾ ਨੇ ਦੁਨੀਆਂ ਨੂੰ ਦੱਸ ਦਿੱਤਾ ਕਿ ਤੂੰ ਤਾਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ। ਆਹ ਵੇਖ, ਬਾਰਡਰਾਂ ਤੇ ਕਿਵੇਂ ਆਪਣੇ ਰਾਜ ‘ਬੇਗ਼ਮਪੁਰੇ’ ਦਾ ਝਲਕਾਰਾ ਪੈਂਦਾ ਆ। ਜਦੋਂ ਨੌਜਵਾਨ ਮੇਰੀ ਛਾਤੀ ਤੇ ਖਲੋ ਕੇ ਇਨਕਲਾਬੀ ਗੀਤਾਂ ਨਾਲ ਚੌਗਿਰਦੇ ‘ਚ ਜੋਸ਼ ਭਰ ਰਹੇ ਹੁੰਦੇ ਨੇ ਤਾਂ ਮੈਨੂੰ ਜਿਵੇਂ ਸਰੂਰ ਜਿਹਾ ਆ ਜਾਂਦਾ ਤੇ ਦੁਸ਼ਮਣ ਤੇ ਧਾਵਾ ਬੋਲਣ ਨੂੰ ਮਨ ਕਰਨ ਲੱਗ ਪੈਂਦੈ। ਇੱਥੇ ਸੱਚੇ ਪਾਤਸ਼ਾਹ ਦੀ ਕਲਾ ਵਰਤ ਰਹੀ ਹੈ। ਸਾਡੇ ਪਿੱਛੇ ਬੰਨ੍ਹੀਆਂ ਟਰਾਲੀਆਂ ‘ਚ ਕਿਤੇ ਆਸਾ ਦੀ ਵਾਰ, ਨਿਤਨੇਮ ਹੋ ਰਿਹੈ ਤੇ ਕਿਤੇ ਬੜੀ ਸੰਜੀਦਗੀ ਨਾਲ ਮਹਿਫ਼ਲਾਂ ‘ਚ ਚੰਗੇਰੇ ਭਵਿੱਖ ਦੀ ਚਰਚਾ ਹੋ ਰਹੀ ਹੁੰਦੀ ਏ। ਭਾਈ ਘਨੱਈਆ ਦੇ ਵਾਰਸ ਹਰ ਕਿਸੇ ਨੂੰ ਲੰਗਰ ਛਕਾ ਰਹੇ ਨੇ। ਜਦੋਂ ਸਾਰਾ ਦਿਨ ਥੱਕ ਟੁੱਟ ਕੇ ਉਹ ਟਰਾਲੀਆਂ ‘ਚ ਠੰਢੀਆਂ ਸੀਤ ਰਾਤਾਂ ‘ਚ ਆਰਾਮ ਕਰ ਰਹੇ ਹੁੰਦੇ ਨੇ ਤਾਂ ਪਹਿਰੇਦਾਰੀ ਕਰਦਿਆਂ ਮੇਰਾ ਇੰਨਾ ਪਾਕਿ ਰੂਹਾਂ ‘ਤੇ ਕੁਰਬਾਨ ਹੋਣ ਨੂੰ ਦਿਲ ਕਰ ਆਉਂਦਾ। ਟਰਾਲੀਆਂ ‘ਚ ਸੁੱਤੇ ਇਹ ਕਿਸੇ ਮਹਾਂਪੁਰਸ਼ ਅਵਤਾਰਾਂ ਤੋਂ ਘੱਟ ਨਹੀਂ ਲੱਗਦੇ। ਇਹ ਹੱਕ ਸੱਚ ਦੇ ਮੁਜੱਸਮੇ, ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲੇ ਸਤਯੁਗੀ ਸੰਤ। ਯਾਦ ਰੱਖੀਂ ਇਹ ਲੜਾਈ ਹੱਕ ਸੱਚ ਦੀ ਹੈ ਤੇ ਆਪਾਂ ਇਹ ਹਰ ਹਾਲਾਤਾਂ ਵਿੱਚ ਜਿੱਤਣੀ ਹੈ। ਹੁਣ ਵੇਲਾ ਜੂਝਣ ਦਾ ਏ। ਸਿਦਕੋਂ ਨਹੀਂ ਡੋਲ੍ਹਣਾ। ਬਸ ਆਪਣੀ ਸੁਰਤ ਸਰਹਿੰਦ ਦੇ ਠੰਢੇ ਬੁਰਜ ਵਿੱਚ ਟਿਕਾ ਕੇ ਰੱਖੀਂ। ਜ਼ੁਲਮ ਦੀ ਕਾਲੀ ਬੋਲੀ ਰਾਤ ਨੂੰ ਚੀਰ ਕੇ ਨਵੀਂ ਸਵੇਰ ਦੇ ਸੱਚ ਦਾ ਸੂਰਜ ਤੇਰੇ ਬਰੂਹਾਂ ‘ਤੇ ਦਸਤਕ ਦੇਣ ਨੂੰ ਤਿਆਰ ਖਲੋਤੈ। ਬਾਬਾ ਬਘੇਲ ਸਿੰਘ ਵਾਂਗੂੰ ਜੰਗ ਜਿੱਤ ਕੇ ਆਪਾਂ ਖ਼ੁਸ਼ੀ ਦੇ ਜਸ਼ਨ ਮਨਾਉਂਦਿਆਂ ਜੇਤੂ ਜਲੂਸ ਦੇ ਰੂਪ ਵਿੱਚ ਦਿੱਲੀ ਤੋਂ ਪੰਜਾਬ ਨੂੰ ਕੂਚ ਕਰਨੈ। ਕੂੜ ਨਿਖੁਟੇ ਨਾਨਕਾ ਓੜਕ ਸੱਚ ਰਹੀ ਦਾ ਹੋਕਾ ਪੂਰੀ ਦੁਨੀਆਂ ‘ਚ ਬੁਲੰਦ ਕਰਨੈ। ਸਰਦਾਰਾ, ਹੌਸਲਾ ਰੱਖ। ਭਵਿੱਖ ਬੜਾ ਹੀ ਰੌਸ਼ਨ ਐ ਤੇਰਾ। ਗੁਰੂ ਨਾਨਕ ਸਾਹਿਬ ਦੇ ਫ਼ਲਸਫ਼ੇ ਨੇ ਪੂਰੀ ਦੁਨੀਆਂ ਦੀ ਅਗਵਾਈ ਕਰਨੀ ਏ। ‘ਨਿਸਚੈ ਕਰ ਆਪਨੀ ਜੀਤ ਕਰੋਂ’ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਚੜ੍ਹਦੀ ਕਲਾ ਦੇ ਜੈਕਾਰੇ ਲਾਉਣੇ ਨੇ।
ੲੲੲ

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …