Breaking News
Home / ਪੰਜਾਬ / ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ‘ਚ ਸੁਮੇਧ ਸੈਣੀ ਤੇ ਉਮਰਾਨੰਗਲ ਵੀ ਨਾਮਜ਼ਦ

ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ‘ਚ ਸੁਮੇਧ ਸੈਣੀ ਤੇ ਉਮਰਾਨੰਗਲ ਵੀ ਨਾਮਜ਼ਦ

ਸੁਮੇਧ ਸੈਣੀ ਐਸ.ਆਈ.ਟੀ. ਸਾਹਮਣੇ ਹੋਇਆ ਪੇਸ਼
ਫ਼ਰੀਦਕੋਟ/ਬਿਊਰੋ ਨਿਊਜ਼ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ 14 ਅਕਤੂਬਰ 2015 ਨੂੰ ਵਾਪਰੇ ਬਹਿਬਲ ਗੋਲੀ ਕਾਂਡ ਮਾਮਲੇ ਵਿਚ ਵਿਸ਼ੇਸ਼ ਜਾਂਚ ਟੀਮ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਤੇ ਮੁਅੱਤਲੀ ਅਧੀਨ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਮੁਲਜ਼ਮ ਵਜੋਂ ਨਾਮਜ਼ਦ ਕਰ ਲਿਆ ਹੈ। ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸ਼ਰਮਾ, ਐੱਸਪੀ ਬਿਕਰਮ ਸਿੰਘ, ਇੰਸਪੈਕਟਰ ਪ੍ਰਦੀਪ ਸਿੰਘ, ਥਾਣਾ ਬਾਜਾਖਾਨਾ ਦੇ ਸਾਬਕਾ ਐੱਸਐੱਚਓ ਅਮਰਜੀਤ ਸਿੰਘ ਕੁਲਾਰ, ਕਾਰੋਬਾਰੀ ਪੰਕਜ ਬਾਂਸਲ ਤੇ ਸੁਹੇਲ ਸਿੰਘ ਬਰਾੜ ਮੁਲਜ਼ਮ ਵਜੋਂ ਨਾਮਜ਼ਦ ਹੋ ਚੁੱਕੇ ਹਨ। ਸੂਤਰਾਂ ਅਨੁਸਾਰ ਵਿਸ਼ੇਸ਼ ਜਾਂਚ ਟੀਮ ਵੱਲੋਂ ਕੀਤੀ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਆਈਜੀ ਪਰਮਰਾਜ ਸਿੰਘ ਉਮਰਾਨੰਗਲ 14 ਅਕਤੂਬਰ 2015 ਸਵੇਰੇ ਬਹਿਬਲ ਕਲਾਂ ਵਿੱਚ ਗਿਆ ਸੀ, ਜਿੱਥੇ ਸਿੱਖ ਸੰਗਤਾਂ ਬੇਅਦਬੀ ਖ਼ਿਲਾਫ਼ ਸ਼ਾਂਤਮਈ ਧਰਨੇ ‘ਤੇ ਬੈਠੀਆਂ ਸਨ। ਪੜਤਾਲ ਰਿਪੋਰਟ ਅਨੁਸਾਰ ਉਸ ਵੇਲੇ ਦੇ ਡੀਜੀਪੀ ਸੁਮੇਧ ਸੈਣੀ ਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਕਥਿਤ ਤੌਰ ‘ਤੇ ਕੁਝ ਪੁਲਿਸ ਅਧਿਕਾਰੀਆਂ ਤੇ ਸਿਆਸੀ ਆਗੂਆਂ ਨਾਲ ਸਾਜਬਾਜ ਹੋ ਕੇ ਸ਼ਾਂਤਮਈ ਧਰਨੇ ‘ਤੇ ਜਬਰ ਢਾਹੁਣਾ ਸ਼ੁਰੂ ਕਰ ਦਿੱਤਾ। ਇੱਥੇ ਚੱਲੀ ਪੁਲਿਸ ਦੀ ਗੋਲੀ ਨਾਲ ਦੋ ਸਿੱਖ ਨੌਜਵਾਨ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦੀ ਮੌਕੇ ‘ਤੇ ਹੀ ਜਾਨ ਚਲੀ ਗਈ ਸੀ, ਜਦੋਂਕਿ 32 ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ ਸਨ। ਇਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਦੋ ਸਿੱਖ ਨੌਜਵਾਨਾਂ ਦੇ ਕਤਲ ਨੂੰ ਕਥਿਤ ਤੌਰ ‘ਤੇ ਜਾਇਜ਼ ਠਹਿਰਾਉਣ ਲਈ ਧਰਨਾਕਾਰੀਆਂ ‘ਤੇ ਹੀ ਇਰਾਦਾ ਕਤਲ ਤੇ ਪੁਲਿਸ ‘ਤੇ ਹਮਲਾ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕਰ ਦਿੱਤਾ।
ਸੁਮੇਧ ਸੈਣੀ ਐਸ.ਆਈ.ਟੀ. ਸਾਹਮਣੇ ਹੋਇਆ ਪੇਸ਼ : ਮੁਹਾਲੀ/ਬਿਊਰੋ ਨਿਊਜ਼ : ਬਲਵੰਤ ਸਿੰਘ ਮੁਲਤਾਨੀ ਦੇ ਮਾਮਲੇ ਵਿਚ ਨਾਮਜ਼ਦ ਸਾਬਕਾ ਡੀਜੀਪੀ ਸੁਮੇਧ ਸੈਣੀ ਆਖ਼ਰਕਾਰ ਐੱਸਆਈਟੀ (ਸਿੱਟ) ਦੇ ਸਾਹਮਣੇ ਪੇਸ਼ ਹੋ ਹੀ ਗਿਆ। ਸੁਮੇਧ ਸੈਣੀ ਸੋਮਵਾਰ ਨੂੰ ਮੁਹਾਲੀ ਦੇ ਥਾਣਾ ਮਟੌਰ ਵਿਖੇ ਪੁੱਜਾ, ਜਿੱਥੇ ਐੱਸਆਈਟੀ ਦੇ ਮੁਖੀ ਹਰਮਨਦੀਪ ਸਿੰਘ ਹਾਂਸ, ਡੀਐੱਸਪੀ ਬਿਕਰਮਜੀਤ ਸਿੰਘ ਬਰਾੜ, ਡੀਐੱਸਪੀ ਜਸਵਿੰਦਰ ਸਿੰਘ ਟਿਵਾਣਾ ਅਤੇ ਥਾਣਾ ਮਟੌਰ ਦੇ ਮੁਖੀ ਰਾਜੀਵ ਕੁਮਾਰ ਵਲੋਂ ਸੁਮੇਧ ਸੈਣੀ ਤੋਂ 200 ਤੋਂ ਲੈ ਕੇ 250 ਦੇ ਕਰੀਬ ਸਵਾਲ ਪੁੱਛੇ ਗਏ। ਸਿੱਟ ਵਲੋਂ ਸੁਮੇਧ ਸੈਣੀ ਕੋਲੋਂ ਕੀਤੀ ਪੁੱਛਗਿੱਛ ਦੀ ਵੀਡੀਓਗ੍ਰਾਫ਼ੀ ਵੀ ਕੀਤੀ ਗਈ। ਕਰੀਬ 6 ਘੰਟੇ ਚੱਲੀ ਇਸ ਪੁੱਛਗਿੱਛ ਦੌਰਾਨ ਸੁਮੇਧ ਸੈਣੀ ਕੋਲੋਂ ਉਨ੍ਹਾਂ ਸਵਾਲਾਂ ਦੇ ਜਵਾਬ ਪੁੱਛੇ ਗਏ, ਜਿਨ੍ਹਾਂ ਬਾਰੇ 2 ਵਾਅਦਾ ਮੁਆਫ਼ ਗਵਾਹਾਂ ਸਾਬਕਾ ਇੰਸਪੈਕਟਰ ਜਗੀਰ ਸਿੰਘ ਅਤੇ ਥਾਣੇਦਾਰ ਕੁਲਦੀਪ ਸਿੰਘ ਵਲੋਂ ਸਿੱਟੇ ਅੱਗੇ ਖੁਲਾਸੇ ਕੀਤੇ ਗਏ ਸਨ।

Check Also

ਚੋਣਾਂ ਨੇੜੇ ਆਉਂਦੀਆਂ ਦੇਖ ਸਿਆਸੀ ਆਗੂਆਂ ਨੇ ਡੇਰਿਆਂ ਦੇ ਚੱਕਰ ਲਗਾਉਣੇ ਕੀਤੇ ਸ਼ੁਰੂ

ਪ੍ਰਤਾਪ ਬਾਜਵਾ, ਪ੍ਰਨੀਤ ਕੌਰ ਤੇ ਕੁਲਦੀਪ ਧਾਲੀਵਾਲ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ …