
ਭਾਰਤ ਸਰਕਾਰ ਕੋਲੋਂ ਦਖਲ ਦੀ ਕੀਤੀ ਮੰਗ
ਅੰਮ੍ਰਿਤਸਰ/ਬਿਊਰੋ ਨਿਊਜ਼
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇੰਗਲੈਂਡ ਵਿਚ ਸਿੱਖ ਟੈਕਸੀ ਡਰਾਇਵਰ ਵਨੀਤ ਸਿੰਘ ‘ਤੇ ਕੁਝ ਵਿਅਕਤੀਆਂ ਵੱਲੋਂ ਕੀਤੇ ਗਏ ਨਸਲੀ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਹ ਵਿਦੇਸ਼ਾਂ ਵਿਚ ਸਿੱਖਾਂ ‘ਤੇ ਹੁੰਦੇ ਨਫ਼ਰਤੀ ਹਮਲਿਆਂ ਨੂੰ ਰੋਕਣ ਲਈ ਵਿਦੇਸ਼ ਮੰਤਰਾਲੇ ਰਾਹੀਂ ਲੋੜੀਂਦੀ ਕਾਰਵਾਈ ਕਰੇ। ਲੌਂਗੋਵਾਲ ਨੇ ਕਿਹਾ ਕਿ ਯੂ.ਕੇ. ਵਿਚ ਸਿੱਖ ਟੈਕਸੀ ਡਰਾਈਵਰ ਨੂੰ ਜਾਣ ਬੁਝ ਕੇ ਪ੍ਰੇਸ਼ਾਨ ਕਰਨਾ ਅਤੇ ਉਸ ਦੀ ਦਸਤਾਰ ਤੇ ਕੇਸਾਂ ਬਾਰੇ ਅਪਸ਼ਬਦ ਬੋਲਣਾ ਬੇਹੱਦ ਮੰਦਭਾਗਾ ਹੈ। ਅਜਿਹੀਆਂ ਘਟਨਾਵਾਂ ਨਾਲ ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਅੰਦਰ ਡਰ ਦੀ ਭਾਵਨਾ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਦੇਸ਼ਾਂ ਅੰਦਰ ਸਿੱਖਾਂ ਨੂੰ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਹੈ।