Breaking News
Home / ਪੰਜਾਬ / ਪੰਜ ਸਾਲਾਂ ‘ਚ 9 ਲੱਖ ਦਰੱਖ਼ਤਾਂ ‘ਤੇ ਚੱਲਿਆ ਕੁਹਾੜਾ

ਪੰਜ ਸਾਲਾਂ ‘ਚ 9 ਲੱਖ ਦਰੱਖ਼ਤਾਂ ‘ਤੇ ਚੱਲਿਆ ਕੁਹਾੜਾ

TREE-CUTTING copy copyਵਿਕਾਸ ਕਾਰਜਾਂ ਦੇ ਨਾਂ ‘ਤੇ 2011 ਤੋਂ ਬਾਅਦ ਹਰ ਸਾਲ ਕੱਟਦੇ ਨੇ ਦੋ ਲੱਖ ਦਰੱਖਤ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿੱਚ ਪਿਛਲੇ ਪੰਜ ਸਾਲਾਂ ਵਿਚ ਵਿਕਾਸ ਕਾਰਜਾਂ ਨੂੰ ਮੁੱਖ ਰੱਖਦਿਆਂ ਨੌਂ ਲੱਖ ਦਰੱਖ਼ਤਾਂ ‘ਤੇ ਸਰਕਾਰੀ ਕੁਹਾੜਾ ਚੱਲਿਆ ਹੈ। ਇਹ ਦਾਅਵਾ ਪੰਜਾਬ ਦੇ ਜੰਗਲਾਤ ਵਿਭਾਗ ਨੇ ਕੌਮੀ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਕੋਲ ਦਰਜ ਕੀਤੇ ਹਲਫੀਆ ਬਿਆਨ ਵਿੱਚ ਕੀਤਾ ਹੈ। ਇਹ ਅੰਕੜੇ ਪਿਛਲੇ ਪੰਜ ਸਾਲਾਂ 2011-12 ਤੋਂ 2015-16 ਨਾਲ ਸਬੰਧਿਤ ਹਨ। ਸਰਕਾਰ ਨੇ ਇਹ ਹਲਫ਼ਨਾਮਾ ਸੰਗਰੂਰ ਅਧਾਰਿਤ ਡਾਕਟਰ ਅਮਨਦੀਪ ਅਗਰਵਾਲ ਦੀ ਸ਼ਿਕਾਇਤ ‘ਤੇ ਟ੍ਰਿਬਿਊਨਲ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਦਰਜ ਕੀਤੇ ਕੇਸ ਵਿੱਚ ਦਾਇਰ ਕੀਤਾ ਹੈ। ਡਾ. ਅਮਨਦੀਪ ਨੇ ਟ੍ਰਿਬਿਊਨਲ ਕੋਲ ਕੀਤੀ ਸ਼ਿਕਾਇਤ ਵਿੱਚ ਪੰਜਾਬ ਸਰਕਾਰ ਦੇ ਉਸ ਫੈਸਲੇ ‘ਤੇ ਇਤਰਾਜ਼ ਜਤਾਇਆ ਸੀ ਜਿਸ ਵਿੱਚ ਸਰਕਾਰ ਨੇ ਜ਼ੀਰਕਪੁਰ-ਬਠਿੰਡਾ ਹਾਈਵੇਅ (ਕੌਮੀ ਸ਼ਾਹਰਾਹ 64) ਨੂੰ ਚੌੜਾ ਕਰਨ ਲਈ 96,000 ਦਰੱਖ਼ਤਾਂ ‘ਤੇ ਕੁਹਾੜਾ ਚਲਾਉਣ ਦਾ ਫ਼ੈਸਲਾ ਕੀਤਾ ਸੀ।
ਪੰਜਾਬ ਦੇ ਜੰਗਲਾਤ ਹੇਠ ਰਕਬੇ ਨੂੰ ਕੁਲ ਮਿਲਾ ਕੇ ਪੰਜ ਜ਼ੋਨਾਂ ਵਿੱਚ ਵੰਡਿਆ ਗਿਆ ਹੈ ਜਿਸ ਵਿੱਚ ਦੱਖਣੀ ਸਰਕਲ, ਉੱਤਰੀ ਸਰਕਲ, ਸ਼ਿਵਾਲਿਕ ਸਰਕਲ, ਫ਼ਿਰੋਜ਼ਪੁਰ ਸਰਕਲ ਤੇ ਬਿਸਤ ਸਰਕਲ ਸ਼ਾਮਲ ਹਨ। ਟ੍ਰਿਬਿਊਨਲ ਕੋਲ ਦਾਇਰ ਹਲਫ਼ਨਾਮੇ ਮੁਤਾਬਕ ਉਪਰੋਕਤ ਪੰਜਾਂ ਜ਼ੋਨਾਂ ਵਿੱਚੋਂ ਸਭ ਤੋਂ ਦਰੱਖ਼ਤ ਦੱਖਣੀ ਜ਼ੋਨ ਵਿੱਚ ਵੱਢੇ ਗਏ ਹਨ। ਪਿਛਲੇ ਪੰਜ ਸਾਲਾਂ ਵਿੱਚ ਇਸ ਜ਼ੋਨ ਵਿੱਚ 2.48 ਲੱਖ ਦਰੱਖ਼ਤਾਂ ‘ਤੇ ਸਰਕਾਰੀ ਕੁਹਾੜਾ ਚੱਲਿਆ। ਇਸ ਤੋਂ ਬਾਅਦ 2.07 ਲੱਖ ਨਾਲ ਸ਼ਿਵਾਲਿਕ, 1.7 ਲੱਖ ਉੱਤਰੀ ਸਰਕਲ, 1.59 ਲੱਖ ਫ਼ਿਰੋਜ਼ਪੁਰ ਸਰਕਲ ਤੇ 80511 ਦਰੱਖ਼ਤਾਂ ਨਾਲ ਬਿਸਤ ਸਰਕਲ ਦਾ ਨੰਬਰ ਆਉਂਦਾ ਹੈ। ਡਾ. ਅਗਰਵਾਲ ਨੇ ਕਿਹਾ, ‘ਸਰਕਾਰ ਵੱਲੋਂ ਦਾਇਰ ਹਲਫ਼ਨਾਮੇ ਤੋਂ ਸਪਸ਼ਟ ਹੈ ਕਿ ਰਾਜ ਵਿੱਚ ਕਿਸ ਤਰ੍ਹਾਂ ਦਾ ਵਿਕਾਸ ਹੋ ਰਿਹਾ ਹੈ ਤੇ ਕਿਸ ਕੀਮਤ ‘ਤੇ ਹੋ ਰਿਹਾ ਹੈ। 9 ਲੱਖ ਦਰੱਖ਼ਤਾਂ ਨੂੰ ਵੱਢਣਾ ਛੋਟੀ ਮੋਟੀ ਗਿਣਤੀ ਨਹੀਂ ਤੇ ਇਹ ਤਾਂ ਇਕ ਤਰ੍ਹਾਂ ਨਾਲ ਵਾਤਾਵਰਣ ਨੂੰ ਤਹਿਸ-ਨਹਿਸ ਕਰਨ ਦੇ ਤੁਲ ਹੈ।’ ਦਿਲਚਸਪ ਤੱਥ ਇਹ ਹੈ ਕਿ ਲੰਘੀ ਅਪਰੈਲ ਤੋਂ ਹੁਣ ਤਕ ਵਿਕਾਸ ਕਾਰਜਾਂ ਦੇ ਨਾਂ ‘ਤੇ ਪਿਛਲੇ ਤਿੰਨ ਮਹੀਨਿਆਂ ਵਿੱਚ 13,000 ਦਰੱਖ਼ਤਾਂ ਨੂੰ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ ਤੇ ਇਹ ਅਮਲ ਰਾਜ ਦੇ ਹੋਰਨਾਂ ਹਿੱਸਾ ਵਿੱਚ ਬੇਰੋਕ ਜਾਰੀ ਹੈ। ਜੰਗਲਾਂ ਦੀ ਸਾਂਭ ਸੰਭਾਲ ਬਾਰੇ ਪ੍ਰਿੰਸੀਪਲ ਚੀਫ ਕੰਜ਼ਰਵੇਟਰ ਕੁਲਦੀਪ ਕੁਮਾਰ ਦਾ ਪੱਖ ਜਾਣਨ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਮੀਟਿੰਗ ਵਿੱਚ ਰੁੱਝੇ ਹੋਣ ਦੀ ਗੱਲ ਕਹਿ ਕੇ ਟਾਲ ਦਿੱਤਾ।
ਯਾਦ ਰਹੇ ਕਿ ਇਸ ਸਾਲ ਮਈ ਵਿੱਚ ਕੌਮੀ ਗ੍ਰੀਨ ਟ੍ਰਿਬਿਊਨਲ ਨੇ ਦਰੱਖ਼ਤਾਂ ਦੀ ਕਟਾਈ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਸਨ।

Check Also

ਸੁਮੇਧ ਸੈਣੀ ਖ਼ਿਲਾਫ਼ ਗਵਾਹੀ ਦੇਣਗੇ ਤਿੰਨ ਸਾਬਕਾ ਇੰਸਪੈਕਟਰ

ਮੁਹਾਲੀ/ਬਿਊਰੋ ਨਿਊਜ਼ ਸਿਟਕੋ ਦੇ ਜੂਨੀਅਰ ਇੰਜਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ …