Breaking News
Home / ਪੰਜਾਬ / ਪੰਜਾਬ ਪੁਲਿਸ ਦੇ ਸਾਰੇ ਅਧਿਕਾਰੀ ਤੇ ਜਵਾਨ ਬਣੇ ‘ਹਰਜੀਤ ਸਿੰਘ’

ਪੰਜਾਬ ਪੁਲਿਸ ਦੇ ਸਾਰੇ ਅਧਿਕਾਰੀ ਤੇ ਜਵਾਨ ਬਣੇ ‘ਹਰਜੀਤ ਸਿੰਘ’

ਪਟਿਆਲਾ ਵਿਖੇ ਵਾਪਰੀ ਘਟਨਾ ਦੌਰਾਨ ਏਐਸਆਈ ਹਰਜੀਤ ਸਿੰਘ ਦਾ ਕੱਟਿਆ ਗਿਆ ਸੀ ਹੱਥ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਪੁਲਿਸ ਦੇ ਹਰ ਜਵਾਨ ਨੇ ਲੰਘੇ ਸੋਮਵਾਰ ਨੂੰ ‘ਮੈਂ ਵੀ ਹਾਂ ਹਰਜੀਤ ਸਿੰਘ’ ਦਾ ਨਾਅਰਾ ਲਗਾਇਆ। ਲੰਘੇ ਸੋਮਵਾਰ ਨੂੰ 80 ਹਜ਼ਾਰ ਪੁਲਿਸ ਮਲਾਜ਼ਮਾਂ ਦੇ ਸੀਨੇ ‘ਤੇ ਇਕ ਹੀ ਨਾਮ ‘ਹਰਜੀਤ ਸਿੰਘ’ ਦਾ ਬੈਜ ਦਿਖਿਆ। ਪੰਜਾਬ ਪੁਲਿਸ ਦਾ ਹਰ ਜਵਾਨ ਏਐਸਆਈ ਹਰਜੀਤ ਸਿੰਘ ਦੀ ਬਹਾਦਰੀ ਨੂੰ ਅਨੋਖੇ ਢੰਗ ਨਾਲ ਸਲਾਮ ਕਰ ਰਿਹਾ ਹੈ।
ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਨੇ ਵੀ ਆਪਣੀ ਵਰਦੀ ‘ਤੇ ਹਰਜੀਤ ਸਿੰਘ ਦੇ ਨਾਮ ਦਾ ਬੈਜ ਲਗਾਇਆ। ਹਰਜੀਤ ਸਿੰਘ ਇਸ ਸਮੇਂ ਪੀਜੀਆਈ ਚੰਡੀਗੜ੍ਹ ਵਿਖੇ ਜੇਰੇ ਇਲਾਜ ਹਨ। ਇਹ ਹਰਜੀਤ ਸਿੰਘ ਉਹੀ ਹੈ, ਜਿਸ ਦਾ ਪਟਿਆਲਾ ਦੀ ਸਬਜ਼ੀ ਮੰਡੀ ‘ਚ ਲੰਘੀ 12 ਅਪ੍ਰੈਲ ਨੂੰ ਡਿਊਟੀ ਦੌਰਾਨ ਇੱਕ ਸ਼ਰਾਰਤੀ ਅਨਸਰ ਨੇ ਕ੍ਰਿਪਾਨ ਨਾਲ ਹੱਥ ਵੱਢ ਸੁੱਟਿਆ ਸੀ ਅਤੇ ਬਾਅਦ ਵਿਚ ਏਐੱਸਆਈ ਹਰਜੀਤ ਸਿੰਘ ਹੱਥ ਪੀਜੀਆਈ ਦੇ ਮਾਹਿਰ ਡਾਕਟਰ ਸਫ਼ਲਤਾਪੂਰਬਕ ਜੋੜ ਚੁੱਕੇ ਹਨ। ਹਰਜੀਤ ਸਿੰਘ ਦੀ ਡਿਊਟੀ ਪ੍ਰਤੀ ਇਮਾਨਦਾਰੀ ਨੂੰ ਦੇਖਦੇ ਹੋਏ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਹਰਜੀਤ ਸਿੰਘ ਨੂੰ ਏਐਸਆਈ ਤੋਂ ਪ੍ਰਮੋਟ ਕਰਕੇ ਸਬ ਇੰਸਪੈਕਟਰ ਬਣਾ ਦਿੱਤਾ ਝਭ
ਸਬ-ਇੰਸਪੈਕਟਰ ਹਰਜੀਤ ਸਿੰਘ ਦੇ ਹੱਥ ‘ਚ ਹਰਕਤ ਪਰਤੀ
ਚੰਡੀਗੜ੍ਹ : ਪਟਿਆਲਾ ਵਿਚ ਕਰਫ਼ਿਊ ਦੌਰਾਨ ਹੋਏ ਹਮਲੇ ‘ਚ ਗੰਭੀਰ ਜ਼ਖ਼ਮੀ ਹੋਏ ਸਬ ਇੰਸਪੈਕਟਰ ਹਰਜੀਤ ਸਿੰਘ ਦੇ ਹੱਥ ਵਿਚ ਹਰਕਤ ਪਰਤ ਆਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਪੂਰਾ ਪੰਜਾਬ ਐੱਸਆਈ ਹਰਜੀਤ ਸਿੰਘ ਦੀ ਹਮਾਇਤ ਵਿਚ ਅੱਗੇ ਆਇਆ ਤੇ ਸੋਸ਼ਲ ਮੀਡੀਆ ‘ਤੇ ਕਈ ਪੋਸਟ ਨਜ਼ਰ ਆਏ। ਮੁੱਖ ਮੰਤਰੀ ਨੇ ਹਰਜੀਤ ਦੀ ਵੀਡੀਓ ਟਵੀਟ ਕਰਕੇ ਟਿੱਪਣੀ ਕੀਤੀ ‘ਮੈਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਉਹ ਠੀਕ ਹੋ ਰਹੇ ਹਨ ਅਤੇ ਉਨ੍ਹਾਂ ਦੇ ਹੱਥ ਵਿੱਚ ਹਰਕਤ ਮੁੜ ਸ਼ੁਰੂ ਹੋ ਗਈ ਹੈ।’ ਲੰਘੇ ਕੁਝ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੇਰੇ ਇਲਾਜ ਹਰਜੀਤ ਸਿੰਘ ਨਾਲ ਫੋਨ ‘ਤੇ ਗੱਲਬਾਤ ਵੀ ਕੀਤੀ ਸੀ ਅਤੇ ਕਿਹਾ ਕਿ ਤੁਸੀਂ ਸੱਚਮੁੱਚ ਹੀ ਬਹੁਤ ਬਹਾਦੁਰ ਹੋ।
ਸਿਹਤਯਾਬ ਹੋ ਕੇ ਪੀਜੀਆਈ ਤੋਂ ਘਰ ਪਰਤੇ ਹਰਜੀਤ ਸਿੰਘ
ਪਟਿਆਲਾ : ਲੰਘੇ ਦਿਨੀਂ ਸਨੌਰ ਰੋਡ ‘ਤੇ ਸਥਿਤ ਪਟਿਆਲਾ ਦੀ ਸਬਜੀ ਮੰਡੀ ਵਿਖੇ ਕਰੋਨਾ ਦੇ ਚਲਦਿਆਂ ਕਰਫ਼ਿਊ ਦੌਰਾਨ ਡਿਊਟੀ ਨਿਭਾ ਰਹੇ ਪੁਲਿਸ ਅਧਿਕਾਰੀ ਹਰਜੀਤ ਸਿੰਘ ਦਾ ਕਥਿਤ ਨਿਹੰਗ ਬਾਣੇ ‘ਚ ਆਏ ਕੁੱਝ ਲੋਕਾਂ ਨੇ ਹਮਲਾ ਕਰਕੇ ਹੱਥ ਕੱਟ ਦਿੱਤਾ ਸੀ। ਪੀਜੀਆਈ ਦੇ ਡਾਕਟਰਾਂ ਨੇ ਸਖਤ ਮਿਹਨਤ ਕਰਦਿਆਂ ਹਰਜੀਤ ਸਿੰਘ ਦਾ ਹੱਥ ਜੋੜ ਦਿੱਤਾ ਸੀ ਅਤੇ ਹੁਣ ਉਨ੍ਹਾਂ ਦਾ ਹੱਥ ਠੀਕ ਹੋ ਰਿਹਾ ਹੈ ਅਤੇ ਹੱਥ ਦੀਆਂ ਉਂਗਲਾਂ ਵਿਚ ਮੂਵਮੈਂਟ ਵੀ ਸ਼ੁਰੂ ਹੋ ਗਈ ਹੈ। ਹਰਜੀਤ ਸਿੰਘ ਅੱਜ ਪੀਜੀਆਈ ਚੰਡੀਗੜ੍ਹ ਤੋਂ ਸਿਹਤਯਾਬ ਹੋ ਕੇ ਆਪਣੇ ਘਰ ਪਰਤ ਆਏ। ਘਰ ਪਰਤਣ ‘ਤੇ ਮਨਦੀਪ ਸਿੰਘ ਸਿੱਧੂ ਐੱਸ.ਐੱਸ.ਪੀ ਪਟਿਆਲਾ ਅਤੇ ਪੂਰੇ ਪੁਲਿਸ ਪ੍ਰਸ਼ਾਸਨ ਨੇ ਬੈਂਡ ਵਾਜੇ ਨਾਲ ਹਰਜੀਤ ਸਿੰਘ ਦਾ ਜ਼ੋਰਦਾਰ ਸਵਾਗਤ ਕੀਤਾ। ਇਸ ਮੌਕੇ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਹਰਜੀਤ ਸਿੰਘ ਦੀ ਬਹਾਦਰੀ ਬਦਲੇ ਉਨ੍ਹਾਂ ਬੇਟੇ ਅਰਸ਼ਪ੍ਰੀਤ ਨੂੰ ਬਤੌਰ ਕਾਂਸਟੇਬਲ ਭਰਤੀ ਕੀਤਾ ਗਿਆ ਹੈ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …