Breaking News
Home / ਪੰਜਾਬ / ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਨਹੀਂ ਰਹੇ

ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਨਹੀਂ ਰਹੇ

ਕੋਰੋਨਾ ਵਾਇਰਸ ਨੇ ਲਈ ਜਾਨ
ਵੇਰਕਾ ਖੇਤਰ ‘ਚ ਸ਼ਮਸ਼ਾਨਘਾਟ ‘ਚ ਸਸਕਾਰ ਕਰਨ ਦਾ ਵੀ ਲੋਕਾਂ ਨੇ ਕੀਤਾ ਵਿਰੋਧ
ਅੰਮ੍ਰਿਤਸਰ/ਬਿਊਰੋ ਨਿਊਜ਼
ਸ੍ਰੀ ਹਰਿਮੰਦਰ ਸਾਹਿਬ ‘ਚ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਹੁਣ ਇਸ ਦੁਨੀਆ ‘ਚ ਨਹੀਂ ਰਹੇ। ਉਹ 68 ਸਾਲਾਂ ਦੇ ਸਨ। ਉਨ੍ਹਾਂ ਅੱਜ ਸਵੇਰੇ 4:30 ਵਜੇ ਆਖ਼ਰੀ ਸਾਹ ਲਿਆ। ਹਾਲੇ ਲੰਘੇ ਕੱਲ੍ਹ ਹੀ ਉਨ੍ਹਾਂ ਦੇ ਕੋਰੋਨਾ ਵਾਇਰਸ ਦੀ ਲਪੇਟ ‘ਚ ਆਉਣ ਦੀ ਖ਼ਬਰ ਆਈ ਸੀ। ਭਾਈ ਨਿਰਮਲ ਸਿੰਘ ਖਾਲਸਾ ਦੇ ਦੇਹਾਂਤ ਦੀ ਖ਼ਬਰ ਪੰਜਾਬ ਦੇ ਵਿਸ਼ੇਸ਼ ਮੁੱਖ ਸਕੱਤਰ ਸ੍ਰੀ ਕੇ.ਬੀ.ਐੱਸ. ਸਿੱਧੂ ਨੇ ਆਪਣੇ ਟਵੀਟ ਰਾਹੀਂ ਦਿੱਤੀ। ਪੰਜਾਬ ‘ਚ ਕੋਰੋਨਾ ਵਾਇਰਸ ਕਾਰਨ ਹੋਈ ਇਹ 5ਵੀਂ ਮੌਤ ਹੈ। ਭਾਈ ਨਿਰਮਲ ਸਿੰਘ ਖ਼ਾਲਸਾ ਹੁਰਾਂ ਨੂੰ ਲੰਘੀ 30 ਮਾਰਚ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਸੀ। ਪਰ ਅੱਜ ਉਹ ਦਿਲ ਦੀ ਧੜਕਣ ਰੁਕ ਜਾਣ ਕਾਰਨ ਸਦੀਵੀ ਵਿਛੋੜਾ ਦੇ ਗਏ। ਖਾਲਸਾ ਜੀ ਦੀ ਮੌਤ ‘ਤੇ ਪੰਜਾਬ ਦੇ ਮੁੱਖ ਮੰਤਰੀ, ਤਖਤਾਂ ਦੇ ਸਿੰਘ ਸਾਹਿਬਾਨਾਂ, ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦੇ ਆਗੂਆਂ ਤੇ ਹੋਰ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਨਾਲ-ਨਾਲ ਸਮੁੱਚੇ ਸਿੱਖ ਜਗਤ ਨੇ ਗਹਿਰਾ ਅਫ਼ਸੋਸ ਜਾਹਿਰ ਕੀਤਾ ਹੈ। ਜ਼ਿਕਰਯੋਗ ਹੈ ਕਿ ਕੁੱਝ ਮੀਡੀਆ ਅਦਾਰਿਆਂ ਵੱਲੋਂ ਇਹ ਖਬਰ ਨਸ਼ਰ ਕੀਤੀ ਗਈ ਕਿ ਭਾਈ ਨਿਰਮਲ ਸਿੰਘ ਖਾਲਸਾ ਹਾਲ ਹੀ ਵਿਚ ਵਿਦੇਸ਼ੋਂ ਪਰਤੇ ਸਨ ਜਦੋਂਕਿ ਮਿਲੀ ਜਾਣਕਾਰੀ ਅਨੁਸਾਰ ਉਹ ਅਕਤੂਬਰ-ਨਵੰਬਰ ਮਹੀਨੇ ਦੇ ਦਰਮਿਆਨ ਹੀ ਇੰਗਲੈਂਡ ਤੋਂ ਭਾਰਤ ਆ ਗਏ ਸਨ ਹਾਂ ਇੰਨਾ ਜ਼ਰੂਰ ਹੈ ਕਿ ਲੰਘੇ ਦਿਨਾਂ ‘ਚ ਉਹ ਭਾਰਤ ਅਤੇ ਪੰਜਾਬ ਵਿਚ ਵੱਖੋ-ਵੱਖ ਥਾਵਾਂ ‘ਤੇ ਧਾਰਮਿਕ ਸਮਾਗਮਾਂ ‘ਚ ਸ਼ਿਰਕਤ ਕਰਦੇ ਰਹੇ ਹਨ ਜਿਨ੍ਹਾਂ ਵਿਚ ਚੰਗੀਗੜ੍ਹ ਦੇ ਵੀ ਇਕ ਸਮਾਗਮ ਦਾ ਜ਼ਿਕਰ ਆ ਰਿਹਾ ਹੈ। ਅੱਜ ਜਦੋਂ ਭਾਈ ਨਿਰਮਲ ਸਿੰਘ ਖਾਲਸਾ ਦੀ ਮ੍ਰਿਤਕ ਦੇਹ ਨੂੰ ਸਸਕਾਰ ਕਰਨ ਲਈ ਵੇਰਕਾ ਖੇਤਰ ਦੇ ਸ਼ਮਸ਼ਾਨਘਾਟ ਵਿਖੇ ਲਿਆਂਦਾ ਗਿਆ ਤਾਂ ਇਲਾਕੇ ਦੇ ਲੋਕਾਂ ਨੇ ਸ਼ਮਸ਼ਾਨਘਾਟ ਘੇਰ ਲਿਆ ਅਤੇ ਲੋਕੀ ਕਹਿ ਰਹੇ ਸਨ ਕਿ ਅਸੀਂ ਕਿ ਇਥੇ ਸਸਕਾਰ ਨਹੀਂ ਕਰਨ ਦਿਆਂਗੇ।

Check Also

ਪੰਜਾਬ ਪੁਲਿਸ ਨੇ ਇੰਟਰ ਸਟੇਟ ਸਾਈਬਰ ਗਿਰੋਹ ਫੜਿਆ

ਅਸਾਮ ਪੁਲਿਸ ਦੀ ਮੱਦਦ ਨਾਲ ਚਲਾਇਆ ਗਿਆ ਸੀ ਇਹ ਅਪਰੇਸ਼ਨ ਚੰਡੀਗੜ੍ਹ/ਬਿਊਰੋ ਨਿਊਜ਼ ਲੁਧਿਆਣਾ ਦੀ ਪੁਲਿਸ …